PUNJABMAILUSA.COM

ਨਾਰਥ ਅਮਰੀਕਾ ਦੇ ‘ਆਪ’ ਕਾਰਕੁੰਨ ਖਹਿਰਾ ਨੂੰ ਹਟਾਏ ਜਾਣ ਤੋਂ ਖਫਾ

 Breaking News

ਨਾਰਥ ਅਮਰੀਕਾ ਦੇ ‘ਆਪ’ ਕਾਰਕੁੰਨ ਖਹਿਰਾ ਨੂੰ ਹਟਾਏ ਜਾਣ ਤੋਂ ਖਫਾ

ਨਾਰਥ ਅਮਰੀਕਾ ਦੇ ‘ਆਪ’ ਕਾਰਕੁੰਨ ਖਹਿਰਾ ਨੂੰ ਹਟਾਏ ਜਾਣ ਤੋਂ ਖਫਾ
August 01
10:31 2018

ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪਿਛਲੇ ਪੰਜ ਸਾਲ ਪਹਿਲਾਂ ਬਣੀ ਆਮ ਆਦਮੀ ਪਾਰਟੀ ਨੇ ਭਾਰਤ, ਖਾਸ ਕਰਕੇ ਪੰਜਾਬੀਆਂ ਅੰਦਰ ਇਕ ਨਵੀਂ ਰਾਜਨੀਤੀ ਅਤੇ ਆਦਰਸ਼ ਦੀ ਚਿਣਗ ਜਗਾਈ ਸੀ। ਆਮ ਆਦਮੀ ਪਾਰਟੀ ਦਾ ਮੁੱਢ 2011 ‘ਚ ਸਮਾਜ ਸੇਵੀ ਅੰਨਾ ਹਜ਼ਾਰੇ ਵੱਲੋਂ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਨਾਅਰੇ ਹੇਠ ਵਿੱਢੇ ਅੰਦੋਲਨ ਵਿਚੋਂ ਹੋਇਆ ਸੀ। ਅੰਨਾ ਹਜ਼ਾਰੇ ਆਪ ਭਾਵੇਂ ਇਸ ਪਾਰਟੀ ਨਾਲ ਜੁੜਨ ਤੋਂ ਪਾਸੇ ਹੀ ਰਹੇ। ਪਰ ਫਿਰ ਵੀ ਕਰੀਬ ਦੋ ਸਾਲ ਚੱਲੇ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਦੌਰਾਨ ਉਭਰੇ ਨੇਤਾਵਾਂ ਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ‘ਚ ਆ ਸ਼ਾਮਲ ਹੋਇਆ ਸੀ। 2014 ਦੀ ਦਿੱਲੀ ਵਿਧਾਨ ਸਭਾ ਚੋਣ ਵਿਚ ਪਾਰਟੀ ਨੂੰ ਮਿਲੀ ਵੱਡੀ ਸਫਲਤਾ ਨੇ ਸਾਰੇ ਦੇਸ਼ ਵਿਚ ਆਮ ਆਦਮੀ ਪਾਰਟੀ ਦੀ ਚਰਚਾ ਕਰਵਾ ਦਿੱਤੀ। ਉਸ ਸਮੇਂ ਦਿੱਲੀ ਵਿਧਾਨ ਸਭਾ ਵਿਚ ‘ਆਪ’ ਨੂੰ ਸਪੱਸ਼ਟ ਬਹੁਗਿਣਤੀ ਨਾ ਮਿਲਣ ਕਾਰਨ ਸਰਕਾਰ ਬਣਾਉਣ ਲਈ ਕਾਂਗਰਸ ਦਾ ਸਹਾਰਾ ਲੈਣਾ ਪਿਆ ਸੀ। ਪਰ 49 ਦਿਨਾਂ ਬਾਅਦ ਹੀ ਇਹ ਸਰਕਾਰ ਡਿੱਗ ਪਈ ਸੀ ਅਤੇ ਸਰਕਾਰ ਨੂੰ ਡੇਗਣ ਦਾ ਸਿਹਰਾ ਅਤੇ ਜ਼ਿੰਮੇਵਾਰੀ ਕਾਂਗਰਸ ਉਪਰ ਪਾਈ ਗਈ ਸੀ। ਪਰ 2015 ਵਿਚ ਦਿੱਲੀ ਵਿਧਾਨ ਸਭਾ ਦੀ ਮੁੜ ਹੋਈ ਚੋਣ ਵਿਚ ਦਿੱਲੀ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਸਹਿਯੋਗ ਦਿੱਤਾ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਹੂੰਝੀਆਂ ਗਈਆਂ। ਕਾਂਗਰਸ ਪਾਰਟੀ ਦਾ ਵਿਧਾਨ ਸਭਾ ਵਿਚ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਜਦਕਿ ਭਾਰਤੀ ਜਨਤਾ ਪਾਰਟੀ ਨੂੰ 70 ਮੈਂਬਰੀ ਵਿਧਾਨ ਸਭਾ ਵਿਚੋਂ ਸਿਰਫ 3 ਸੀਟਾਂ ਹੀ ਨਸੀਬ ਹੋਈਆਂ। ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ਜਿੱਤ ਕੇ ਭਾਰਤ ਦੇ ਪਾਰਲੀਮੈਂਟਰੀ ਚੋਣਾਂ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਸੀ। 2015 ਦੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਉਭਾਰ ਵੀ ਸਿਖਰ ‘ਤੇ ਪੁੱਜ ਚੁੱਕਾ ਸੀ। 2014 ਦੀਆਂ ਹੋਈਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆਂ 13 ਪਾਰਲੀਮੈਂਟ ਸੀਟਾਂ ਵਿਚੋਂ 4 ਵੱਡੇ ਫਰਕ ਨਾਲ ‘ਆਪ’ ਉਮੀਦਵਾਰਾਂ ਨੇ ਜਿੱਤੀਆਂ ਸਨ ਅਤੇ ਚਾਰ ਹੋਰ ਖੇਤਰਾਂ ਵਿਚ ਆਮ ਆਦਮੀ ਪਾਰਟੀ ਵਿਚ ਦੂਜੇ ਨੰਬਰ ‘ਤੇ ਆਈ ਸੀ। ਪਹਿਲੀ ਵਾਰ ਪੰਜਾਬ ਦੇ ਚੋਣ ਮੈਦਾਨ ਵਿਚ ਕੁੱਦੀ ਆਮ ਆਦਮੀ ਪਾਰਟੀ ਨੂੰ ਇਸ ਚੋਣ ਵਿਚ 24 ਫੀਸਦੀ ਵੋਟ ਹਾਸਲ ਹੋਏ ਸਨ। ਪਾਰਲੀਮਾਨੀ ਇਤਿਹਾਸ ਵਿਚ ਇਹ ਪਹਿਲਾ ਮੌਕਾ ਸੀ ਕਿ 2-ਢਾਈ ਸਾਲ ਪਹਿਲਾਂ ਜੰਮੀ ਪਾਰਟੀ ਨੂੰ ਵੋਟਰਾਂ ਨੇ ਏਡਾ ਵੱਡਾ ਹੁੰਗਾਰਾ ਦਿੱਤਾ। ਪੰਜਾਬ ਤੋਂ ਮਿਲੇ ਇਸ ਵੱਡੇ ਹੁੰਗਾਰੇ ਦਾ ਅਸਰ ਵੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਸਪੱਸ਼ਟ ਰੂਪ ਵਿਚ ਦੇਖਣ ਨੂੰ ਮਿਲਿਆ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ‘ਆਪ’ ਦੇ ਦਿੱਲੀ ‘ਚ ਖੜ੍ਹੇ ਕੀਤੇ ਲਗਭਗ ਸਾਰੇ ਹੀ ਉਮੀਦਵਾਰਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ 1 ਸਾਲ ਬਾਅਦ ਇਹ ਕਿਹੜਾ ਕ੍ਰਿਸ਼ਮਾ ਸੀ ਕਿ ਦਿੱਲੀ ਵਿਧਾਨ ਸਭਾ ਵਿਚ ‘ਆਪ’ ਸਾਰਿਆਂ ਨੂੰ ਹੀ ਹੂੰਝਾ ਫੇਰ ਗਈ। ਇਸ ਦਾ ਵੱਡਾ ਕਾਰਨ ਪੰਜਾਬ ਵਿਚ ਪਾਰਟੀ ਦਾ ਆਇਆ ਵੱਡਾ ਉਭਾਰ ਸੀ। ਪੰਜਾਬ ‘ਚ ਜਿੱਤੇ ਚਾਰ ਐੱਮ.