ਨਿਊਯਾਰਕ ‘ਚ ਬਲੈਕ ਲਾਈਵਜ਼ ਮੈਟਰ ਸਮੂਹ ਦੇ ਪ੍ਰਦਰਸ਼ਨਕਾਰੀਆਂ ‘ਤੇ ਚੜਾਈ ਕਾਰ

264
Share

ਫਰਿਜ਼ਨੋ, 13 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਨਿਊਯਾਰਕ ‘ਚ ਇੱਕ ਕਾਰ ਡਰਾਈਵਰ ਦੁਆਰਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਾਰ ਨਾਲ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪੁਲਿਸ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਨਿਊਯਾਰਕ ਸਿਟੀ ਵਿਚ 50 ਦੇ ਕਰੀਬ ਪ੍ਰਦਰਸ਼ਨਕਾਰੀਆਂ ਦੀ ਭੀੜ ਵਿਚ ਕਾਰ ਨਾਲ ਟੱਕਰ ਮਾਰਨ ਵਾਲੇ ਇੱਕ ਡਰਾਈਵਰ ਉੱਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਗਿਆ ਹੈ। ਇਸ ਵਾਪਰੀ ਘਟਨਾ ਦੌਰਾਨ ਮੈਨਹੱਟਨ ‘ਚ ਬਲੈਕ ਲਾਈਵਜ਼ ਮੈਟਰ ਨਸਲੀ ਜਸਟਿਸ ਦੇ ਵਿਰੋਧ ਵਿਚ ਛੇ ਵਿਅਕਤੀ ਇਸ ਵਾਹਨ ਨਾਲ ਟਕਰਾ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਿਸ ਵੱਲੋਂ ਕਾਰ ਚਲਾ ਰਹੀ ਔਰਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ। ਇਸ ਹਾਦਸੇ ਸੰਬੰਧੀ ਇੱਕ ਵੀਡੀਓ ਵਿਚ, ਸ਼ਹਿਰ ਦੇ ਵਿਅਸਤ ਇਲਾਕੇ ਵਿਚ ਪੈਦਲ ਪ੍ਰਦਰਸ਼ਨਕਾਰੀਆਂ ਵੱਲ ਆ ਰਹੀ ਕਾਰ ਅਚਾਨਕ ਤੇਜ਼ ਹੋ ਕੇ ਉਨ੍ਹਾਂ ਨਾਲ ਟਕਰਾ ਗਈ ਅਤੇ ਕਈ ਲੋਕ ਇਸ ਟੱਕਰ ਨਾਲ ਜ਼ਮੀਨ ‘ਤੇ ਡਿੱਗਣ ਕਾਰਨ ਜ਼ਖਮੀ ਹੋਏ। ਹਾਦਸੇ ਵਾਲੇ ਦਿਨ ਬਲੈਕ ਲਾਈਵਜ਼ ਮੈਟਰ ਸਮੂਹ ਦੁਆਰਾ ਕੀਤਾ ਨਿਊਜਰਸੀ ਵਿਚ ਇਮੀਗ੍ਰੇਸ਼ਨ ਨਜ਼ਰਬੰਦੀਆਂ ਦੁਆਰਾ ਕੀਤੀ ਭੁੱਖ ਹੜਤਾਲ ਵੱਲ ਧਿਆਨ ਖਿੱਚਣ ਲਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਸਤੰਬਰ ਵਿਚ ਇੱਕ ਡਰਾਈਵਰ ਨੇ ਨਿਊਯਾਰਕ ਸਿਟੀ ਵਿਚ ਬਲੈਕ ਲਾਈਵਜ਼ ਮੈਟਰ ਪ੍ਰਦਰਸ਼ਨਕਾਰੀਆਂ ਦੀ ਭੀੜ ਦੇ ਵਿਚਕਾਰ ਵਾਹਨ ਭਜਾ ਦਿੱਤਾ, ਪਰ ਉਸ ਸਮੇਂ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ।


Share