ਨਹੀਂ ਰਹੀ ਤਾਮਿਲ ਨਾਡੂ ਦੀ ਮੁੱਖ ਮੰਤਰੀ ਜੈਲਲਿਤਾ

ਢਾਈ ਮਹੀਨੇ ਤੋਂ ਸੀ ਹਸਪਤਾਲ ਦਾਖ਼ਲ; ਤਿੰਨ ਰੋਜ਼ਾ ਸੋਗ ਦਾ ਐਲਾਨ;
ਪਨੀਰਸੇਲਵਮ ਨੇ ਸੂਬੇ ਦੀ ਕਮਾਨ ਸੰਭਾਲੀ
ਚੇਨਈ, 5 ਦਸੰਬਰ (ਪੰਜਾਬ ਮੇਲ)- ਤਾਮਿਲਨਾਡੂ ਦੀ ਮੁੱਖ ਮੰਤਰੀ ਜੇ ਜੈਲਲਿਤਾ (68) ਦਾ ਇਥੇ ਦੇਰ ਰਾਤ ਅਪੋਲੋ ਹਸਪਤਾਲ ’ਚ ਦੇਹਾਂਤ ਹੋ ਗਿਆ। ਉਹ ਪਿਛਲੇ 74 ਦਿਨਾਂ ਤੋਂ ਹਸਪਤਾਲ ’ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਸੀ। ਉਨ੍ਹਾਂ ਸੋਮਵਾਰ ਨੂੰ ਰਾਤ 11.30 ਵਜੇ ਅੰਤਿਮ ਸਾਹ ਲਿਆ। ਉਨ੍ਹਾਂ ਦੀ ਮੌਤ ’ਤੇ ਤਾਮਿਲਨਾਡੂ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਸੋਗ ਵਜੋਂ ਤਿੰਨ ਦਿਨ ਤਾਮਿਲਨਾਡੂ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਜੈਲਲਿਤਾ ਦੀ ਮੌਤ ਤੋਂ ਬਾਅਦ ਪਾਰਟੀ ਨੇ ਓ ਪਨੀਰਸੇਲਵਮ ਨੂੰ ਏਆਈਏਡੀਐਮਕੇ ਦਾ ਨਵਾਂ ਮੁਖੀ ਥਾਪ ਦਿੱਤਾ ਅਤੇ ਉਨ੍ਹਾਂ ਮੁੱਖ ਮੰਤਰੀ ਵਜੋਂ ਹਲਫ਼ ਲੈ ਲਿਆ ਹੈ।
ਯਾਦ ਰਹੇ ਕਿ ਜੈਲਲਿਤਾ ਨੂੰ ਬੀਤੀ ਰਾਤ ਦਿਲ ਦਾ ਦੌਰਾ ਪੈ ਗਿਆ ਸੀ, ਉਸ ਤੋਂ ਬਾਅਦ ਉਸ ਦੀ ਹਾਲਤ ਲਗਾਤਾਰ ਵਿਗੜਦੀ ਗਈ। ਉਸ ਨੂੰ 22 ਸਤੰਬਰ ਨੂੰ ਦਾਖ਼ਲ ਕਰਵਾਇਆ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਦਾ ਦਾਅਵਾ ਕੀਤਾ ਜਾ ਰਿਹਾ ਸੀ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਹੋਰ ਆਗੂਆਂ ਨੇ ਜੇ ਜੈਲਲਿਤਾ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
24 ਫਰਵਰੀ 1948 ਨੂੰ ਜਨਮੀ ਜੈਲਲਿਤਾ ਜੋ ਆਪਣੇ ਪ੍ਰਸੰਸਕਾਂ ਵਿੱਚ ‘ਅੰਮਾ’ ਵਜੋਂ ਮਸ਼ਹੂਰ ਸੀ, ਨੇ ਫਿਲਮ ਜਗਤ ਤੋਂ ਬਾਅਦ ਸਿਆਸਤ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਪੰਜ ਵਾਰ ਸੂਬੇ ਦੀ ਮੁੱਖ ਮੰਤਰੀ ਬਣੀ। ਉਸ ਨੇ 70ਵਿਆਂ ਦੇ ਅਖ਼ੀਰ ’ਚ ਸਿਆਸਤ ’ਚ ਪ੍ਰਵੇਸ਼ ਕੀਤਾ ਜਦੋਂ ਐਮਜੀ ਰਾਮਚੰਦਰਨ ਸੂਬੇ ਦੇ ਮੁੱਖ ਮੰਤਰੀ ਸਨ। 1982 ’ਚ ਉਹ ਰਾਮਚੰਦਰਨ ਵੱਲੋਂ ਬਣਾਈ ਅੰਨਾਡੀਐਮਕੇ ’ਚ ਸ਼ਾਮਲ ਹੋ ਗਈ ਸੀ। ਅੰਗਰੇਜ਼ੀ ਦੀ ਮੁਹਾਰਤ ਕਰਕੇ ਰਾਮਚੰਦਰਨ ਚਾਹੁੰਦੇ ਸਨ ਕਿ ਉਸ ਨੂੰ ਰਾਜ ਸਭਾ ਭੇਜਿਆ ਜਾਵੇ ਅਤੇ 1984 ਵਿੱਚ ਉਸ ਦੀ ਚੋਣ ਰਾਜ ਸਭਾ ਮੈਂਬਰ ਵਜੋਂ ਹੋਈ। 