ਪੀ. ਅਤੇ ਹਜ਼ਾਰਾਂ ਦੀ ਗਿਣਤੀ ਵਿਚ ਵਰਕਰ ਜਦ ‘ਆਪ’ ਦੀ ਹਮਾਇਤ ਵਿਚ ਦਿੱਲੀ ਦੀਆਂ ਸੜਕਾਂ ਉੱਤੇ ਸਰਗਰਮ ਹੋਏ, ਤਾਂ ਦਿੱਲੀ ਵਿਚ ਵਸਦੇ 18 ਤੋਂ 20 ਫੀਸਦੀ ਪੰਜਾਬੀਆਂ ਨੇ ਇਕਦਮ ਉਨ੍ਹਾਂ ਨਾਲ ਜੁੜਨ ਦਾ ਮਨ ਬਣਾ ਲਿਆ। ਦਿੱਲੀ ਵਿਚ ਉਸ ਸਮੇਂ ਵੀ ਇਸ ਗੱਲ ਦੀ ਚਰਚਾ ਸੀ ਕਿ ਕਾਂਗਰਸ ਦਾ ਸਫਾਇਆ ਹੋਣ ਵਿਚ ਸਭ ਤੋਂ ਅਹਿਮ ਕੰਮ ਇਹ ਹੈ ਕਿ ਦਿੱਲੀ ਵਿਚਲੇ ਪੰਜਾਬੀ ਵੋਟਰ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਜਾ ਖੜ੍ਹੇ ਹੋਏ ਹਨ। ਸ਼ਾਇਦ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਪੰਜਾਬ ਵਿਚ ਤਾਂ ਪੰਜਾਬੀਆਂ ਨੇ ‘ਆਪ’ ਦੇ ਝੰਡੇ ਗੱਡੇ ਹੀ ਸਨ, ਦਿੱਲੀ ਵਿਚਲੀ ਜਿੱਤ ਵਿਚ ਵੀ ਪੰਜਾਬੀਆਂ ਦਾ ਬੜਾ ਵੱਡਾ ਯੋਗਦਾਨ ਸੀ।
ਪੰਜਾਬ ਅੰਦਰ ਹੀ ਨਹੀਂ, ਪੂਰੀ ਦੁਨੀਆਂ ਵਿਚੋਂ ਭਾਰਤ ਅੰਦਰ ਬਦਲਾਅ ਦੀ ਇਸ ਨਵੀਂ ਸ਼ੁਰੂਆਤ ਦਾ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਨੇ ਵੱਧ-ਚੜ੍ਹ ਕੇ ਸਵਾਗਤ ਕੀਤਾ ਅਤੇ ਤਨ, ਮਨ, ਧਨ ਨਾਲ ਮਦਦ ਸ਼ੁਰੂ ਕਰ ਦਿੱਤੀ। ਪਰ ਲੱਗਦਾ ਹੈ ਕਿ ਦਿੱਲੀ ਲੀਡਰਸ਼ਿਪ, ਖਾਸਕਰਕੇ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਦੇ ਯੋਗਦਾਨ ਅਤੇ ਸੁਭਾਅ ਦੀ ਸਮਝ ਹੀ ਨਹੀਂ ਪਈ ਅਤੇ ਨਾ ਹੀ ਕਦੇ ਉਹ ਪੰਜਾਬੀਆਂ ਵੱਲੋਂ ਦਿੱਤੇ ਗਏ ਵੱਡੇ ਸਹਿਯੋਗ ਦੇ ਕਦਰਦਾਨ ਹੀ ਹੋਏ। ਅਸਲ ਵਿਚ ਮੱਧ ਵਰਗੀ ਅਤੇ ਤੰਗ ਨਜ਼ਰ ਸੋਚ ਦੇ ਮਾਲਕ ਅਰਵਿੰਦ ਕੇਜਰੀਵਾਲ ਮੁੱਢਲੇ ਦੌਰ ਵਿਚ ਹੋਈਆਂ ਜਿੱਤਾਂ ਅਤੇ ਪ੍ਰਾਪਤੀਆਂ ਨੂੰ ਮਜ਼ਬੂਤ ਕਰਨ ਲਈ ਵਿਸ਼ਾਲ ਹਿਰਦੇ ਅਤੇ ਡੂੰਘੀ ਸੋਚ ਨਾਲ ਕੰਮ ਕਰਨ ਦਾ ਮਨ ਨਹੀਂ ਬਣਾ ਸਕੇ। ਇਸ ਦੇ ਉਲਟ ਉਹ ਆਮ ਆਦਮੀ ਪਾਰਟੀ ਦੇ ਉਭਾਰ ਨੂੰ ਆਪਣੇ ਦੁਆਲੇ ਹੀ ਘੁੰਮਾਉਣ ਦੀ ਬਿਰਤੀ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਇਹ ਲੱਗਣ ਲੱਗ ਪਿਆ ਕਿ ਜਿਵੇਂ ਸਾਰਾ ਦੇਸ਼ ਉਨ੍ਹਾਂ ਦੇ ਹੀ ਇਸ਼ਾਰਿਆਂ ਉਪਰ ਘੁੰਮ ਰਿਹਾ ਹੋਵੇ। ਅਰਵਿੰਦ ਕੇਜਰੀਵਾਲ ਦੀ ਮਨਮਾਨੇ ਢੰਗ ਨਾਲ ਕੰਮ ਕਰਨ ਵਾਲੀ ਤਾਨਾਸ਼ਾਹੀ ਤਰਜ਼ ਦੀ ਇਸ ਬਿਰਤੀ ਨੇ ਆਮ ਆਦਮੀ ਪਾਰਟੀ ਨੂੰ ਮੁੱਢ ਤੋਂ ਹੀ ਨਵੇਂ ਤੋਂ ਨਵੇਂ ਸੰਕਟਾਂ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਪਾਰਟੀ ਖੜ੍ਹੇ ਕਰਨ ਵਾਲੇ ਮੋਢੀ ਆਗੂਆਂ, ਸੁਪਰੀਮ ਕੋਰਟ ਦੇ ਉੱਘੇ ਵਕੀਲ ਅਤੇ ਭਾਰਤ ਦੇ ਸਾਬਕਾ ਮੰਤਰੀ ਸ਼ਾਂਤੀ ਭੂਸ਼ਨ ਅਤੇ ਉਨ੍ਹਾਂ ਦੇ ਪੁੱਤਰ ਪ੍ਰਸ਼ਾਂਤ ਭੂਸ਼ਨ, ਉੱਘੇ ਕਾਲਮ ਨਵੀਸ ਜੁਗਿੰਦਰ ਯਾਦਵ, ਸੇਵਾਮੁਕਤ ਆਈ.ਪੀ.ਐੱਸ. ਅਫਸਰ ਕਿਰਨ ਬੇਦੀ ਸਮੇਤ ਵੱਡੀ ਗਿਣਤੀ ਵਿਚ ਬੁੱਧੀਜੀਵੀ, ਸਰਕਾਰੀ ਅਧਿਕਾਰੀ ਅਤੇ ਵੱਡੇ-ਵੱਡੇ ਸਮਾਜ ਸੇਵਕ ਕੇਜਰੀਵਾਲ ਦੀ ਤੰਗ ਨਜ਼ਰੀ ਦਾ ਸ਼ਿਕਾਰ ਹੋ ਕੇ ਪਾਰਟੀ ਤੋਂ ਵੱਖ ਹੋ ਗਏ। 2017 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ‘ਆਪ’ ਦੇ ਹੱਕ ਵਿਚ ਲੋਕਾਂ ਦਾ ਹੜ੍ਹ ਵੱਗ ਪਿਆ ਸੀ। ਪੂਰੀ ਦੁਨੀਆਂ ਵਿਚ ਵਸੇ ਪੰਜਾਬੀਆਂ ਨੂੰ ਇਕ ਨਵੀਂ ਆਸ ਦੀ ਕਿਰਨ ਦਿਖਾਈ ਦੇਣ ਲੱਗੀ ਸੀ। ਵੱਖ-ਵੱਖ ਮੁਲਕਾਂ ਵਿਚ ਵੱਡੀ ਪੱਧਰ ‘ਤੇ ‘ਆਪ’ ਦੇ ਯੂਨਿਟ ਵੀ ਖੜ੍ਹੇ ਹੋ ਗਏ। ਵਿਦੇਸ਼ਾਂ ਵਿਚ ਆਏ ‘ਆਪ’ ਆਗੂਆਂ ਵੱਲੋਂ ਬੁਲਾਏ ਇਕੱਠਾਂ ਵਿਚ ਵੱਡੀ ਗਿਣਤੀ ਵਿਚ ਪ੍ਰਵਾਸੀ ਭਾਰਤੀ ਇਕੱਠੇ ਹੁੰਦੇ ਰਹੇ। ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀਆਂ ਨੇ ਬਦਲਾਅ ਦੀ ਇਸ ਲਹਿਰ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਪੰਜਾਬੀ ਆਪਣਾ ਸੁਨੇਹਾ ਦੇਣ ਲਈ ਪੰਜਾਬ ਵਿਚ ਵੀ ਗਏ। ਚੋਣਾਂ ਤੋਂ ਪਹਿਲਾਂ ਹਰ ਕੋਈ ਇਹ ਕਹਿਣ ਲੱਗ ਪਿਆ ਸੀ ਕਿ ਪੰਜਾਬ ਅੰਦਰ ਅਗਲੀ ਸਰਕਾਰ ‘ਆਪ’ ਦੀ ਬਣਨ ਬਾਰੇ ਕੰਧ ਉਪਰ ਲਿਖਿਆ ਜਾ ਚੁੱਕਾ ਹੈ। ਪਰ ਕੇਜਰੀਵਾਲ ਅਤੇ ਉਨ੍ਹਾਂ ਦੇ ਦੁਆਲੇ ਇਕੱਤਰ ਜੁੰਡਲੀ ਦਾ ਦਿਮਾਗ ਪੰਜਾਬ ਅਤੇ ਦੁਨੀਆਂ ਭਰ ਵਿਚ ਵਸੇ ਪੰਜਾਬੀਆਂ ਅੰਦਰ ‘ਆਪ’ ਦੀ ਚੜ੍ਹਤ ਨੇ ਇੰਨਾ ਖਰਾਬ ਕਰ ਦਿੱਤਾ ਕਿ ਉਹ ਪੰਜਾਬੀਆਂ ਨੂੰ ਹਰ ਹੀਲੇ ਆਪਣੇ ਵਸ ਵਿਚ ਰੱਖਣ ਦੇ ਰਾਹ ਪੈ ਤੁਰੇ। ਪੰਜਾਬ ਦੇ ਲੋਕਾਂ ਦੀ ਵਾਂਗਡੋਰ ਪੰਜਾਬ ਦੇ ਹੱਥ ਫੜਾਉਣ ਦੀ ਬਜਾਏ, ਕੇਜਰੀਵਾਲ ਨੇ ਹਰ ਜ਼ਿਲ੍ਹੇ, ਤਹਿਸੀਲ ਅਤੇ ਵਿਧਾਨ ਸਭਾ ਹਲਕੇ ਵਿਚ ਆਪਣੇ ਪਿਆਦੇ ਲਿਆ ਬਿਠਾਏ। ਸਟੇਟ ਪੱਧਰ ਉੱਤੇ ਵੀ ਆਪਣੇ ਦਿੱਲੀ ਵਾਲੇ ਨੁਮਾਇੰਦੇ ਥੋਪ ਦਿੱਤੇ। ਇਸੇ ਤਰ੍ਹਾਂ ਵਿਦੇਸ਼ਾਂ ਵਿਚ ਵੀ ਗੈਰ ਪੰਜਾਬੀਆਂ ਨੂੰ ਇੰਚਾਰਜ ਥਾਪ ਦਿੱਤਾ ਗਿਆ। ਪੰਜਾਬੀਆਂ ਨੂੰ ਲੀਡਰਸ਼ਿਪ ਤੋਂ ਨਿਹੱਥੇ ਕਰਨ ਦਾ ਇਹ ਤਰੀਕਾ ਮੁੱਢ ਤੋਂ ਹੀ ਬਹੁਤ ਸਾਰੇ ਆਗੂਆਂ ਨੂੰ ਪਸੰਦ ਨਹੀਂ ਸੀ ਆਇਆ। ਇਹੀ ਕਾਰਨ ਹੈ ਕਿ ਜਿਹੜਾ ਕੋਈ ਵੀ ਉਨ੍ਹਾਂ ਦੀ ਤਾਨਾਸ਼ਾਹੀ ਰੁਚੀ ਵਿਰੁੱਧ ਉਂਗਲ ਉਠਾਉਣ ਦੀ ਕੋਸ਼ਿਸ਼ ਕਰਦਾ, ਉਸ ਦੀ ਉਂਗਲ ਹੀ ਵੱਢ ਸੁੱਟਣ ਦੀ ਕੋਸ਼ਿਸ਼ ਕੀਤੀ ਗਈ। ਪਟਿਆਲਾ ਤੋਂ ਜਿੱਤੇ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਫਤਿਹਗੜ੍ਹ ਸਾਹਿਬ ਤੋਂ ਜਿੱਤੇ ਸ. ਹਰਿੰਦਰ ਸਿੰਘ ਖਾਲਸਾ ਕੇਜਰੀਵਾਲ ਦੀ ਇਸ ਨੀਤੀ ਦਾ ਸ਼ਿਕਾਰ ਬਣੇ। ਉਸ ਤੋਂ ਬਾਅਦ ਜਦ ਪਾਰਟੀ ਪੂਰੇ ਉਭਾਰ ਵਿਚ ਸੀ, ਤਾਂ ਬੜੀ ਸਰਗਰਮੀ ਅਤੇ ਸ਼ਿੱਦਤ ਨਾਲ ਕੰਮ ਕਰਨ ਵਾਲੇ ਪੰਜਾਬ ਦੇ ਪ੍ਰਧਾਨ ਸ. ਸੁੱਚਾ ਸਿੰਘ ਛੋਟੇਪੁਰ ਨੂੰ ਹਟਾ ਕੇ ਉਨ੍ਹਾਂ ਦਾ ਪਿਛਲੱਗ ਬਣ ਕੇ ਚੱਲਣ ਵਾਲੇ ਆਗੂ ਨੂੰ ਪ੍ਰਧਾਨ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ। ਇਕ ਸਾਜ਼ਿਸ਼ ਤਹਿਤ ਮਾਮੂਲੀ ਜਿਹੀ ਰਿਸ਼ਵਤ ਦਾ ਦੋਸ਼ ਲਗਾ ਕੇ, ਬਿਨਾਂ ਕੋਈ ਨੋਟਿਸ ਦਿੱਤਿਆਂ ਸ. ਛੋਟੇਪੁਰ ਨੂੰ ਅਹੁਦੇ ਤੋਂ ਲਾਹ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਦੇ ਮੱਥੇ ਤਾਂ ਉਸੇ ਸਮੇਂ ਠਣਕ ਗਏ ਸਨ ਕਿ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਪੰਜਾਬੀਆਂ ਨੂੰ ਕਿਸੇ ਵੀ ਤਰ੍ਹਾਂ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ। ਉਸੇ ਸਮੇਂ ਪੰਜਾਬ ਵਿਚ ਪਾਰਟੀ ਦੀ ਵਾਂਗਡੋਰ ਪੰਜਾਬੀਆਂ ਨੂੰ ਸੰਭਾਲੇ ਜਾਣ ਦੀ ਮੰਗ ਪੰਜਾਬ ਅਤੇ ਵਿਦੇਸ਼ਾਂ ਵਿਚ ਵੀ ਬੜੇ ਜ਼ੋਰ ਨਾਲ ਉੱਠੀ ਸੀ। ਪਰ ਬੜੀ ਸਾਜ਼ਿਸ਼ ਅਤੇ ਚਲਾਕੀ ਨਾਲ ਇਸ ਮੰਗ ਨੂੰ ਠੁਕਰਾਇਆ ਜਾਂਦਾ ਰਿਹਾ। ਦਿੱਲੀ ਲੀਡਰਸ਼ਿਪ ਦੀ ਸਾਜ਼ਿਸ਼, ਨਾਲਾਇਕੀ ਅਤੇ ਅਣਜਾਣਤਾ ਦਾ ਭਾਂਡਾ ਉਸ ਸਮੇਂ ਫੁੱਟ ਗਿਆ, ਜਦ ਯੋਗ ਵਿਅਕਤੀਆਂ ਨੂੰ ਛੱਡ ਕੇ ਤਰਫਦਾਰੀ, ਪੈਸੇ ਅਤੇ ਲਿਹਾਜ਼ਦਾਰੀ ਦੇ ਨਾਂ ਉਪਰ ਟਿਕਟਾਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਅੰਦਰ ਵੱਡਾ ਖਿਲਾਰਾ ਪੈਦਾ ਹੋ ਗਿਆ। ਇਹ ਕਿਹਾ ਜਾ ਸਕਦਾ ਹੈ ਕਿ ‘ਆਪ’ ਨੂੰ ਵੱਡਾ ਹਰਜਾ ਤਾਂ ਪੰਜਾਬ ਅੰਦਰ ਚੋਣਾਂ ਤੋਂ ਪਹਿਲਾਂ ਹੀ ਹੋ ਚੁੱਕਾ ਸੀ। ਪਰ ਚੋਣ ਨਤੀਜਿਆਂ ਨੇ ਲੀਡਰਸ਼ਿਪ ਦੇ ਹੰਕਾਰੀ ਦਾਅਵਿਆਂ ਦੀ ਬੁਰੀ ਤਰ੍ਹਾਂ ਫੂਕ ਕੱਢ ਕੇ ਰੱਖ ਦਿੱਤੀ। 100 ਵਿਧਾਇਕ ਜਿਤਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਸਿਰਫ 20 ਸੀਟਾਂ ਹੀ ਉਪਰ ਹੀ ਮਸਾਂ ਜਿੱਤ ਨਸੀਬ ਹੋਈ। ਉਸ ਤੋਂ ਬਾਅਦ ਵੀ ਲੀਡਰਸ਼ਿਪ ਨੇ ਪਾਰਟੀ ਅੰਦਰ ਜਮਹੂਰੀਅਤ ਅਤੇ ਪੰਜਾਬ ਦੇ ਲੋਕਾਂ ਦੇ ਹੱਥ ਪੰਜਾਬ ਦੀ ਵਾਂਗਡੋਰ ਸੰਭਾਲਣ ਵੱਲ ਕੋਈ ਧਿਆਨ ਨਹੀਂ ਦਿੱਤਾ। ‘ਆਪ’ ਦੀ ਹਮਾਇਤ ‘ਚ ਆਏ ਲੋਕ ਵਾਪਸ ਪਰਤਣੇ ਸ਼ੁਰੂ ਹੋ ਗਏ। ਕੇਜਰੀਵਾਲ ਦਾ ਮਨਮਾਨੇ ਢੰਗ ਅਤੇ ਤਾਨਾਸ਼ਾਹੀ ਵਾਲਾ ਵਤੀਰਾ ਫਿਰ ਉਸ ਸਮੇਂ ਸਾਹਮਣੇ ਆਇਆ, ਜਦ ਪੰਜਾਬ ਲੀਡਰਸ਼ਿਪ ਨੂੰ ਬਿਨਾਂ ਦੱਸੇ ਅਤੇ ਭਰੋਸੇ ਵਿਚ ਲਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗ ਲਈ। ਪੰਜਾਬੀਆਂ ਨੇ ਆਪਣੇ ਸੁਭਾਅ ਮੁਤਾਬਕ ਮੁਆਫੀ ਮੰਗਣ ਦੇ ਵਰਤਾਰੇ ਨੂੰ ਪ੍ਰਵਾਨ ਨਹੀਂ ਕੀਤਾ। ਇਸ ਵਿਰੁੱਧ ਪੰਜਾਬ ਅਤੇ ਵਿਦੇਸ਼ ਵਿਚ ‘ਆਪ’ ਦੇ ਪੰਜਾਬੀ ਆਗੂਆਂ ਵੱਲੋਂ ਤਕੜਾ ਵਿਰੋਧ ਕੀਤਾ ਗਿਆ। ਅਜਿਹਾ ਵਿਰੋਧ ਕਰਨ ਵਾਲਿਆਂ ਵਿਚ ਪੰਜਾਬ ਅੰਦਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਸਭ ਤੋਂ ਅੱਗੇ ਸਨ। ਉਸ ਸਮੇਂ ਤੋਂ ਹੀ ਖਹਿਰਾ, ਕੇਜਰੀਵਾਲ ਦੀਆਂ ਅੱਖਾਂ ਵਿਚ ਰੜਕਣ ਲੱਗ ਪਿਆ ਸੀ। ਮੁਆਫੀ ਵਿਰੁੱਧ ਪਾਰਟੀ ਅੰਦਰੋਂ ਵਿਰੋਧ ਹੋਣ ਨਾਲ ਹੋਈ ਨਮੋਸ਼ੀ ਕਾਰਨ ਕੇਜਰੀਵਾਲ ਖਹਿਰਾ ਨੂੰ ਖੁੱਡੇ ਲਾਉਣ ਲਈ ਮੌਕੇ ਦੀ ਤਾੜ ਵਿਚ ਬੈਠਾ ਸੀ। ਹੁਣ ਜਦੋਂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਪੰਜਾਬ ਦਾ ਵਿਧਾਇਕ ਗਰੁੱਪ ਕਾਂਗਰਸ ਅਤੇ ਅਕਾਲੀ ਦਲ ਦੇ ਖਿਲਾਫ ਜ਼ੋਰਦਾਰ ਲੜਾਈ ਲੜ ਰਿਹਾ ਸੀ, ਤਾਂ ਕੇਜਰੀਵਾਲ ਨੇ ਵਿਧਾਇਕ ਗਰੁੱਪ ਦੀ ਮੀਟਿੰਗ ਬੁਲਾਏ ਬਗੈਰ ਹੀ ਤਾਨਾਸ਼ਾਹੀ ਢੰਗ ਨਾਲ ਸੁਖਪਾਲ ਖਹਿਰਾ ਨੂੰ ਅਹੁਦੇ ਤੋਂ ਲਾਹ ਦਿੱਤਾ ਹੈ। ਇਸ ਵੇਲੇ ਦਿੱਲੀ ਵਾਲਿਆਂ ਦੀਆਂ ਮਨਮਾਨੀਆਂ ਅਤੇ ਤਾਨਾਸ਼ਾਹੀ ਵਿਰੁੱਧ ਪੰਜਾਬ ਅਤੇ ਪ੍ਰਵਾਸੀ ਪੰਜਾਬੀਆਂ ਅੰਦਰ ਵੱਡਾ ਰੋਸ ਅਤੇ ਗੁੱਸਾ ਹੈ। ਵੱਡੀ ਗਿਣਤੀ ‘ਆਪ’ ਨਾਲ ਜੁੜੇ ਪ੍ਰਵਾਸੀ ਪੰਜਾਬੀ ਉਨ੍ਹਾਂ ਨੂੰ ਅਲਵਿਦਾ ਕਹਿ ਗਏ ਹਨ। ਪ੍ਰਵਾਸੀ ਪੰਜਾਬੀਆਂ ਨੇ ਬਦਲਾਅ ਲਈ ਉੱਠਣ ਵਾਲੀ ਹਰੇਕ ਰਾਜਸੀ ਲਹਿਰ ਦੀ ਡੱਟ ਕੇ ਹਮਾਇਤ ਕੀਤੀ ਹੈ ਅਤੇ ਹੁਣ ਮੁੜ ਉਮੀਦ ਰੱਖ ਰਹੇ ਹਨ ਕਿ ਕੋਈ ਨਵੀਂ ਲਹਿਰ ਉੱਠੇ, ਜੋ ਪੰਜਾਬ ਨੂੰ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਗੰਦੀ ਰਾਜਨੀਤੀ ਤੋਂ ਬਾਹਰ ਕੱਢ ਕੇ ਉੱਨਤੀ ਦੇ ਰਾਹ ਲਿਜਾ ਸਕੇ।

