ਨਵਜੋਤ ਸਿੰਘ ਸਿੱਧੂ ਨੇ ਪੱਤੋ ਪਿੰਡ ਜਾ ਕੇ ਕਿਸਾਨ ਤੋਂ ਖ਼ੁਦ ਸਬਜ਼ੀਆਂ ਤੇ ਦੁੱਧ ਖਰੀਦਿਆ

ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਕਿਸਾਨੀ ਸੰਕਟ ਲਈ ਕੇਂਦਰ ਨੂੰ ਜ਼ਿੰਮੇਵਾਰ ਦੱਸਿਆ
ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦਾ ਵਾਅਦਾ ਨਾ ਪੂਰਾ ਕਰ ਕੇ ਕੇਂਦਰ ਨੇ ਧ੍ਰੋਹ ਕਮਾਇਆ
ਤੇਲ ਕੀਮਤਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਤੈਅ ਹੋਵੇ
ਫਸਲਾਂ/ਸਬਜ਼ੀਆਂ ਦੀਆਂ ਵਾਜਬ ਕੀਮਤਾਂ ਅਤੇ ਉੱਚਿਤ ਮੰਡੀਕਰਨ ਦੀ ਕੀਤੀ ਵਕਾਲਤ
ਕਰਜ਼ਾ ਮੁਆਫ਼ੀ ਤੇ ਮੰਡੀਆਂ ‘ਚੋ ਸਮੇਂ ਸਿਰ ਚੁੱਕ ਕੇ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਬਾਂਹ ਫੜੀ: ਸਿੱਧੂ
ਫਤਹਿਗੜ੍ਹ ਸਾਹਿਬ, 1 ਜੂਨ (ਪੰਜਾਬ ਮੇਲ)- ਕਿਸਾਨਾਂ ਵੱਲੋਂ 1 ਤੋਂ 10 ਜੂਨ ਤੱਕ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਪਹਿਲੇ ਦਿਨ ਕਿਸਾਨਾਂ ਦੀ ਹਮਾਇਤ ਕਰਦਿਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਪੱਤੋਂ ਵਿਖੇ ਪੁੱਜ ਕੇ ਕਿਸਾਨ ਦੇ ਕੋਲੋਂ ਖੁਦ ਸਬਜ਼ੀਆ ਅਤੇ ਦੁੱਧ ਖਰੀਦਿਆ। ਸ. ਸਿੱਧੂ ਤੇ ਉਨ੍ਹਾਂ ਦੇ ਨਾਲ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਤੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀਪੀ ਵੀ ਨਾਲ ਸਨ ਜਿਨ੍ਹਾਂ ਨੇ ਸ.ਹਰਸ਼ਰਨ ਸਿੰਘ ਦੇ ਫ਼ਾਰਮ ਹਾਊਸ ਜਾ ਕੇ ਖੁਦ ਸਬਜ਼ੀਆਂ ਤੇ ਦੁੱਧ ਖਰੀਦਦਿਆਂ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਸਭ ਤੋਂ ਵੱਡੀ ਪਹਿਲ ਹੈ। ਕਿਸਾਨੀ ਬਚਾਉਣ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਸ. ਸਿੱਧੂ ਦਾ ਕਹਿਣਾ ਹੈ ਕਿ ਉਹ ਅੱਜ ਖੁਦ ਖੇਤ ਵਿੱਚੋਂ ਕਿਸਾਨਾਂ ਦੇ ਹੱਥੋਂ ਸਬਜ਼ੀ ਦੁੱਧ ਖਰੀਦ ਕੇ ਸੂਬੇ ਦੇ ਲੋਕਾਂ ਨੂੰ ਸੁਨੇਹੇ ਦੇਣਾ ਚਾਹੁੰਦੇ ਹਨ ਕਿ ਕਿਸਾਨੀ ਦੀ ਸਾਡੇ ਲਈ ਕੀ ਅਹਿਮੀਅਤ ਹੈ।
