ਨਸ਼ਿਆਂ ਵਿਰੁੱਧ ਮਹਿੰਮ: ਪੰਜਾਬ ਸਰਕਾਰ ਨੇ ਸਰਕਾਰੀ ਤੇ ਪ੍ਰਾਇਵੇਟ ਯੂਨੀਵਰਸਿਟੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਸਪੈਸ਼ਲ ਟਾਸਕ ਫੋਰਸ ਦੀ ਹਾਜਰੀ ਵਿਚ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਉਪ-ਕੁਲਪਤੀ ਵਲੋਂ ਲਏ ਗਏ ਅਹਿਮ ਫੈਸਲੇ
ਚੰਡੀਗੜ, 28 ਦਸੰਬਰ (ਪੰਜਾਬ ਮੇਲ)- ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸਪੈਸ਼ਲ ਟਾਸਕ ਫੋਰਸ ਵੱਲੋਂ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ/ਨੁਮਾਇੰਦਿਆਂ ਦੇ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਵਿਚਾਰ ਅਤੇ ਸੁਝਾਅ ਪ੍ਰਾਪਤ ਕੀਤੇ ਗਏ।
ਇਸ ਮੀਟਿੰਗ ਦੀ ਪ੍ਰਧਾਨਗੀ ਅਡਿਸ਼ਨਲ ਚੀਫ ਸੈਕਟਰੀ ਐਜੂਕੇਸ਼ਨ ਸ਼੍ਰੀ ਐਸ.ਕੇ. ਸੰਧੂ ਵੱਲੋਂ ਕੀਤੀ ਗਈ। ਇਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ, ਸੈਕਟਰੀ ਹੋਮ ਸ਼੍ਰੀ ਰਾਹੁਲ ਤਿਵਾੜੀ, ਏਡੀਜੀਪੀ ਸਪੈਸ਼ਲ ਟਾਸਕ ਫੋਰਸ ਤੋਂ ਆਈਜੀ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ, ਜੁਆਇੰਟ ਡਾਇਰੈਕਟਰ ਉੱਚ ਸਿੱਖਿਆ ਡਾ. ਜੀਐਸ ਬਰਾੜ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਦੌਰਾਨ ਸ਼੍ਰੀ ਐਸ.ਕੇ. ਸੰਧੂ ਨੇ ਕਿਹਾ ਕਿ ਇਸ ਮੀਟਿੰਗ ਦਾ ਉਦੇਸ਼ ਨੌਜਵਾਨਾਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਜਾਗਰੂਕ ਤੇ ਉਤਸਾਹਿਤ ਕਰਕੇ ਨਸ਼ਿਆਂ ਤੋਂ ਬਚਾਉਣਾ ਅਤੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਇਸ ਦੇ ਲਈ ਸਟੇਟ ਟਾਸਕ ਫੋਰਸ ਜਿਥੇ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ, ਉਥੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਵਿਕਲਪ ਵੀ ਉਪਲੱਬਧ ਕਰਵਾ ਰਹੀ ਹੈ।
ਸ੍ਰੀ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਅਤੀ ਜਰੂਰੀ ਹੈ ਤਾਂਕਿ ਉਨਾਂ ਨੂੰ ਨਸ਼ੇ ਵੱਲ ਜਾਣ ਤੋਂ ਰੋਕਿਆ ਜਾ ਸਕੇ। ਇਸ ਦੇ ਲਈ ਉਨਾਂ ਨੂੰ ਸਮਝਾਉਣ ਅਤੇ ਆਤਮਵਿਸ਼ਵਾਸ ਵਧਾਉਣ ਦੀ ਜ਼ਰੂਰਤ ਹੈ। ਇਸ ਲਈ ਯੂਨੀਵਰਸਿਟੀ ਵਿੱਚ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਾਉਣ ਲਈ ਅਤੇ ਪ੍ਰੋਗਰਾਮ ਨੂੰ ਯਕੀਨੀ ਤੌਰ ‘ਤੇ ਲਾਗੂ ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤੇ ਜਾਣ, ਜਿਸ ਦੀ ਵਾਈਸ ਚਾਂਸਲਰ ਜਾਂ ਚਾਂਸਲਰ ਦੇ ਪੱਧਰ ਤੇ ਸਮੀਖਿਆ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨੂੰ ਸਿਰਫ ਇੱਕ ਇਵੇਂਟ ਨਹੀਂ ਬਲਕਿ ਮੁਹਿੰਮ ਦੀ ਤਰਾਂ ਚਲਾਇਆ ਜਾਵੇ ਅਤੇ ਯੂਨੀਵਰਸਿਟੀਆਂ ਆਪਣੇ ਪੱਧਰ ‘ਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਬਚਾਉਣ ਵਿੱਚ ਮਦਦ ਅਤੇ ਸਹਿਯੋਗ ਦੇਣ ਲਈ ਅੱਗੇ ਆਉਣ।
ਇਸ ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਨੇ ਦੱਸਿਆ ਕਿ ਪੰਜਾਬ ਵਿੱਚ ਲੋਕਾਂ ਨੂੰ ਨਸ਼ੇ ਤੋਂ ਬਚਾਉਣ ਲਈ ਅਤੇ ਇਲਾਜ ਦੀਆਂ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹੈ। ਹਰੇਕ ਨਸ਼ਾ ਛੁਡਾਉ ਕੇਂਦਰ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਤੈਨਾਤ ਕੀਤੇ ਗਏ ਹਨ, ਜੋ ਕਿ ਮਰੀਜਾਂ ਨੂੰ ਨਸ਼ਾ ਛੁਡਾਉਣ ਵਿੱਚ ਹਰ ਪੱਧਰ ‘ਤੇ ਮਦਦ ਕਰਦੇ ਹਨ। ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਨਸ਼ੇ ਤੋਂ ਉਭਾਰਨ ਲਈ ਵਿਸ਼ੇਸ਼ ਆਉਟਪੇਸ਼ੇਂਟ ਔਪਿਓਡ ਅਸਿਸਟਡ ਟਰੀਟਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਅਧੀਨ ਨਸ਼ੇ ਤੋਂ ਬਚਾਉਣ ਲਈ ਨੌਜਵਾਨਾਂ ਨੂੰ ਨਸ਼ਾ ਛੁਡਾਉ ਕੇਂਦਰ ਵਿੱਚ ਦਾਖਿਲ ਕਰਵਾਉਣ ਦੀ ਬਜਾਏ ਓਪੀਡੀ ਵਿੱਚ ਦਵਾਈ ਦੇ ਕੇ ਨਸ਼ਾ ਛੁਡਾਉਣ ਵਿੱਚ ਮਦਦ ਕੀਤੀ ਜਾਂਦੀ ਹੈ।
ਇਸ ਮੌਕੇ ਤੇ ਆਈਜੀ ਸ਼੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਜੋ ਨੌਜਵਾਨ ਨਸ਼ੇ ਦੇ ਆਦੀ ਹਨ, ਉਹ ਵੀ ਆਪਣੇ ਸਮਾਜ ਦਾ ਹੀ ਇਕ ਹਿੱਸਾ ਹਨ ਅਤੇ ਉਨਾਂ ਨੂੰ ਮੁੜ ਆਮ ਜ਼ਿੰਦਗੀ ਵੱਲ ਆਉਣ ਲਈ ਉਤਸਾਹਿਤ ਕਰਨਾ ਅਤੇ ਉਨ੍ਹਾਂ ਨਾਲ ਚੰਗਾ ਵਿਵਹਾਰ ਕੀਤਾ ਜਾਣਾ ਜਰੂਰੀ ਹੈ।ਉਨ੍ਹਾਂ ਕਿਹਾ ਕਿ ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਵਿੱਚ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਵੱਲੋਂ ਹਰ ਗਲੀ ਮੁਹੱਲੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਦੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਸ਼੍ਰੀ ਸਿੱਧੂ ਨੇ ਕਿਹਾ ਕਿ ਸਟੱਡੀ ਮੁਤਾਬਿਕ ਕਿਸ਼ੋਰ ਅਤੇ 25 ਸਾਲ ਤੱਕ ਉਮਰ ਦੇ ਬੱਚਿਆਂ ਨੂੰ ਜਿਆਦਾ ਦਬਾਅ ਰਹਿੰਦਾ ਹੈ। ਇਸ ਲਈ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਹੀ, ਉਨਾਂ ਦੇ ਸਾਥੀਆਂ ਰਾਹੀਂ ਨਸ਼ੇ ਤੋਂ ਦੂਰ ਰਹਿਣ ਬਾਰੇ ਪ੍ਰੇਰਿਤ ਕੀਤਾ ਜਾਵੇ ਅਤੇ ਜੇਕਰ ਨੌਜਵਾਨਾਂ ਨੂੰ ਕੋਈ ਨਸ਼ੇ ਲਈ ਪ੍ਰੇਰਿਤ ਕਰਦਾ ਹੈ ਤਾਂ ਉਸਤੋਂ ਕਿਸ ਤਰਾਂ ਦੂਰ ਰਹਿਣਾ ਹੈ, ਦੇ ਤਰੀਕੇ ਦੱਸੇ ਜਾਣ ਅਤੇ ਇਸਦੇ ਨਾਲ ਹੀ ਉਨਾਂ ਦੇ ਯੋਗਤਾ ਦੇ ਨਾਲ ਆਤਮ-ਵਿਸ਼ਵਾਸ਼ ਨੂੰ ਵਧਾਇਆ ਜਾਵੇ ਤਾਂਕਿ ਉਹ ਨਸ਼ੇ ਤੋਂ ਦੂਰ ਰਹਿਣ। ਉਨਾਂ ਨੇ ਵਾਈਸ ਚਾਂਸਲਰਾਂ ਨੂੰ ਇਸ ਪ੍ਰੋਗਰਾਮ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ 5 ਵਿਦਿਆਰਥੀਆਂ ਦਾ ਇੱਕ ਹੀ ਕਲਾਸ/ਬੈਚ ਦਾ ਗਰੁੱਪ ਬਣਾਇਆ ਜਾਵੇ, ਜਿਸ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਇੱਕ ਦੂਸਰੇ ਨੂੰ ਨਸ਼ੇ ਤੋਂ ਬਚਾਉਣ ਲਈ ਪ੍ਰੇਰਿਤ ਕਰਨ।ਸ਼੍ਰੀ ਸਿੱਧੂ ਨੇ ਜਾਣਕਾਰੀ, ਰਵੱਈਆ, ਯਕੀਣ ਅਤੇ ਅਭਿਆਸ (ਨਾਲੇਜ, ਐਟੀਟਉਟ, ਬਿਲੀਫ ਅਤੇ ਪ੍ਰੈਕਟਿਸ (ਕੇਏਬੀਪੀ)) ਨੂੰ ਲਾਗੂ ਕਰਨ ‘ਤੇ ਜ਼ੋਰ ਦਿੱਤਾ।
ਇਸ ਮੌਕੇ ਤੇ ਪੰਜਾਬ ਯੂਨੀਵਰਸਿਟੀ, ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਜੀਐਨਡੀਯੂ ਅੰਮ੍ਰਿਤਸਰ, ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਚੰਡੀਗੜ ਯੂਨੀਵਰਸਿਟੀ, ਆਦੇਸ਼ ਯੂਨੀਵਰਸਿਟੀ ਬਠਿੰਡਾ, ਰਿਆਤ ਬਾਰਾ ਯੂਨੀਵਰਸਿਟੀ ਮੋਹਾਲੀ, ਜੀਐਨਏ ਯੂਨੀਵਰਸਿਟੀ ਫਗਵਾੜਾ, ਅਕਾਲ ਯੂਨੀਵਰਸਿਟੀ, ਸ਼੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸ ਅੰਮ੍ਰਿਤਸਰ, ਐਲਪੀਯੂ ਜਲੰਧਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਪੀਬੀਜੀਸੀਟੀਏ ਦੇ ਵਾਈਸ ਚਾਂਸਲਰ ਤੇ ਨੁਮਾਇੰਦੇ ਮੌਜੂਦ ਸਨ।
ਇਸ ਦੌਰਾਨ ਵਾਈਸ ਚਾਂਸਲਰ ਅਤੇ ਨੁਮਾਇੰਦਿਆਂ ਨੇ ਆਪਣੀਆਂ ਯੂਨੀਵਰਸਿਟੀਆਂ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਦੇ ਬਾਰੇ ਜਾਣੂ ਕਰਵਾਇਆ ਅਤੇ ਸੁਝਾਅ ਦਿੱਤੇ ਕਿ ਯੂਨੀਵਰਸਿਟੀ ਦੇ ਨਜ਼ਦੀਕ ਖੋਕਾ, ਕੁਝ ਸਮੇਂ ਲਈ ਆਏ ਛੋਟੇ ਵੈਂਡਰਾਂ ਨੂੰ ਹਟਾਇਆ ਜਾਵੇ। ਇਸਦੇ ਨਾਲ ਹੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਐਸਐਸਪੀ ਦੁਆਰਾ ਨਸ਼ਿਆਂ ਵਿਰੁੱਧ ਜਾਗਰੁਕਤਾ ਮੁਹਿੰਮ ਅਧੀਨ ਵਿਸ਼ੇਸ਼ ਸੈਸ਼ਨ ਕਰਵਾਇਆ ਜਾਵੇ। ਇਸੇ ਤਰਾਂ ਹਾਸਟਲ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਸਮੇਂ ਸਮੇਂ ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇ। ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਯੂਨੀਵਰਸਿਟੀ ਵਿੱਚ ਚਲਾਏ ਜਾ ਰਹੇ ਰੇਡਿਓ ਚੈਨਲ ਅਤੇ ਮਾਧਿਅਮਾਂ ਰਾਹੀਂ ਜਾਗਰੂਕ ਕੀਤਾ ਜਾਵੇ।