ਨਵੇਂ ਚੁਣੇ ਰਾਸ਼ਟਰਪਤੀ ਬਾਇਡਨ ਦੀਆਂ ਚੁਣੌਤੀਆਂ

234
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
ਅਮਰੀਕਾ ਦੇ ਰਾਸ਼ਟਰਪਤੀ ਲਈ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ ਸਪੱਸ਼ਟ ਰੂਪ ਵਿਚ ਚੋਣ ਜੇਤੂ ਰਹੇ ਹਨ ਅਤੇ ਉਹ ਦੇਸ਼ ਦੀ ਕਮਾਂਡ ਸੰਭਾਲਣ ਲਈ ਤਿਆਰੀਆਂ ਵਿਚ ਜੁਟੇ ਹੋਏ ਹਨ। ਪਰ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਅਜੇ ਤੱਕ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹਨ। ਟਰੰਪ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਇਹ ਕਹਿ ਰਹੇ ਹਨ ਕਿ ਸਹੀ ਅਤੇ ਇਮਾਨਦਾਰ ਢੰਗ ਨਾਲ ਵੋਟਾਂ ਦੀ ਗਿਣਤੀ ਲਈ ਸਾਰੇ ਢੰਗ ਤਰੀਕੇ ਅਪਣਾਏ ਬਗੈਰ ਉਹ ਚੋਣ ਨਤੀਜਿਆਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹਨ। 3 ਨਵੰਬਰ ਨੂੰ ਮੁਕੰਮਲ ਹੋਈਆਂ ਚੋਣਾਂ ਵਿਚ ਹਾਰ ਮੰਨਣ ਦੀ ਬਜਾਏ ਟਰੰਪ ਨੇ ਫਸਵੀਂ ਟੱਕਰ ਵਾਲੇ ਕਈ ਸੂਬਿਆਂ ਵਿਚ ਕਾਨੂੰਨੀ ਲੜਾਈ ਵਿੱਢ ਦਿੱਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਸੱਤਾ ਦੀ ਵਾਂਗਡੋਰ ਬਦਲਣ ਦੀਆਂ ਤਿਆਰੀਆਂ ਵਿਚ ਵੀ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਸਗੋਂ ਇਸ ਦੇ ਉਲਟ ਵਾਸ਼ਿੰਗਟਨ ਡੀ.ਸੀ. ਵਿਚ ਟਰੰਪ ਤੇ ਬਾਇਡਨ ਹਮਾਇਤੀਆਂ ਵਿਚਕਾਰ ਹੋਈਆਂ ਹਿੰਸਕ ਝੜਪਾਂ ਅਤੇ ਲੁੱਟਮਾਰ ਦੀਆਂ ਘਟਨਾਵਾਂ ਇਹ ਸੰਕੇਤ ਦੇ ਰਹੀਆਂ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਪਹਿਲੀ ਵਾਰ ‘ਮੈਂ ਨਾ ਮਾਨੂੰ’ ਦਾ ਆਇਆ ਇਹ ਰੁਝਾਨ ਅਮਰੀਕੀ ਸਮਾਜ ਵਿਚ ਵੰਡੀਆਂ ਪਾਉਣ ਅਤੇ ਬੇਇਤਫਾਕੀ ਪੈਦਾ ਕਰਨ ਦਾ ਰਾਹ ਵੀ ਖੋਲ੍ਹ ਸਕਦਾ ਹੈ। ਚੋਣ ਵਿਚ ਟਰੰਪ ਦੀ ਹਾਰ ਤੋਂ ਬਾਅਦ ਉਸ ਵੱਲੋਂ ਅਮਰੀਕਾ ਦਾ ਰੱਖਿਆ ਮੰਤਰੀ ਬਦਲ ਕੇ ਨਵਾਂ ਲਗਾਉਣ ਦਾ ਫੈਸਲਾ ਵੀ ਅਮਰੀਕਾ ਦੇ ਰਵਾਇਤੀ ਚੋਣ ਇਤਿਹਾਸ ਤੋਂ ਬਿਲਕੁਲ ਵੱਖਰਾ ਹੈ। ਲੋਕ ਫਤਵੇ ਨੂੰ ਇਨਕਾਰਨ ਦੀ ਇਹ ਮਿਸਾਲ ਟਰੰਪ ਦੇ ਰਾਸ਼ਟਰਪਤੀ ਸ਼ਾਸਨ ਦੌਰਾਨ ਚਾਰ ਸਾਲ ਕੀਤੀਆਂ ਜਾਂਦੀਆਂ ਹੂੜਮੱਤੀਆਂ ਨਾਲ ਮੇਲ ਖਾਂਦੀ ਹੈ ਅਤੇ ਅਮਰੀਕੀ ਸਮਾਜ ਲਈ ਕਈ ਨਵੀਆਂ ਅਲਾਮਤਾਂ ਪੈਦਾ ਕਰਨ ਦਾ ਸੰਕੇਤ ਵੀ ਦਿੰਦੀ ਹੈ। ਇਸ ਕਰਕੇ ਰਾਜ ਗੱਦੀ ਸੰਭਾਲ ਰਹੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਲਈ ਇਹ ਪਹਿਲੀ ਵੱਡੀ ਚੁਣੌਤੀ ਹੈ ਕਿ ਟਰੰਪ ਵੱਲੋਂ ਪੈਦਾ ਕੀਤੇ ਜਾ ਰਹੇ ਖਰੂਦ ਅਤੇ ਵੰਡੀਆਂ ਪਾਉਣ ਦੀ ਭਾਵਨਾ ਨਾਲ ਕਿਵੇਂ ਨਿਪਟਿਆ ਜਾਵੇ। ਹਾਲਾਂਕਿ ਜੋਅ ਬਾਇਡਨ ਨੇ ਨਤੀਜੇ ਦਾ ਐਲਾਨ ਹੋਣ ਦੇ ਤੁਰੰਤ ਬਾਅਦ ਆਪਣੇ ਪਹਿਲੇ ਜੋਸ਼ੀਲੇ ਭਾਸ਼ਨ ਵਿਚ ਇਹ ਗੱਲ ਕੀਤੀ ਸੀ ਕਿ ਉਹ ਦੇਸ਼ ਨੂੰ ਜੋੜਨ ਦੀ ਗੱਲ ਕਰਨਗੇ, ਤੋੜਨ ਦੀ ਨਹੀਂ। ਲੱਗਦਾ ਹੈ ਕਿ ਟਰੰਪ ਵੱਲੋਂ ਅਮਰੀਕਾ ਅੰਦਰ ਵੰਡੀਆਂ ਪਾਉਣ ਅਤੇ ਖਰੂਦ ਭੜਕਾਉਣ ਬਾਰੇ ਉਹ ਪਹਿਲਾਂ ਹੀ ਸੁਚੇਤ ਸਨ। ਇਸੇ ਕਾਰਨ ਉਨ੍ਹਾਂ ਅਮਰੀਕੀ ਸਮਾਜ ਵਿਚ ਏਕਤਾ ਅਤੇ ਇੱਕਸੁਰਤਾ ਨੂੰ ਆਪਣਾ ਪਹਿਲਾ ਅਤੇ ਤਰਜੀਹੀ ਕੰਮ ਐਲਾਨਿਆ। ਇਸ ਤੋਂ ਬਾਇਡਨ ਦੀ ਨੀਤੀ ਅਤੇ ਨੀਤ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਅਮਰੀਕਾ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਦਿਸ਼ਾ ਅਖਤਿਆਰ ਕਰ ਰਹੇ ਹਨ। ਪਰ ਜਿਸ ਤਰ੍ਹਾਂ ਦਾ ਚੋਣ ਦੌਰਾਨ ਦ੍ਰਿਸ਼ ਪੈਦਾ ਕੀਤਾ ਗਿਆ ਅਤੇ ਹੁਣ ਆਏ ਦਿਨ ਨਵੇਂ ਤੋਂ ਨਵੇਂ ਅੜਿੱਕੇ ਡਾਹੇ ਜਾ ਰਹੇ ਹਨ ਅਤੇ ਖਾਸਕਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਕੀਤੇ ਮੁਜ਼ਾਹਰਿਆਂ ਦੌਰਾਨ ਹੋਈ ਹਿੰਸਾ ਅਤੇ ਲੁੱਟਮਾਰ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਅਮਰੀਕੀ ਚੋਣ ਇਤਿਹਾਸ ਵਿਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਕ ਰਾਸ਼ਟਰਪਤੀ ਲੋਕਾਂ ਦੇ ਫਤਵੇ ਨੂੰ ਮੰਨਣ ਤੋਂ ਇਨਕਾਰੀ ਹੋ ਕੇ ਅਜਿਹੀਆਂ ਕਾਰਵਾਈਆਂ ਦੇ ਰਾਹ ਪੈ ਗਿਆ ਹੈ। ਟਰੰਪ ਦੀ ਇਹ ਨੀਤੀ ਅਮਰੀਕਾ ਲਈ ਬੇਹੱਦ ਘਾਤਕ ਹੋ ਸਕਦੀ ਹੈ। ਇਸ ਕਰਕੇ ਬਾਇਡਨ ਲਈ ਸਭ ਤੋਂ ਵੱਡੀ ਚੁਣੌਤੀ ਟਰੰਪ ਵੱਲੋਂ ਅਮਰੀਕੀ ਸਮਾਜ ਵਿਚ ਵੰਡੀਆਂ ਪਾਉਣ, ਹਿੰਸਕ ਪ੍ਰਵਿਰਤੀ ਪੈਦਾ ਕਰਨ ਅਤੇ ਕਾਨੂੰਨ ਦੇ ਖਿਲਾਫ ਲੋਕਾਂ ਨੂੰ ਭੜਕਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਫੌਰੀ ਯਤਨ ਕਰਨੇ ਪੈਣਗੇ।
ਦੂਜਾ ਵੱਡਾ ਫੌਰੀ ਮਸਲਾ ਇਸ ਵੇਲੇ ਅਮਰੀਕਾ ਵਿਚ ਮੁੜ ਕੋਰੋਨਾਵਾਇਰਸ ਦੇ ਵਧਣ ਦਾ ਹੈ। ਟਰੰਪ ਪ੍ਰਸ਼ਾਸਨ ਨੇ ਦੁਨੀਆਂ ਭਰ ਵਿਚ ਫੈਲੀ ਕੋਰੋਨਾਵਾਇਰਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ, ਸਗੋਂ ਹਮੇਸ਼ਾ ਇਸ ਪ੍ਰਤੀ ਲਾਪ੍ਰਵਾਹੀ ਵਾਲਾ ਵਤੀਰਾ ਅਖਤਿਆਰ ਕੀਤਾ ਅਤੇ ਨਾਮੁਰਾਦ ਵਾਇਰਸ ਨੂੰ ਮਹਿਜ਼ ਚੀਨੀ ਸ਼ਰਾਰਤ ਕਹਿ ਕੇ ਭੰਡਣ ਉਪਰ ਹੀ ਜ਼ੋਰ ਦਿੰਦੇ ਰਹੇ। ਪਰ ਬਾਇਡਨ ਨੇ ਆਪਣਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਹੀ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਹੈ, ਜੋ ਉਨ੍ਹਾਂ ਨੂੰ ਕੋਰੋਨਾਵਾਇਰਸ ਮਹਾਂਮਾਰੀ ਦੇ ਟਾਕਰੇ ਲਈ ਨੀਤੀ ਅਤੇ ਦਿਸ਼ਾ-ਨਿਰਦੇਸ਼ ਤੈਅ ਕਰਕੇ ਦੇਵੇਗੀ। ਬਾਇਡਨ ਦੇ ਇਸ ਤੋਂ ਬਿਨਾਂ ਅਮਰੀਕਾ ਦੇ ਅੰਦਰੂਨੀ ਅਤੇ ਕੌਮਾਂਤਰੀ ਸੰਬੰਧਾਂ ਬਾਰੇ ਅਨੇਕਾਂ ਅਜਿਹੇ ਮਸਲੇ ਹਨ, ਜਿਨ੍ਹਾਂ ਬਾਰੇ ਮੁੜ ਤੋਂ ਨਜ਼ਰਸਾਨੀ ਕਰਨੀ ਪਵੇਗੀ। ਪਿਛਲੇ ਇਤਿਹਾਸ ਉਪਰ ਝਾਤ ਮਾਰੀਏ, ਤਾਂ ਬਹੁਤਾ ਕਰਕੇ ਡੈਮੋਕ੍ਰੇਟਿਕ ਰਾਸ਼ਟਰਪਤੀਆਂ ਦੇ ਸ਼ਾਸਨਕਾਲ ਵਿਚ ਹੀ ਅਮਰੀਕਾ ਆਰਥਿਕ ਮੁੜ ਉਸਾਰੀ ਦੇ ਰਾਹ ਪੈਂਦਾ ਰਿਹਾ ਹੈ, ਜਾਂ ਕਹਿ ਲਵੋ ਕਿ ਅਮਰੀਕਾ ‘ਚ ਆਏ ਮੰਦੀ ਦੇ ਦੌਰ ਖਤਮ ਕਰਕੇ ਆਰਥਿਕ ਉਸਾਰੀ ਦਾ ਦੌਰ ਸ਼ੁਰੂ ਕਰਨ ਦੀ ਜ਼ਿਆਦਾਤਰ ਪਹਿਲਕਦਮੀ ਉਨ੍ਹਾਂ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ। ਇਸ ਵੇਲੇ ਵੀ ਅਮਰੀਕਾ ਕੋਰੋਨਾਵਾਇਰਸ ਅਤੇ ਟਰੰਪ ਦੀਆਂ ਬਹੁਤ ਸਾਰੀਆਂ ਗਲਤ ਨੀਤੀਆਂ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਦੇਸ਼ ਵਿਚ ਬੇਰੁਜ਼ਗਾਰੀ ਕਰੋੜਾਂ ਵਿਚ ਪਹੁੰਚ ਚੁੱਕੀ ਹੈ। ਜ਼ਿਆਦਾਤਰ ਸੂਬਿਆਂ ਵਿਚ ਤਾਲਾਬੰਦੀ ਕਾਰਨ ਲੋਕਾਂ ਦੇ ਰੁਜ਼ਗਾਰ ਖੁੱਸ ਗਏ ਹਨ ਅਤੇ ਕਾਰੋਬਾਰ ਢਿੱਲੇ ਪਏ ਹੋਏ ਹਨ। ਅਮਰੀਕੀ ਆਰਥਿਕਤਾ ਨੂੰ ਮੁੜ ਹੁਲਾਰਾ ਦੇਣਾ ਇਸ ਵੇਲੇ ਬਾਇਡਨ ਲਈ ਸਭ ਤੋਂ ਅਹਿਮ ਕੰਮ ਹੋਵੇਗਾ। ਕਿਉਂਕਿ ਅਮਰੀਕਾ ਵੱਲੋਂ ਅਪਣਾਈ ਅੰਦਰੂਨੀ ਆਰਥਿਕ ਨੀਤੀ ਨੇ ਹੀ ਕੌਮਾਂਤਰੀ ਪੱਧਰ ‘ਤੇ ਅਮਰੀਕਾ ਵੱਲੋਂ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਅਤੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰਨਾ ਹੈ। ਇਸ ਵੇਲੇ ਅਮਰੀਕਾ ਨਵੀਂ ਉੱਭਰ ਰਹੀ ਸੰਸਾਰ ਆਰਥਿਕ ਸ਼ਕਤੀ ਚੀਨ ਨਾਲ ਸ਼ੀਤ ਯੁੱਧ ਵਿਚ ਉਲਝਿਆ ਹੋਇਆ ਹੈ। ਟਰੰਪ ਨੇ ਆਪਣੀ ਕੌਮਾਂਤਰੀ ਰਣਨੀਤੀ ਦਾ ਸਾਰਾ ਜ਼ੋਰ ਚੀਨ ਦੀ ਆਰਥਿਕ ਘੇਰਾਬੰਦੀ ਕਰਨ ਉੱਪਰ ਹੀ ਲਗਾਇਆ ਹੋਇਆ ਸੀ। ਬਾਇਡਨ ਲਈ ਇਹ ਬੜਾ ਵੱਡਾ ਸਵਾਲ ਹੈ ਕਿ ਉਹ ਚੀਨ ਪ੍ਰਤੀ ਟਰੰਪ ਦੀ ਰਣਨੀਤੀ ਨੂੰ ਹੀ ਜਾਰੀ ਰੱਖਣਗੇ ਜਾਂ ਇਸ ਵਿਚ ਬਦਲਾਅ ਕਰਨਗੇ। ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ਦੇ ਅੰਦਰ ਵੀ ਚੀਨੀ ਕੰਪਨੀਆਂ ਦੇ ਨਿਰਮਾਣ ਅਤੇ ਵਪਾਰ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਫੈਸਲੇ ਕੀਤੇ ਗਏ ਸਨ। ਇਸੇ ਤਰ੍ਹਾਂ ਚੀਨ ਨਾਲ ਦਰਾਮਦ ਅਤੇ ਬਰਾਮਦ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਏਸ਼ਿਆਈ ਖਿੱਤੇ ਵਿਚ ਭਾਰਤ, ਚੀਨ ਅਤੇ ਪਾਕਿਸਤਾਨ ਇਸ ਵੇਲੇ ਤਣਾਅ ਦੇ ਦੌਰ ਵਿਚੋਂ ਲੰਘ ਰਹੇ ਹਨ। ਬਾਇਡਨ ਭਾਰਤ ਪੱਖੀ ਆਪਣੀ ਹਮਾਇਤ ਜਾਰੀ ਰੱਖਦਿਆਂ ਇਸ ਤਣਾਅ ਨੂੰ ਹੱਲ ਕਰਦੇ ਹਨ ਜਾਂ ਚੀਨ ਪ੍ਰਤੀ ਨਰਮਾਈ ਵਰਤਦੇ ਹਨ ਅਤੇ ਪਾਕਿਸਤਾਨ ਨਾਲ ਆਪਣੇ ਪੁਰਾਣੇ ਲਹਿਜ਼ੇ ਮੁਤਾਬਕ ਸੁਰ ਕਾਇਮ ਰੱਖਦਿਆਂ ਕੋਈ ਨਵਾਂ ਰਸਤਾ ਅਖਤਿਆਰ ਕਰਦੇ ਹਨ, ਇਹ ਵੀ ਏਸ਼ਿਆਈ ਖਿੱਤੇ ਵਿਚ ਬੜਾ ਅਹਿਮ ਸਵਾਲ ਹੋਵੇਗਾ। ਪਿਛਲੇ ਸਾਲਾਂ ਦੌਰਾਨ ਯੂਰਪੀਅਨ ਮੁਲਕਾਂ ਨਾਲ ਵੀ ਟਰੰਪ ਇੱਟ-ਖੜੱਕਾ ਲੈਂਦੇ ਰਹਿੰਦੇ ਹਨ। ਬਾਇਡਨ ਵੱਲੋਂ ਇਸ ਨੀਤੀ ਨੂੰ ਵੀ ਬਦਲੇ ਜਾਣ ਦੀ ਸੰਭਾਵਨਾ ਹੈ। ਮੱਧ ਪੂਰਬ ਦੇ ਦੇਸ਼ਾਂ ਵਿਚ ਤੇਲ ‘ਤੇ ਸਰਦਾਰੀ ਲਈ ਚੱਲ ਰਹੀ ਲੜਾਈ ਵਿਚ ਬਾਇਡਨ ਅਮਰੀਕਾ ਦੇ ਦਖਲ ਨੂੰ ਕਿਸ ਰੁਖ਼ ਬਦਲਦੇ ਹਨ, ਇਹ ਗੱਲ ਵੀ ਅਮਰੀਕੀ ਵਿਦੇਸ਼ ਨੀਤੀ ਦਾ ਬੜਾ ਵੱਡਾ ਨੁਕਤਾ ਹੋਵੇਗੀ। ਗੱਲ ਕੀ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਾ ਦੀ ਅੰਦਰੂਨੀ ਆਰਥਿਕਤਾ ਦੇ ਸੁਧਾਰ ਅਤੇ ਕੌਮਾਂਤਰੀ ਪੱਧਰ ਉੱਤੇ ਵੱਖ-ਵੱਖ ਦੇਸ਼ਾਂ ਨਾਲ ਸੰਬੰਧਾਂ ਨੂੰ ਨਵਿਆਉਣਾ ਵੀ ਬਾਇਡਨ ਲਈ ਇਕ ਬੜੀ ਵੱਡੀ ਚੁਣੌਤੀ ਹੈ।