About Author

Punjab Mail USA

Punjab Mail USA

Related Articles

ads

Latest Category Posts

    ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

ਪੂਰਬ ਸੀਰੀਆ ਤੋਂ ਹਟਾਏ ਜਾ ਰਹੇ ਅਮਰੀਕੀ ਫ਼ੌਜੀ ਪੱਛਮੀ ਇਰਾਕ ‘ਚ ਕੀਤੇ ਜਾਣਗੇ ਤਾਇਨਾਤ

Read Full Article
    ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

ਅਮਰੀਕਾ ਵਿਚ ਗੂਗਲ ਨੇ ਡਰੋਨ ਰਾਹੀਂ ਪਹਿਲੀ ਡਲਿਵਰੀ ਕੀਤੀ

Read Full Article
    ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

ਭਾਰਤ-ਅਮਰੀਕਾ ਵਿਚਾਲੇ ਦੋ-ਪੱਖੀ ਰੱਖਿਆ ਵਪਾਰ 18 ਅਰਬ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ

Read Full Article
    ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

ਭਾਰਤੀ ਵੇਟਲਿਫਟਰ ਸੁਧਾਕਰ ਜੈਅੰਤ ਦੀ ਗਰੈਂਡ ਕੈਨੀਯਨ ਨੇੜੇ ਕਾਰ ਹਾਦਸੇ ‘ਚ ਮੌਤ

Read Full Article
    ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

ਆਤਮ ਸਮਰਪਣ ਕਰਨ ‘ਚ ਅਸਫਲ ਰਹਿਣ ‘ਤੇ ਭਾਰਤੀ ਮੂਲ ਦੇ ਵਿਅਕਤੀ ਨੂੰ 9 ਮਹੀਨੇ ਦੀ ਵਾਧੂ ਸਜ਼ਾ

Read Full Article
    ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

ਟਰੰਪ ਕੈਬਨਿਟ ਤੋਂ ਊਰਜਾ ਮੰਤਰੀ ਰਿਕ ਪੇਰੀ ਨੇ ਦਿੱਤਾ ਅਸਤੀਫ਼ਾ

Read Full Article
    ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਦਾ ਅਕਾਊਂਟ ਬੰਦ ਕਰਨ ਤੋਂ ਕੀਤਾ ਮਨ੍ਹਾਂ

Read Full Article
    ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

ਭਾਰਤੀ ਮੂਲ ਦਾ ਅਮਰੀਕੀ ਕਾਰ ‘ਚ ਲਾਸ਼ ਲੈ ਕੇ ਪੁੱਜਾ ਥਾਣੇ

Read Full Article
    ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

ਰੋਜ਼ਵਿਲ ਵਿਚ ਭਾਰਤੀ ਵੱਲੋਂ ਪਰਿਵਾਰ ਦੇ 4 ਜੀਆਂ ਦੀ ਹੱਤਿਆ

Read Full Article
    ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

ਕਿਤੇ ਫਿਰ ਤਾਂ ਨਹੀਂ ਅਟਕ ਰਹੀ ਬੰਦੀ ਸਿੰਘਾਂ ਦੀ ਰਿਹਾਈ

Read Full Article
    ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Read Full Article
    ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

ਐਲਕ ਗਰੋਵ ਪੁਲਿਸ ਮੁਖੀ ਨੇ ਕਮਿਸ਼ਨ ਮੈਂਬਰਾਂ ਨਾਲ ਕੀਤੀ ਮੁਲਾਕਾਤ

Read Full Article
    ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

ਹਾਦਸੇ ‘ਚ ਪੰਜਾਬੀ ਨੌਜਵਾਨ ਹਲਾਕ

Read Full Article
    ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

ਸਪੋਕੇਨ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਮਨਾਇਆ

Read Full Article
    ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

ਬੇਕਰਸਫੀਲਡ ਵਿਖੇ ਕਰਵਾਈ 7ਵੀਂ ਸਾਲਾਨਾ ਬਾਈਕ ਰੈਲੀ ਯਾਦਗਾਰੀ ਹੋ ਨਿਬੜੀ

Read Full Article