ਨਿਊਯਾਰਕ ‘ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ ਨੇ ਚੀਨ ਦੇ ਹੁਬੇਈ ਨੂੰ ਪਛਾੜਿਆ

311
Share

ਨਿਊਯਾਰਕ, 1 ਅਪ੍ਰੈਲ (ਪੰਜਾਬ ਮੇਲ)- ਨਿਊਯਾਰਕ ਹੁਣ ਵਿਸ਼ਵ ‘ਚ ਕੋਰੋਨਾਵਾਇਰਸ ਮਹਾਂਮਾਰੀ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਇੱਥੇ ਕੋਵਿਡ-19 ਮਾਮਲਿਆਂ ਦੀ ਗਿਣਤੀ ਚੀਨ ਦੇ ਹੁਬੇਈ ਸੂਬੇ ਨੂੰ ਪਛਾੜ ਗਈ ਹੈ, ਜਿੱਥੇ ਇਹ ਪ੍ਰਕੋਪ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ।
ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਕਿਹਾ ਕਿ ਸੂਬੇ ਨੇ ਰਾਤੋ-ਰਾਤ 9,298 ਨਵੇਂ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਕੁੱਲ ਕਨਫਰਮਡ ਮਾਮਲੇ 75,795 ਹੋ ਗਏ ਹਨ। ਉਧਰ ਜੌਨਸ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ, ਚੀਨ ਦੇ ਹੁਬੇਈ ਸੂਬੇ ‘ਚ ਪਿਛਲੇ ਸਾਲ ਦਸੰਬਰ ‘ਚ ਵਾਇਰਸ ਦੇ ਉਭਰਨ ਤੋਂ ਬਾਅਦ ਹੁਣ ਤੱਕ 67,801 ਕੇਸਾਂ ਦੀ ਪੁਸ਼ਟੀ ਹੋਈ ਹੈ।
ਨਿਊਯਾਰਕ ਸੂਬੇ ‘ਚ ਕਨਫਰਮਡ ਮਾਮਲਿਆਂ ਵਿਚੋਂ 43,139 ਮਾਮਲੇ ਇਕੱਲੇ ਨਿਊਯਾਰਕ ਸ਼ਹਿਰ ‘ਚ ਹਨ। ਗਵਰਨਰ ਨੇ ਕਿਹਾ ਕਿ ਜਦੋਂ ਤੋਂ ਇਹ ਇੱਥੇ ਆਇਆ ਹੈ, ਅਸੀਂ ਪਹਿਲੇ ਦਿਨ ਤੋਂ ਇਸ ਦੇ ਪਿੱਛੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਵਾਇਰਸ ਨੂੰ ਘੱਟ ਕਰਕੇ ਸਮਝਿਆ ਪਰ ਇਹ ਵਧੇਰੇ ਸ਼ਕਤੀਸ਼ਾਲੀ ਤੇ ਉਮੀਦ ਨਾਲੋਂ ਕਿਤੇ ਖਤਰਨਾਕ ਹੈ।
ਸੰਯੁਕਤ ਰਾਜ ‘ਚ ਟੈਸਟਿੰਗ ਵਿਚ ਦੇਰੀ ਕਾਰਨ ਇਹ ਗੰਭੀਰ ਸਥਿਤੀ ਪੈਦਾ ਹੋਈ ਹੈ। ਹਾਲਾਂਕਿ, ਅਰਥਸ਼ਾਸਤਰੀ ਡੈਰੇਕ ਸੀਜ਼ਰ ਮੁਤਾਬਕ, ਚੀਨ ‘ਚ ਗਿਣਤੀ ਦੀ ਤੁਲਨਾ ਸੰਯੁਕਤ ਰਾਜ ਜਾਂ ਹੋਰ ਦੇਸ਼ਾਂ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਨੇ ਵੱਡੇ ਪੱਧਰ ‘ਤੇ ਟੈਸਟਿੰਗ ਨਹੀਂ ਕੀਤੀ ਹੈ। ਚੀਨ ਨੇ ਉਨ੍ਹਾਂ ਨੂੰ ਗਿਣਤੀ ‘ਚ ਸ਼ਾਮਲ ਨਹੀਂ ਕੀਤਾ ਹੈ, ਜਿਨ੍ਹਾਂ ਦੀ ਟੈਸਟਿੰਗ ਪਾਜ਼ੀਟਿਵ ਸੀ ਪਰ ਲੱਛਣ ਕੋਈ ਨਹੀਂ ਸੀ। ਸੀ.ਐੱਨ.ਬੀ.ਸੀ. ਮੁਤਾਬਕ, ਇਕ ਚੀਨੀ ਸਿਹਤ ਅਧਿਕਾਰੀ ਨੇ ਕਿਹਾ ਕਿ ਚੀਨ ‘ਚ ਇਸ ਤਰ੍ਹਾਂ ਦੇ ਮਾਮਲਿਆਂ ਦੀ ਰਿਪੋਰਟ ਸ਼ੁਰੂ ਕੀਤੀ ਜਾਵੇਗੀ।
ਨਿਊਯਾਰਕ ਦੀ ਆਬਾਦੀ ਚੀਨ ਦੇ ਹੁਬੇਈ ਸੂਬੇ ਨਾਲੋਂ ਇਕ ਤਿਹਾਈ ਹੈ। ਨਿਊਯਾਰਕ 2 ਕਰੋੜ ਲੋਕਾਂ ਦਾ ਘਰ ਹੈ, ਜਦੋਂ ਕਿ ਹੁਬੇਈ ਦੀ ਆਬਾਦੀ ਤਕਰੀਬਨ 6 ਕਰੋੜ ਹੈ। ਨਿਊਯਾਰਕ ‘ਚ ਮਰਨ ਵਾਲਿਆਂ ਦੀ ਗਿਣਤੀ 1,500 ਤੋਂ ਵੱਧ ਹੈ, ਜਦੋਂਕਿ ਇਹ ਹੁਬੇਈ ‘ਚ 3,100 ਤੋਂ ਵੱਧ ਹੈ। ਸਵਾਲ ਇਹ ਹਨ ਕਿ ਕੀ ਨਿਊਯਾਰਕ ਤੇ ਹੁਬੇਈ ਵੱਲੋਂ ਅਧਿਕਾਰਤ ਤੌਰ ‘ਤੇ ਸਹੀ ਗਿਣਤੀ ਪੇਸ਼ ਕੀਤੀ ਜਾ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ, ਨਿਊਯਾਰਕ ‘ਚ ਟੈਸਟ ਕਿੱਟਾਂ ਦੀ ਘਾਟ ਹੈ ਤੇ ਸਿਹਤ ਸੰਭਾਲ ਕਰਮਚਾਰੀ ਸਿਰਫ ਸਭ ਤੋਂ ਬਿਮਾਰ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਹਲਕੇ ਜਾਂ ਬਿਨਾਂ ਕਿਸੇ ਲੱਛਣ ਨਾਲ ਸੰਕ੍ਰਮਿਤ ਲੋਕਾਂ ਦੇ ਅਣਗਿਣਤ ਮਾਮਲੇ ਵਧਣ ਦੀ ਸੰਭਾਵਨਾ ਹੈ।


Share