ਨਵਾਂ ਸ਼ਹਿਰ, 8 ਮਈ (ਪੰਜਾਬ ਮੇਲ)- ਅੱਜ ਸਵੇਰੇ ਤਕਰੀਬਨ 11 ਵਜੇ ਭਾਰਤੀ ਏਅਰ ਫੋਰਸ ਦਾ ਲੜਾਕੂ ਜਹਾਜ਼ ਮਿੱਗ-29 ਤਕਨੀਕੀ ਖਰਾਬੀ ਕਾਰਨ ਕ੍ਰੈਸ਼ ਹੋ ਗਿਆ। ਇਹ ਖਰਾਬੀ ਪਿੰਡ ਰੁੜਕੀ ਦੇ ਨਜ਼ਦੀਕ ਆਈ ਜਿਸ ਤੋਂ ਬਾਅਦ ਪਾਇਲਟ ਨੇ ਪੈਰਾਸ਼ੂਟ ਦੇ ਜ਼ਰੀਏ ਛੱਲ ਮਾਰ ਦਿੱਤੀ ਤੇ ਇਹ ਜਹਾਜ਼ ਪਿੰਡ ਚੂਹੜਪੁਰ ਦੇ ਖੇਤਾਂ ‘ਚ ਜਾ ਡਿੱਗਾ। ਇਸ ਤੋਂ ਬਾਅਦ ਇਸ ਲੜਾਕੂ ਜਹਾਜ਼ ਨੂੰ ਅੱਗ ਲੱਗ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਸਵੇਰੇ ਤਕਰੀਬਨ 10:30 ਵੇਜ ਜਲੰਧਰ ਦੇ ਆਦਮਪੁਰ ਏਅਰ ਫੋਰਸ ਸਟੇਸ਼ਨ ਤੋਂ ਉਡਾਣ ਭਰੀ ਸੀ। ਏਅਰ ਫੋਰਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਪੁਲਿਸ ਤੇ ਮਾਹਰਾਂ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੈ ਜੋ ਇਸ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕਰੇਗੀ। ਫਿਲਹਾਲ ਪਾਇਲਟ ਸੁਰੱਖਿਅਤ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਦੇ ਹਾਜੀਪੁਰ ਸਥਿਤ ਪਿੰਡ ਬੁੱਢੜਾਵੜ ‘ਚ ਏਅਰ ਫੋਰਸ ਦੇ ਅਪਾਚੇ ਹੈਲੀਕੋਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਹਾਲਾਂਕਿ ਉਸ ‘ਚ ਹੈਲੀਕੋਪਟਰ ਤੇ ਪਾਇਲੇਟ ਦੋ ਸੁਰੱਖਿਅਤ ਸਨ।