ਨਵਰੀਤ ਸਿੰਘ ਦੀ ਮੌਤ ਦਾ ਮਾਮਲਾ: ਐਕਸਰੇ ਰਿਪੋਰਟ ਦੀ ਪੜਤਾਲ ਲਈ ਮਾਹਰਾਂ ਦਾ ਬੋਰਡ ਬਣਾਉਣ ਦੇ ਨਿਰਦੇਸ਼

250
Share

ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)-ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਨਵਰੀਤ ਸਿੰਘ ਦੀ ਮੌਤ ਦੇ ਮਾਮਲੇ ’ਚ ਦਿੱਲੀ ਹਾਈ ਕੋਰਟ ਨੇ ਦਿੱਲੀ ਦੇ ਸਿਹਤ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨੌਜਵਾਨ ਕਿਸਾਨ ਦੇ ਐਕਸਰੇ ਰਿਪੋਰਟ ਦੀ ਪੜਤਾਲ ਲਈ ਮਾਹਿਰਾਂ ਦਾ ਬੋਰਡ ਬਣਾਉਣ। ਜਸਟਿਸ ਯੋਗੇਸ਼ ਖੰਨਾ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦੇ ਡਾਕਟਰਾਂ ਨੂੰ ਵੀ ਕਿਹਾ ਹੈ ਕਿ ਉਹ ਅਸਲ ਐਕਸਰੇ ਪਲੇਟ ਤੋਂ ਐਕਸਰੇ ਰਿਪੋਰਟ ਤਿਆਰ ਕਰਨ ਜੋ ਦਿੱਲੀ ਪੁਲਿਸ ਨੂੰ ਉੱਤਰ ਪ੍ਰਦੇਸ਼ ਪੁਲਿਸ ਤੋਂ ਮਿਲੀ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਰਿਪੋਰਟ ਦੀ ਪੜਤਾਲ ਮੈਡੀਕਲ ਅਤੇ ਫੋਰੈਂਸਿਕ ਮਾਹਿਰਾਂ ’ਤੇ ਆਧਾਰਿਤ ਬੋਰਡ ਵੱਲੋਂ ਕੀਤੀ ਜਾਵੇ। ਅਦਾਲਤ ਨੇ ਕੇਸ ਦੀ ਸੁਣਵਾਈ 14 ਅਪ੍ਰੈਲ ’ਤੇ ਪਾ ਦਿੱਤੀ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਯੂ.ਪੀ. ਪੁਲਿਸ ਨੂੰ ਐਕਸਰੇ ਦੀ ਅਸਲ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਦੇਣ ਦੀ ਬੇਨਤੀ ਕੀਤੀ ਸੀ ਪਰ ਰਾਮਪੁਰ ਪੁਲਿਸ ਦੇ ਅਧਿਕਾਰੀਆਂ ਅਤੇ ਹਸਪਤਾਲ ਨੇ ਇਨਕਾਰ ਕਰਦਿਆਂ ਕਿਹਾ ਸੀ ਕਿ ਜਦੋਂ ਤੱਕ ਅਦਾਲਤ ਇਸ ਬਾਰੇ ਹੁਕਮ ਨਹੀਂ ਦਿੰਦੀ, ਉਹ ਕੋਈ ਵੀ ਰਿਪੋਰਟ ਨਹੀਂ ਦੇਣਗੇ। ਯੂ. ਪੀ. ਪੁਲਿਸ ਦੇ ਵਕੀਲ ਅਤੇ ਹਸਪਤਾਲ ਦੇ ਸੀ.ਐੱਮ.