ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ‘ਚ ਪੰਜਾਬੀ ਵਿਅਕਤੀ ਗ੍ਰਿਫਤਾਰ

52
Share

-ਹੋ ਸਕਦੀ ਹੈ 10 ਸਾਲ ਜਾਂ ਉਮਰ ਕੈਦ ਦੀ ਸਜ਼ਾ
ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿਚ ਇਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਉਹ ਇਕ ਟਰੱਕ ਵਿਚ ਕਰੀਬ 1000 ਕਿਲੋਗ੍ਰਾਮ ਗਾਂਜਾ ਲੈ ਕੇ ਕੈਨੇਡਾ ਤੋਂ ਅਮਰੀਕਾ ਆ ਰਿਹਾ ਸੀ। ਪਿਛਲੇ ਇਕ ਪੰਦਰਵਾੜੇ ‘ਚ ਇਹ ਤੀਜਾ ਭਾਰਤੀ ਹੈ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਪਰਾਧ ਸਾਬਤ ਹੋਣ ‘ਤੇ ਉਸ ਨੂੰ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰਕੈਦ ਦੀ ਸਜ਼ਾ ਹੋ ਸਕਦੀ ਹੈ।
ਅਧਿਕਾਰੀ ਨੇ ਦੱਸਿਆ ਕਿ ਪ੍ਰਬਜੋਤ ਨਾਗਰਾ (26) ਪੀਸ ਬ੍ਰਿਜ ਪੋਰਟ ਤੋਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਦੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ 25 ਜੂਨ ਦੀ ਅੱਧੀ ਰਾਤ ਤੋਂ ਠੀਕ ਪਹਿਲਾਂ ਹੋਈ। ਉਹ ਜਿਹੜਾ ਟਰੱਕ ਚਲਾ ਰਿਹਾ ਸੀ, ਉਸ ਦਾ ਲਾਈਸੈਂਸ ਨੰਬਰ ਕੈਨੇਡਾ ਦਾ ਓਨਟਾਰੀਓ ਦਾ ਹੈ। ਇਕ ਈ-ਘੋਸ਼ਣਾ ਪੱਤਰ ਦੇ ਮੁਤਾਬਕ ਟਰੱਕ ਵਿਚ 55 ਕੰਟੇਨਰ ਸਨ। ਟਰੱਕ ਦੀ ਐਕਸ ਰੇਅ ਜਾਂਚ ਕੀਤੀ ਗਈ, ਜਿਸ ਵਿਚ ਟਰੱਕ ਵਿਚ ਕੁਝ ਸ਼ੱਕੀ ਦਿੱਸਿਆ। ਇਸ ਦੇ ਬਾਅਦ ਟਰੱਕ ਦੀ ਪੀਸ ਬ੍ਰਿਜ ਗੋਦਾਮ ‘ਚ ਪੂਰੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਉਸ ਵਿਚੋਂ ਕਰੀਬ 8,320 ਪੈਕੇਟ ਮਿਲੇ ਜਿਨ੍ਹਾਂ ਵਿਚ ਕਰੀਬ 9,472 ਪੌਂਡ ਗਾਂਜਾ ਬਰਾਮਦ ਹੋਇਆ।


Share