ਨਵਾਜ਼ ਸਰਕਾਰ ਵੱਲੋਂ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਹਰੀ ਝੰਡੀ

ਪਾਕਿ ਟੀਮ ਦੁਬਈ ਤੋਂ ਅੱਜ ਪੁੱਜੇਗੀ ਕੋਲਕਾਤਾ, ਰਾਜਨਾਥ ਸਿੰਘ ਨੇ ਵੀ ਦਿੱਤਾ ਸੁਰੱਖਿਆ ਦਾ ਭਰੋਸਾ
ਇਸਲਾਮਾਬਾਦ, 11 ਮਾਰਚ (ਪੰਜਾਬ ਮੇਲ)- ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨੀ ਟੀਮ ਦੀ ਸ਼ਮੂਲੀਅਤ ਨੂੰ ਲੈ ਕੇ ਚੱਲ ਰਹੀਆਂ ਕਿਆਸ ਅਰਾਈਆਂ ਦਾ ਭੋਗ ਪਾਉਂਦਿਆਂ ਪਾਕਿਸਤਾਨ ਸਰਕਾਰ ਨੇ ਮੇਜ਼ਬਾਨ ਮੁਲਕ ਵੱਲੋਂ ਸੁਰੱਖਿਆ ਦਾ ਭਰੋਸਾ ਮਿਲਣ ਮਗਰੋਂ ਪਾਕਿ ਕ੍ਰਿਕਟ ਟੀਮ ਨੂੰ ਭਾਰਤ ਜਾਣ ਦੀ ਇਜਾਜ਼ਤ ਦੇ ਦਿੱਤੀ। ਟੀਮ ਭਲਕੇ ਦੁਬਈ ਤੋਂ ਸਿੱਧਾ ਕੋਲਕਾਤਾ ਪੁੱਜੇਗੀ। ਉਂਜ ੲਿਜਾਜ਼ਤ ਵਿੱਚ ਦੇਰੀ ਕਰਕੇ ਟੀਮ ਦਾ ਭਲਕੇ ਬੰਗਾਲ ਦੀ ਰਣਜੀ ਟੀਮ ਖ਼ਿਲਾਫ਼ ਅਭਿਆਸ ਮੈਚ ਵੀ ਰੱਦ ਹੋ ਗਿਆ।
ਪਾਕਿਸਤਾਨ ਕ੍ਰਿਕਟ ਬੋਰਡ ਦੀ ਕਾਰਜਕਾਰੀ ਕਮੇਟੀ ਦੇ ਮੁਖੀ ਨਜਮ ਸੇਠੀ ਨੇ ਗ੍ਰਹਿ ਮੰਤਰੀ ਚੌਧਰੀ ਨਿਸਾਰ ਅਲੀ ਖ਼ਾਨ ਨਾਲ ਲੰਮੀ ਮੀਟਿੰਗ ਉਪਰੰਤ ਸਰਕਾਰ ਵੱਲੋਂ ਟੀਮ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਟੀਮ ਅੱਜ ਰਾਤ ਨੂੰ ਹੀ ਦੁਬਈ ਰਵਾਨਾ ਹੋ ਜਾਵੇਗੀ, ਜਿੱਥੋਂ ਉਹ ਸਿੱਧੀ ਕੋਲਕਾਤਾ ਜਾਏਗੀ। ਉਂਜ ਸੇਠੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਭਾਰਤ ਵਿੱਚ ਪਾਕਿਸਤਾਨ ਟੀਮ ਦੀ ਸੁਰੱਖਿਆ ਨੂੰ ਲੈ ਕੇ ‘ਪੱਕਾ ਯਕੀਨ’ ਮਿਲਣ ਤੇ ਨਵੀਂ ਦਿੱਲੀ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਗੱਲਬਾਤ ਤੋਂ ਬਾਅਦ ਹੀ ਟੀਮ ਨੂੰ ਹਰੀ ਝੰਡੀ ਵਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਹਾਈ ਕਮਿਸ਼ਨਰ ਨੇ ਅੱਜ ਨਵੀਂ ਦਿੱਲੀ ਵਿੱਚ ਗ੍ਰਹਿ ਸਕੱਤਰ ਨਾਲ ਗੱਲ ਕਰਕੇ ਸੁਰੱਖਿਆ ਪ੍ਰਬੰਧਾਂ ’ਤੇ ਚਰਚਾ ਕੀਤੀ।
ਇਸ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰਾਲੇ ਨੇ ਵੀ ਉਪਰੋਕਤ ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕਰਕੇ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਸਾਰੀਆਂ ਟੀਮਾਂ ਨੂੰ ਪੂਰੀ ਸੁਰੱਖਿਆ ਮੁਹੱਈਅਾ ਕਰਵਾਉਣ ਦੀ ਗੱਲ ਕਹੀ। ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਨੂੰ ਸਕਾਰਾਤਮਕ ਦੱਸਿਆ। ਉਨ੍ਹਾਂ ਕਿਹਾ ਕਿ ਬੀਤੇ ਵਿੱਚ ਵੀ ਸਾਰੀਆਂ ਟੀਮਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਰਹੀ ਹੈ ਤੇ ਹੁਣ ਵੀ ਅਜਿਹਾ ਹੀ ਹੋਵੇਗਾ, ਘਬਰਾਉਣ ਦੀ ਕੋਈ ਗੱਲ ਨਹੀਂ।
ਪੀਸੀਬੀ ਦੇ ਸੂਤਰਾਂ ਮੁਤਾਬਕ ਮੁਲਕ ਦੇ ਗ੍ਰਹਿ ਮੰਤਰੀ ਨੇ ਸਾੳੂਦੀ ਅਰਬ ਦੀ ਅਧਿਕਾਰਤ ਯਾਤਰਾ ’ਤੇ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਸਕੱਤਰ ਵੱਲੋਂ ਦਿੱਤੇ ਸੁਰੱਖਿਆ ਦੇ ਭਰੋਸੇ ਬਾਰੇ ਦੱਸਿਆ ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟੀਮ ਨੂੰ ਭਾਰਤ ਜਾਣ ਦੀ ੲਿਜਾਜ਼ਤ ਦੇ ਦਿੱਤੀ।
ਯਾਦ ਰਹੇ ਕਿ ਵਿਸ਼ਵ ਕੱਪ ਦੇ ਤਜਵੀਜ਼ਤ ਪ੍ਰੋਗਰਾਮ ਮੁਤਾਬਕ ਭਾਰਤ ਤੇ ਪਾਕਿਸਤਾਨ ਵਿੱਚ 19 ਮਾਰਚ ਨੂੰ ਧਰਮਸ਼ਾਲਾ ਵਿੱਚ ਮੈਚ ਖੇਡਿਆ ਜਾਣਾ ਸੀ, ਪਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਵੱਲੋਂ ਮਹਿਮਾਨ ਟੀਮ ਨੂੰ ਸੁਰੱਖਿਆ ਮੁਹੱਈਆ ਕਰਵਾਏ ਜਾਣ ਤੋਂ ਅਸਮਰਥਾ ਜਤਾਏ ਜਾਣ ਤੋਂ ਬਾਅਦ ਇਸ ਮੈਚ ’ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਸਨ। ਉਪਰੰਤ ਪੀਸੀਬੀ ਦੀ ਦੋ ਮੈਂਬਰੀ ਟੀਮ ਨੇ ਭਾਰਤ ਆ ਕੇ ਧਰਮਸ਼ਾਲਾ ਵਿੱਚ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ ਸੀ। ਇਸ ਟੀਮ ਵੱਲੋਂ ਦਿੱਤੀ ਰਿਪੋਰਟ ਬਾਅਦ ਬੀਤੇ ਦਿਨੀਂ ਮੈਚ ਨੂੰ ਧਰਮਸ਼ਾਲਾ ਤੋਂ ਕੋਲਕਾਤਾ ਤਬਦੀਲ ਕਰ ਦਿੱਤਾ ਗਿਆ ਸੀ।
There are no comments at the moment, do you want to add one?
Write a comment