ਨਾਬਾਲਗ ਕੁੜੀਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ‘ਚ ਅਮਰੀਕੀ ਅਰਬਪਤੀ ਗ੍ਰਿਫਤਾਰ

ਵਾਸ਼ਿੰਗਟਨ, 9 ਜੁਲਾਈ (ਪੰਜਾਬ ਮੇਲ)- ਇਕ ਅਮਰੀਕੀ ਅਰਬਪਤੀ ਜੈਫਰੀ ਐਪਸਟਿਨ ਨੂੰ ਨਾਬਾਲਗ ਕੁੜੀਆਂ ਨੂੰ ਆਪਣੇ ਘਰ ਲਿਆ ਕੇ ਯੌਨ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜੈਫਰੀ ਐਪਸਟਿਨ ਨਾਮ ਦੇ ਅਰਬਪਤੀ ਨੂੰ ਹੁਣ ਘੱਟੋ-ਘੱਟ ਇਕ ਹਫਤੇ ਜੇਲ ਵਿਚ ਰਹਿਣਾ ਪਵੇਗਾ। ਅਮਰੀਕਾ ਦੀ ਫੈਡਰਲ ਜਾਂਚ ਏਜੰਸੀ (ਐੱਫ.ਬੀ.ਆਈ.) ਨੂੰ ਜੈਫਰੀ ਦੇ ਘਰੋਂ ਨਾਬਾਲਗ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਮਿਲੀਆਂ ਸਨ।
ਜੈਫਰੀ ‘ਤੇ ਕਈ ਕੁੜੀਆਂ ਦਾ ਯੌਨ ਸ਼ੋਸ਼ਣ ਕਰਨ ਦਾ ਦੋਸ਼ ਹੈ। ਜੈਫਰੀ ਦੇ ਵਕੀਲ ਨੇ ਕਿਹਾ ਕਿ ਨਾਬਾਲਗ ਕੁੜੀਆਂ ਪਹਿਲਾਂ ਹੀ ਵੇਸਵਾ ਸਨ। ਜੈਫਰੀ ‘ਤੇ ਪਾਮ ਬੀਚ ਅਤੇ ਨਿਊਯਾਰਕ ਵਿਚ ਨਾਬਾਲਗ ਕੁੜੀਆਂ ਨੂੰ ਘਰ ਲਿਆ ਕੇ ਸ਼ੋਸ਼ਣ ਕਰਨ ਦੇ ਦੋਸ਼ ਹਨ। ਇਸ ਲਈ ਕੁੜੀਆਂ ਨੂੰ ਪੈਸੇ ਵੀ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਨੂੰ ਨਵੀਆਂ ਕੁੜੀਆਂ ਲਿਆਉਣ ਲਈ ਕਿਹਾ ਜਾਂਦਾ ਸੀ। ਨਾਬਾਲਗ ਕੁੜੀਆਂ ਤੋਂ ‘ਕਮਰਸ਼ੀਅਲ ਸੈਕਸ ਐਕਟ’ ਕਰਾਉਣ ਸਮੇਤ ਹੋਰ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ‘ਤੇ ਜੈਫਰੀ ਨੂੰ 45 ਸਾਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤ ਵਿਚ ਸੁਣਵਾਈ ਦੌਰਾਨ ਜੈਫਰੀ ਨੇ ਲਿੰਗ ਤਸਕਰੀ ਦੇ ਮਾਮਲੇ ਵਿਚ ਖੁਦ ਨੂੰ ਬੇਕਸੂਰ ਦੱਸਿਆ।
ਇਸਤਗਾਸਾ ਪੱਖ ਨੇ ਜੈਫਰੀ ਨੂੰ ਮੈਨਹਟਨ ਸਥਿਤ 528 ਕਰੋੜ ਦਾ ਘਰ ਛੱਡਣ ਦੀ ਮੰਗ ਕੀਤੀ ਹੈ। ਜਾਂਚ ਕਰਤਾਵਾਂ ਨੂੰ ਉਨ੍ਹਾਂ ਦੇ ਘਰੋਂ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਅਤੇ ਹੋਰ ਚੀਜ਼ਾਂ ਸਬੂਤ ਦੇ ਤੌਰ ‘ਤੇ ਮਿਲੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਅਰਬਪਤੀ ਜੈਫਰੀ ਦੀ ਮੌਜੂਦਾ ਰਾਸ਼ਟਰਪਤੀ ਟਰੰਪ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਸਮੇਤ ਕਈ ਵੱਡੀਆਂ ਹਸਤੀਆਂ ਨਾਲ ਦੋਸਤੀ ਰਹੀ ਹੈ। ਭਾਵੇਂਕਿ ਜੈਫਰੀ ਦੀ ਗ੍ਰਿਫਤਾਰੀ ਦੇ ਬਾਅਦ ਬਿਲ ਕਲਿੰਟਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦੋਸ਼ੀ ਦੇ ਕਾਰਨਾਮਿਆਂ ਬਾਰੇ ਜਾਣਕਾਰੀ ਨਹੀਂ ਸੀ। ਦੋਹਾਂ ਨੇ ਪਿਛਲੇ 10 ਸਾਲਾਂ ਤੋਂ ਗੱਲਬਾਤ ਨਹੀਂ ਕੀਤੀ ਹੈ।