ਓ. ਨੇ ਕਿਹਾ ਸੀ ਕਿ ਉਨ੍ਹਾਂ ਕੋਲ ਐਕਸਰੇ ਰਿਪੋਰਟ ਨਹੀਂ ਹੈ ਅਤੇ ਅਦਾਲਤ ਵੱਲੋਂ ਤੈਅ ਕੀਤੇ ਗਏ ਸਮੇਂ ਤੇ ਤਰੀਕ ’ਤੇ ਉਹ ਦਿੱਲੀ ਪੁਲਿਸ ਨੂੰ ਐਕਸਰੇਅ ਪਲੇਟ ਤੇ ਪੋਸਟਮਾਰਟਮ ਦੀ ਰਿਪੋਰਟ ਸੌਂਪ ਦੇਣਗੇ। ਪਟੀਸ਼ਨਰ ਵੱਲੋਂ ਪੇਸ਼ ਹੋਈ ਵਕੀਲ ਵਰਿੰਦਾ ਗਰੋਵਰ ਨੇ ਐਕਸਰੇ ਅਤੇ ਪੋਸਟਮਾਰਟਮ ਰਿਪੋਰਟ ਦੀ ਕਾਪੀ ਮੰਗੀ ਸੀ। ਵਕੀਲ ਸੌਤਿਕ ਬੈਨਰਜੀ ਰਾਹੀਂ ਦਾਖ਼ਲ ਕੀਤੀ ਗਈ ਅਰਜ਼ੀ ’ਚ ਮੰਗ ਕੀਤੀ ਸੀ ਕਿ ਅਦਾਲਤ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਬਣਾ ਕੇ ਨੌਜਵਾਨ ਕਿਸਾਨ ਦੀ ਮੌਤ ਦੀ ਜਾਂਚ ਕੀਤੀ ਜਾਵੇ। ਦਿੱਲੀ ਪੁਲਿਸ ਨੇ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਲੱਗੇ ਸੀ. ਸੀ.ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਕਿਹਾ ਹੈ ਕਿ ਨਵਰੀਤ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾ ਰਿਹਾ ਸੀ ਅਤੇ ਬੈਰੀਕੇਡਾਂ ਨਾਲ ਟਕਰਾਉਣ ਮਗਰੋਂ ਟਰੈਕਟਰ ਪਲਟ ਗਿਆ ਸੀ।
ਦਾਦੇ ਵੱਲੋਂ ਨਵਰੀਤ ਦੇ ਸਿਰ ’ਤੇ ਗੋਲੀ ਲੱਗਣ ਦਾ ਦਾਅਵਾ
ਹਾਈ ਕੋਰਟ ਵੱਲੋਂ ਨਵਰੀਤ ਸਿੰਘ ਦੇ ਦਾਦੇ ਹਰਦੀਪ ਸਿੰਘ ਦੀ ਅਰਜ਼ੀ ’ਤੇ ਸੁਣਵਾਈ ਕੀਤੀ ਜਾ ਰਹੀ ਹੈ ਜਿਸ ’ਚ ਹਰਦੀਪ ਸਿੰਘ ਨੇ ਦਾਅਵਾ ਕੀਤਾ ਕਿ ਨਵਰੀਤ ਦੇ ਸਿਰ ’ਚ ਗੋਲੀ ਲੱਗੀ ਸੀ। ਉਂਜ ਦਿੱਲੀ ਅਤੇ ਯੂ.ਪੀ. ਪੁਲਿਸ ਨੇ ਅਦਾਲਤ ਨੂੰ ਦੱਸਿਆ ਹੈ ਕਿ ਨਵਰੀਤ ਦੇ ਸਿਰ ’ਚ ਗੋਲੀ ਲੱਗਣ ਦੇ ਕੋਈ ਜ਼ਖ਼ਮ ਨਹੀਂ ਹਨ ਅਤੇ ਟਰੈਕਟਰ ਪਲਟਣ ਕਾਰਨ ਉਸ ਦੀ ਮੌਤ ਹੋਈ ਹੈ। ਦਿੱਲੀ ਸਰਕਾਰ ਦੇ ਸਟੈਂਡਿੰਗ ਕਾਊਂਸਿਲ (ਕਿ੍ਰਮੀਨਲ) ਰਾਹੁਲ ਮਹਿਰਾ ਅਤੇ ਦਿੱਲੀ ਪੁਲਿਸ ਦੇ ਨੁਮਾਇੰਦੇ ਵਕੀਲ ਚੈਤੰਨਯ ਗੋਸਾਈਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨਵਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਵਕੀਲਾਂ ਨੂੰ ਸੀ. ਸੀ. ਟੀ. ਵੀ. ਫੁਟੇਜ ਦਿਖਾ ਦਿੱਤੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਯੂ. ਪੀ. ਪੁਲੀਸ ਨੂੰ ਐਕਸਰੇ ਦੀ ਅਸਲ ਪਲੇਟ ਅਤੇ ਪੋਸਟਮਾਰਟਮ ਦਾ ਵੀਡੀਓ ਦਿੱਲੀ ਪੁਲਿਸ ਨੂੰ ਦੇਣ ਦੇ ਨਿਰਦੇਸ਼ ਦਿੱਤੇ ਸਨ।

Share