ਨਵਾਜ਼ ਸ਼ਰੀਫ ਦਾ ਜਵਾਈ ਰਾਵਲਪਿੰਡੀ ਦੀ ਅਦਿਆਲਾ ਜੇਲ ਭੇਜਿਆ ਗਿਆ

ਇਸਲਾਮਾਬਾਦ, 10 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਰਿਟਾਇਰਡ ਕੈਪਟਨ ਮੁਹੰਮਦ ਸਫਦਰ ਅਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਖਤ ਸੁਰੱਖਿਆ ਵਿਚਕਾਰ ਸੋਮਵਾਰ ਨੂੰ ਸਫਦਰ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ ਲੈ ਜਾਇਆ ਗਿਆ। ਆਮਦਨ ਤੋਂ ਜ਼ਿਆਦਾ ਜਾਇਦਾਦ ਅਤੇ ਲੰਡਨ ਵਿਚ ਸ਼ਾਨਦਾਰ ਬੰਗਲੇ ਖਰੀਦਣ ਦੇ ਮਾਮਲੇ ਵਿਚ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਦੇ ਨਾਲ ਸਫਦਰ ਨੂੰ ਵੀ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ। ਸ਼ਰੀਫ ‘ਤੇ ਚੱਲ ਰਹੇ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਸੁਣਵਾਈ ਵੀਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਸ਼ਰੀਫ ਅਤੇ ਮਰੀਅਮ ਹਾਲੇ ਲੰਡਨ ਵਿਚ ਹੀ ਹਨ।
ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ ਰੀਅਲ ਅਸਟੇਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਐਤਵਾਰ ਨੂੰ ਸਫਦਰ ਨੂੰ ਗ੍ਰਿਫਤਾਰ ਕਰ ਲਿਆ ਸੀ। ਸ਼ੁੱਕਰਵਾਰ ਨੂੰ ਅਦਾਲਤ ਵਿਚ ਸਜ਼ਾ ਦਾ ਐਲਾਨ ਹੁੰਦੇ ਹੀ ਸਫਦਰ ਅੰਡਰ ਗ੍ਰਾਊਂਡ ਹੋ ਗਿਆ ਸੀ। ਇਸ ਮਗਰੋਂ ਉਹ ਰਾਵਲਪਿੰਡੀ ਵਿਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਪਾਰਟੀ ਦੀ ਇਕ ਰੈਲੀ ਦੀ ਅਗਵਾਈ ਕਰਦੇ ਦਿਸੇ ਸਨ। ਰੈਲੀ ਵਿਚ ਸਮਰਥਕਾਂ ਦੇ ਵਿਰੋਧ ਵਿਚਕਾਰ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਐੱਨ.ਏ.ਬੀ. ਨੇ ਬਾਅਦ ਵਿਚ ਕਿਹਾ ਸੀ ਕਿ ਸਫਦਰ ਦੋਸ਼ੀ ਹਨ, ਗ੍ਰਿਫਤਾਰੀ ਤੋਂ ਬਚਣ ਵਿਚ ਉਨ੍ਹਾਂ ਦਾ ਸਾਥ ਦੇਣ ਵਾਲਿਆਂ ‘ਤੇ ਵੀ ਕਾਰਵਾਈ ਕੀਤੀ ਜਾਵੇਗੀ। ਗ੍ਰਿਫਤਾਰੀ ਵਿਚ ਰੁਕਾਵਟ ਪਾਉਣ ਲਈ ਪੀ.ਐੱਮ.ਐੱਲ.-ਐੱਨ. ਦੇ ਹੋਰ ਨੇਤਾਵਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਐੱਨ.ਏ.ਬੀ. ਅਧਿਕਾਰੀਆਂ ਨੇ ਮੀਡੀਆ ਨੂੰ ਵੀ ਉਨ੍ਹਾਂ ਦਾ ਪ੍ਰਚਾਰ ਕਰਨ ਤੋਂ ਪਰਹੇਜ਼ ਕਰਨ ਲਈ ਕਿਹਾ ਹੈ।