1984 ਵਿੱਚ ਜਦੋਂ ਰਾਮਚੰਦਰਨ ਅਚਾਨਕ ਬਿਮਾਰ ਹੋਏ ਤਾਂ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਮੁੱਖ ਰੂਪ ’ਚ ਉਭਰਿਆ ਸੀ। 1987 ’ਚ ਐਮਜੀ ਰਾਮਚੰਦਰਨ ਦੀ ਮੌਤ ਤੋਂ ਬਾਅਦ ਪਾਰਟੀ ਦੀ ਅਗਵਾਈ ਨੂੰ ਲੈ ਕੇ ਬੜਾ ਕਲੇਸ਼ ਪਿਆ ਅਤੇ ਪਾਰਟੀ ਦੋਫਾੜ ਹੋ ਗਈ। ਉਸ ਵੇਲੇ ਇਕ ਧੜੇ ਦੀ ਅਗਵਾਈ ਰਾਮਚੰਦਰਨ ਦੀ ਪਤਨੀ ਜਾਨਕੀ ਅਤੇ ਦੂਜੇ ਧੜੇ ਦੀ ਅਗਵਾਈ ਜੈਲਲਿਤਾ ਨੇ ਕੀਤੀ। ਛੇਤੀ ਹੀ ਆਪਣੀ ਸ਼ਖ਼ਸੀਅਤ ਦੇ ਸਿਰ ’ਤੇ ਉਸ ਨੇ ਆਪਣੀ ਪਾਰਟੀ ਵਿੱਚ ਨਵੀਂ ਰੂਹ ਫੂਕ ਦਿੱਤੀ ਅਤੇ 1990 ਤਕ ਪੁੱਜਦਿਆਂ ਉਸ ਨੇ ਪਾਰਟੀ ’ਚ ਏਕਾ ਵੀ ਕਰਵਾ ਲਿਆ। ਇਸ ਤੋਂ ਬਾਅਦ 1991 ਵਿੱਚ ਹੋਈਆਂ ਚੋਣਾਂ ਦੌਰਾਨ ਉਸ ਦੀ ਪਾਰਟੀ ਨੇ ਬਹੁਮਤ ਹਾਸਲ ਕੀਤੀ ਅਤੇ ਉਹ ਪਹਿਲੀ ਵਾਰ ਸੂਬੇ ਦੀ ਮੁੱਖ ਮੰਤਰੀ ਬਣੀ। ਐਮਜੀ ਰਾਮਚੰਦਰਨ ਅਤੇ ਜੈਲਲਿਤਾ ਨੇ ਇਕੱਠਿਆਂ 28 ਫਿਲਮਾਂ ’ਚ ਕੰਮ ਕੀਤਾ।
ਇਸ ਤੋਂ ਪਹਿਲਾਂ ਅਪੋਲੋ ਹਸਪਤਾਲ ਵਿੱਚ ਜੈਲਲਿਤਾ ਨੂੰ ਈਸੀਐਮਓ (ਐਕਸਟਰਾਕੋਰਪੋਰੀਅਲ ਮੈਂਬਰੇਨ ਔਕਸੀਜੀਨੇਸ਼ਨ) ਪ੍ਰਣਾਲੀ ’ਤੇ ਰੱਖਿਆ ਗਿਆ ਸੀ, ਜਿਸ ਦੀ ਵਰਤੋਂ ਦਿਲ ਜਾਂ ਫੇਫੜਿਆਂ ਦੀ ਗੰਭੀਰ ਬਿਮਾਰੀ ਨਾਲ ਪੀੜਤ ਰੋਗੀ ਲਈ ਕੀਤੀ ਜਾਂਦੀ ਹੈ। ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਨੇ ਅੱਜ ਸ਼ਾਮ ਅਪੋਲੋ ਹਸਪਤਾਲ ਦਾ ਦੌਰਾ ਕਰ ਕੇ ਕਰੀਬ ਅੱਧੇ ਘੰਟੇ ਤਕ ਜੈਲਲਿਤਾ ਦੀ ਹਾਲਤ ਬਾਰੇ ਡਾਕਟਰਾਂ ਤੋਂ ਜਾਣਕਾਰੀ ਹਾਸਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤਾਮਿਲ ਨਾਡੂ ’ਚ ਅਮਨ ਕਾਨੂੰਨ ਦੀ ਹਾਲਤ ਖ਼ਰਾਬ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕੱਲ੍ਹ ਤਾਮਿਲ ਨਾਡੂ ਦੇ ਰਾਜਪਾਲ ਚੌਧਰੀ ਵਿਦਿਆਸਾਗਰ ਰਾਓ ਨਾਲ ਗੱਲਬਾਤ ਕਰ ਕੇ ਜੈਲਲਿਤਾ ਦੀ ਤਬੀਅਤ ਬਾਰੇ ਜਾਣਕਾਰੀ ਲਈ।
ਜੈਲਲਿਤਾ ਦੇ ਕਲ ਮੁੜ ਬਿਮਾਰ ਹੋਣ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਚੇਨਈ ’ਚ ਬੰਦ ਵਰਗੇ ਹਾਲਾਤ ਬਣ ਗਏ ਸਨ। ਕਈ ਵਿਦਿਅਕ ਅਦਾਰੇ ਅਤੇ ਦਫ਼ਤਰ ਅੱਜ ਬੰਦ ਰਹੇ। ਮਦੁਰਾਇ ਅਤੇ ਹੋਰ ਸ਼ਹਿਰਾਂ ’ਚ ਵੀ ਅਜਿਹੇ ਹਾਲਾਤ ਦੇਖਣ ਨੂੰ ਮਿਲੇ। ਬੱਸ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।
There are no comments at the moment, do you want to add one?
Write a comment