ਅਮਰੀਕਾ ਦੀ ਇੰਮੀਗ੍ਰੇਸ਼ਨ ਪਾਲਿਸੀ ਬਾਰੇ ਬਾਇਡਨ ਦਾ ਨਜ਼ਰੀਆ ਬੜਾ ਸਪੱਸ਼ਟ ਹੈ। ਉਹ ਅਮਰੀਕਾ ‘ਚ ਪ੍ਰਵਾਸ ਦੇ ਵਿਰੋਧੀ ਨਹੀਂ, ਸਗੋਂ ਵੱਖ-ਵੱਖ ਥਾਂਵਾਂ ਤੋਂ ਆਏ ਇੰਮੀਗ੍ਰਾਂਟਸ ਨੂੰ ਬਰਾਬਰ ਸਹੂਲਤਾਂ ਦੇਣ ਦੇ ਹਮਾਇਤੀ ਹਨ। ਜਦਕਿ ਟਰੰਪ ਆਪਣੇ ਚਾਰ ਸਾਲ ਇੰਮੀਗ੍ਰਾਂਟਸ ਦੇ ਪਰ ਕੁਤਰਣ ਵਿਚ ਹੀ ਉਲਝੇ ਰਹੇ। ਬਰਾਕ ਓਬਾਮਾ ਵੱਲੋਂ ਅਪਣਾਈ ਸਿਹਤ ਨੀਤੀ ਅਤੇ ਹੋਰ ਉਦਾਰਵਾਦੀ ਸਹੂਲਤਾਂ ਮੁੜ ਚਾਲੂ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਸੰਸਾਰ ਸਿਹਤ ਸੰਸਥਾ (ਡਬਲਯੂ.ਐੱਚ.ਓ.) ਜੋ ਹਮੇਸ਼ਾ ਅਮਰੀਕੀ ਪ੍ਰਭਾਵ ਹੇਠ ਰਹਿੰਦੀ ਰਹੀ ਹੈ, ਅਤੇ ਅਮਰੀਕੀ ਦਿਓ-ਕੱਦ ਦਵਾਈ ਕੰਪਨੀਆਂ ਦੇ ਦੁਨੀਆਂ ਭਰ ਵਿਚ ਵਪਾਰਕ ਵਾਧੇ ਲਈ ਯਤਨਸ਼ੀਲ ਰਹੀ ਹੈ, ਉਹ ਵੀ ਟਰੰਪ ਦੀਆਂ ਆਪਹੁਦਰੀਆਂ ਕਾਰਨ ਅਮਰੀਕਾ ਤੋਂ ਦੂਰ ਚਲੀ ਗਈ ਹੈ। ਡਬਲਯੂ.ਐੱਚ.ਓ. ਵਿਚ ਆਪਣਾ ਸਥਾਨ ਮੁੜ ਬਹਾਲ ਕਰਨਾ ਅਤੇ ਸੰਸਾਰ ਸਿਹਤ ਵਿਚ ਅਮਰੀਕਾ ਦੀ ਸਰਦਾਰੀ ਮੁੜ ਬਹਾਲ ਕਰਨਾ ਉਨ੍ਹਾਂ ਲਈ ਵੱਡੀ ਚੁਣੌਤੀ ਹੈ। ਮੁੱਕਦੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਟਰੰਪ ਪ੍ਰਸ਼ਾਸਨ ਵੱਲੋਂ ਦੁਨੀਆਂ ਦੀ ਮਹਾਂਸ਼ਕਤੀ ਵਜੋਂ ਉੱਭਰੇ ਅਮਰੀਕਾ ਨੂੰ ਮੁੜ ਅਮਰੀਕਾ ਵਿਚ ਹੀ ਸੀਮਤ ਕਰਨ ਦੀਆਂ ਨੀਤੀਆਂ ਨੂੰ ਸਮੁੱਚੇ ਰੂਪ ਵਿਚ ਉਲਟਾ ਕੇ ਪਹਿਲੀ ਥਾਂ ਕਰਨ ਦਾ ਕਾਰਜ ਬਾਇਡਨ ਲਈ ਵੱਡੀ ਚੁਣੌਤੀ ਅਤੇ ਮੌਕਾ ਬਣ ਕੇ ਉੱਭਰਿਆ ਹੈ।


Share