ਨਵਜੋਤ ਸਿੱਧੂ ਦੇ ‘ਆਪ’ ਪ੍ਰਤੀ ਕੀਤੇ ਟਵੀਟ ਨੇ ਕਾਂਗਰਸ ’ਚ ਨਵੀਂ ਚਰਚਾ ਛੇੜੀ

134
Share

-ਭਗਵੰਤ ਮਾਨ ਵੱਲੋਂ ਚੁੱਕੇ ਗਏ ਸੁਆਲ ਮਗਰੋਂ ਕੀਤੇ ਟਵੀਟ
-ਪੰਜਾਬ ਪ੍ਰਤੀ ਨਜ਼ਰੀਏ ਨੂੰ ‘ਆਪ’ ਤੋਂ ਮਾਨਤਾ ਮਿਲਣ ਦੀ ਗੱਲ ਆਖੀ
ਚੰਡੀਗੜ੍ਹ, 14 ਜੁਲਾਈ (ਪੰਜਾਬ ਮੇਲ)- ਸਾਬਕਾ ਮੰਤਰੀ ਨਵਜੋਤ ਸਿੱਧੂ ਵੱਲੋਂ ‘ਆਪ’ ਪ੍ਰਤੀ ਮਿੱਠਾ ਸੁਰ ਰੱਖੇ ਜਾਣ ਤੋਂ ਕਾਂਗਰਸ ’ਚ ਨਵੇਂ ਚਰਚੇ ਛਿੜੇ ਹਨ। ਨਵਜੋਤ ਸਿੱਧੂ ਨੇ ‘ਆਪ’ ਬਾਰੇ ਉਸ ਵੇਲੇ ਇਹ ਟਵੀਟ ਕੀਤੇ ਹਨ, ਜਦੋਂ ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦਾ ਰੱਫੜ ਸਮੇਟਣ ਲਈ ਫ਼ੈਸਲਾ ਲੈਣ ਵਾਲੀ ਹੈ। ਗੱਲ ਇਹ ਵੀ ਚੱਲੀ ਹੈ ਕਿ ਨਵਜੋਤ ਸਿੱਧੂ ਨੇ ‘ਆਪ’ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਵੱਲੋਂ ਉਠਾਏ ਸੁਆਲ ਦੇ ਜੁਆਬ ’ਚ ਇਹ ਟਵੀਟ ਕੀਤਾ ਹੈ, ਜੋ ਕੋਈ ਡੂੰਘਾ ਅਰਥ ਨਹੀਂ ਰੱਖਦਾ ਹੈ।
ਦੱਸ ਦੇਈਏ ਕਿ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਾਈਵੇਟ ਥਰਮਲਾਂ ਵਾਲੇ ਕਾਰਪੋਰੇਟਾਂ ਵੱਲੋਂ ਕਾਂਗਰਸ ਪਾਰਟੀ ਨੂੰ ਦਿੱਤੇ ਕਰੋੜਾਂ ਰੁਪਏ ਦੇ ਚੰਦੇ ਦੇ ਸੰਦਰਭ ’ਚ ਆਖਿਆ ਸੀ ਕਿ ਨਵਜੋਤ ਸਿੱਧੂ ਨੂੰ ਇਸ ਚੰਦੇ ਬਾਰੇ ਵੀ ਟਵੀਟ ਕਰਨਾ ਚਾਹੀਦਾ ਹੈ। ਨਵਜੋਤ ਸਿੱਧੂ ਨੇ ਭਗਵੰਤ ਮਾਨ ਵੱਲੋਂ ਉਠਾਏ ਇਸ ਸੁਆਲ ਦੇ ਜੁਆਬ ਵਿਚ ਕਾਰਪੋਰੇਟਾਂ ਬਾਰੇ ਤਾਂ ਕੋਈ ਮੂੰਹ ਨਹੀਂ ਖੋਲ੍ਹਿਆ ਪਰ ਮੋੜਵੇਂ ਰੂਪ ’ਚ ਟਵੀਟ ਕਰਕੇ ਇੰਨਾ ਜ਼ਰੂਰ ਕਿਹਾ ਕਿ ਵਿਰੋਧੀ ਧਿਰ ਵੀ ਹੁਣ ਉਨ੍ਹਾਂ ਤੋਂ ਸਵਾਲ ਪੁੱਛਣ ਦੀ ਹਿੰਮਤ ਕਰਦੀ ਹੈ ਪਰ ਉਹ (ਵਿਰੋਧੀ ਧਿਰ) ਉਨ੍ਹਾਂ ਦੇ ਲੋਕ ਪੱਖੀ ਏਜੰਡੇ ਤੋਂ ਖਿਸਕ ਨਹੀਂ ਸਕਦੀ। ਇਸ ਟਵੀਟ ਤੋਂ ਇਹੋ ਜਾਪਦਾ ਹੈ ਕਿ ਨਵਜੋਤ ਸਿੱਧੂ ਨੇ ਭਗਵੰਤ ਮਾਨ ਦੇ ਜੁਆਬ ਵਜੋਂ ਇਹ ਸਿਆਸੀ ਗੱਲ ਆਖੀ ਹੈ ਪਰ ਨਵਜੋਤ ਸਿੱਧੂ ਦੇ ਦੂਜੇ ਟਵੀਟ ਦੇ ਕਾਫੀ ਚਰਚੇ ਤੁਰੇ ਹਨ। ਨਵਜੋਤ ਸਿੱਧੂ ਨੇ ਇਸ ਟਵੀਟ ’ਚ ਕਿਹਾ ਹੈ ਕਿ ‘ਆਪ’ ਨੇ ਹਮੇਸ਼ਾ ਉਨ੍ਹਾਂ (ਨਵਜੋਤ ਸਿੱਧੂ) ਦੇ ਕੰਮ ਅਤੇ ਪੰਜਾਬ ਪ੍ਰਤੀ ਨਜ਼ਰੀਏ ਨੂੰ ਮਾਨਤਾ ਦਿੱਤੀ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਉਹ 2017 ਤੋਂ ਬੇਅਦਬੀ ਮਾਮਲਾ, ਨਸ਼ਿਆਂ, ਕਿਸਾਨਾਂ ਦੇ ਮੁੱਦੇ, ਭਿ੍ਰਸ਼ਟਾਚਾਰ ਅਤੇ ਬਿਜਲੀ ਦਾ ਮੁੱਦਾ ਉਠਾਉਂਦੇ ਆ ਰਹੇ ਹਨ। ਉਨ੍ਹਾਂ ਨੇ ਹੁਣ ‘ਪੰਜਾਬ ਮਾਡਲ’ ਲੋਕਾਂ ਸਾਹਮਣੇ ਰੱਖਿਆ ਹੈ, ਜਿਸ ਤੋਂ ਸਾਫ਼ ਹੈ ਕਿ ਪੰਜਾਬ ਲਈ ਅਸਲੀ ਲੜਾਈ ਕੌਣ ਲੜ ਰਿਹਾ ਹੈ। ਸਿਆਸੀ ਹਲਕਿਆਂ ’ਚ ਚਰਚੇ ਹਨ ਕਿ ਨਵਜੋਤ ਸਿੱਧੂ ਨੇ ਦੋ ਦਿਨ ਪਹਿਲਾਂ ਤੱਕ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ’ਤੇ ਰੱਖਿਆ ਹੋਇਆ ਸੀ ਅਤੇ ‘ਦਿੱਲੀ ਮਾਡਲ’ ਦੀ ਥਾਂ ‘ਪੰਜਾਬ ਮਾਡਲ’ ਨੂੰ ਰੱਖਿਆ ਸੀ। ਹੁਣ ਨਵਜੋਤ ਸਿੱਧੂ ਵੱਲੋਂ ‘ਆਪ’ ਪ੍ਰਤੀ ਨਰਮੀ ਅਪਣਾਈ ਜਾ ਰਹੀ ਹੈ। ਚਰਚੇ ਹਨ ਕਿ ਨਵਜੋਤ ਸਿੱਧੂ ਕਿਤੇ ਇਸ ਮੌਕੇ ’ਤੇ ਕਾਂਗਰਸ ਹਾਈਕਮਾਨ ’ਤੇ ਕੋਈ ਦਬਾਓ ਤਾਂ ਨਹੀਂ ਬਣਾ ਰਹੇ ਕਿਉਂਕਿ ਇੱਕ ਦੋ ਦਿਨਾਂ ’ਚ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਫੈਸਲਾ ਆਉਣ ਵਾਲਾ ਹੈ। ਸੂਤਰ ਇਹ ਵੀ ਆਖ ਰਹੇ ਹਨ ਕਿ ਨਵਜੋਤ ਸਿੱਧੂ ਦਾ ਇਹ ਗੁੱਝਾ ਪੈਂਤੜਾ ਵੀ ਹੋ ਸਕਦਾ ਹੈ ਕਿ ਜੇਕਰ ਕਾਂਗਰਸ ਦੀ ਪ੍ਰਧਾਨਗੀ ਹੱਥੋਂ ਖਿਸਕਦੀ ਜਾਪੀ ਤਾਂ ਬਦਲਵੇਂ ਰਾਹ ਹੁਣ ਤੋਂ ਹੀ ਤਲਾਸ਼ੇ ਜਾਣ।

Share