ਨਿਊਯਾਰਕ ‘ਚ ਟਾਪੂ ‘ਤੇ ਦਫਨਾਈਆਂ ਜਾ ਰਹੀਆਂ ਲਾਸ਼ਾਂ

351
Share

ਨਿਊਯਾਰਕ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਨਿਊਯਾਰਕ ਤੋਂ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਥੇ ਕੋਰੋਨਾਵਾਇਰਸ ਦੇ ਚੱਲਦੇ ਹਰ ਦਿਨ ਹਾਲਾਤ ਵਿਗੜਦੇ ਹੀ ਜਾ ਰਹੇ ਹਨ। ਇਕ ਦਿਨ ਵਿਚ ਔਸਤਨ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਅਜਿਹੇ ਵਿਚ ਇਥੇ ਲਾਸ਼ਾਂ ਦਾ ਢੇਰ ਲੱਗ ਗਿਆ ਹੈ। ਲਿਹਾਜ਼ਾ ਉਨ੍ਹਾਂ ਨੂੰ ਇਕੱਠੇ ਕਬਰਾਂ ਵਿਚ ਦਫਨਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ।
ਹਾਰਟ ਟਾਪੂ ‘ਤੇ ਅਜਿਹੇ ਲੋਕਾਂ ਨੂੰ ਦਫਨਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਇਸ ਦੁਨੀਆਂ ਵਿਚ ਕੋਈ ਨਹੀਂ ਹੈ। ਇਥੋਂ ਆ ਰਹੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਡੀਆਂ-ਵੱਡੀਆਂ ਕਬਰਾਂ ਪੁੱਟੀਆਂ ਜਾ ਰਹੀਆਂ ਹਨ। ਪਹਿਲਾਂ ਇਥੇ ਹਫਤੇ ਵਿਚ ਸਿਰਫ ਇਕ ਦਿਨ ਕਬਰ ਪੁੱਟੀ ਜਾਂਦੀ ਸੀ ਪਰ ਹੁਣ ਇਥੇ ਇਹ ਕੰਮ 5 ਦਿਨ ਹੋ ਰਿਹਾ ਹੈ। ਇਹ ਕੰਮ ਪਹਿਲਾਂ ਸ਼ਹਿਰ ਦੀ ਜੇਲ੍ਹ ਵਿਚ ਬੰਦ ਕੈਦੀ ਕਰਦੇ ਸਨ ਪਰ ਹੁਣ ਲਾਸ਼ਾਂ ਦੀ ਗਿਣਤੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਕਬਰ ਪੁੱਟਣ ਲਈ ਬਾਹਰ ਤੋਂ ਕਾਨਟ੍ਰੈਕਟਰ ਬੁਲਾਏ ਗਏ ਹਨ।
ਕੋਰੋਨਾਵਾਇਰਸ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿਚ ਨਿਊਯਾਰਕ ਨੇ ਇਕੱਲੇ ਦੁਨੀਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਥੇ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਵੀਰਵਾਰ ਨੂੰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ‘ਚ 10 ਹਜ਼ਾਰ ਦਾ ਵਾਧਾ ਦਰਜ ਕੀਤਾ ਗਿਆ ਅਤੇ ਹੁਣ ਇਹ 1 ਲੱਖ 60 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਅਮਰੀਕਾ ‘ਚ ਹੁਣ ਤੱਕ 16,500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕੁੱਲ ਮਿਲਾ ਕੇ ਇਥੇ ਕੋਰੋਨਾਵਾਇਰਸ ਦੇ 4 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।


Share