ਸ. ਸਿੱਧੂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸਵਾਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਫਸਲਾਂ ਦੀ ਵਾਜਬ ਕੀਮਤ ਨਹੀਂ ਮਿਲਦੀ ਜਿਸ ਕਾਰਨ ਅੰਨਦਾਤਾ ਅੱਜ ਖੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਸਾਨੀ ਸੰਕਟ ਲਈ ਕੇਂਦਰ ਦੀ ਐਨ.ਡੀ.ਏ. ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਜੇਕਰ ਵੋਟਾਂ ਤੋਂ ਪਹਿਲਾ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤਾਂ ਅੱਜ ਕਿਸਾਨਾਂ ਦਾ ਇਨ੍ਹਾਂ ਮੰਦਾ ਹਾਲ ਨਹੀਂ ਹੋਣਾ ਸੀ ਅਤੇ ਕਿਸਾਨੀ ਖ਼ੁਦਕੁਸ਼ੀਆਂ ਦੇ ਰਾਹ ਨਹੀਂ ਪੈਂਦੀ। ਉਨ੍ਹਾਂ ਤੇਲ ਕੀਮਤਾਂ ਅਨੁਸਾਰ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੀ ਵਕਾਲਤ ਕਰਦਿਆਂ ਕਿਹਾ ਕਿ ਪਿਛਲੇ 25 ਸਾਲਾਂ ਵਿੱਚ ਤੇਲ ਕੀਮਤਾਂ ਵਿੱਚ 12 ਗੁਣਾਂ ਵਾਧਾ ਹੋਇਆ ਹੈ ਜਦੋਂ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਮਸਾਂ ਪੰਜ ਗੁਣਾਂ ਵਾਧਾ ਹੋਇਆ ਹੈ। ਉਨ੍ਹਾਂ ਇਕ ਉਦਾਹਰਨ ਦਿੰਦਿਆਂ ਕਿਹਾ ਕਿ ਜਦੋਂ ਪੈਟਰੋਲ 20 ਰੁਪਏ ਲਿਟਰ ਸੀ ਤਾਂ ਦੁੱਧ ਦੀ ਕੀਮਤ 16 ਰੁਪਏ ਲਿਟਰ ਹੁੰਦੀ ਸੀ ਅਤੇ ਅੱਜ ਪੈਟਰੋਲ ਦੀ ਕੀਮਤ 80 ਰੁਪਏ ਲਿਟਰ ਹੈ ਅਤੇ ਦੁੱਧ ਦੀ ਕੀਮਤ 45 ਰੁਪਏ ਲਿਟਰ ਹੈ। ਉਨ੍ਹ੍ਵਾਂ ਕੇਂਦਰ ਸਰਕਾਰ ਨੂੰ ਵਧਦੀਆਂ ਤੇਲ ਕੀਮਤਾਂ ਲਈ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਇਕ ਪੈਸਾ ਤੇਲ ਦੀ ਕੀਮਤ ਘਟਾ ਕੇ ਦੇਸ਼ ਦੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਕਿਹਾ ਕਿ ਤੇਲ ਨੂੰ ਜੀ.ਐਸ.ਟੀ. ਤੋਂ ਬਾਹਰ ਰੱਖਣਾ ਕੇਂਦਰ ਦੇ ਮਾੜੇ ਮਨਸੂਬਿਆਂ ਦੀ ਨਿਸ਼ਾਨੀ ਹੈ।
ਸਾ.ਸਿੱਧੂ ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਆਪਣੇ ਸੀਮਤ ਵਸੀਲਿਆਂ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਪੱਖੀ ਸੋਚ ਸਦਕਾ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਮੰਡੀਆਂ ਵਿੱਚੋਂ ਤੁਰੰਤ ਚੁੱਕ ਕੇ ਸਮੇਂ ਸਿਰ ਭੁਗਤਾਨ ਕੀਤਾ ਜਾ ਰਿਹਾ ਹੈ ਜਿਸ ਨਾਲ ਕਿਸਾਨੀ ਨੂੰ ਵੱਡੀ ਰਾਹਤ ਮਿਲੀ। ਉਨ੍ਹਾਂ ਕਿਹਾ ਕਿ ਕਿਸਾਨੀ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਜੇਕਰ ਇਹ ਖਤਮ ਹੋ ਗਈ ਤਾਂ ਦੇਸ਼ ਕਦੇ ਵੀ ਪੈਰਾਂ ਉਤੇ ਨਹੀਂ ਖੜ੍ਹ ਸਕਦਾ। ਸ. ਸਿੱਧੂ ਨੇ ਇਸ ਮੌਕੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦਾ ਰਾਸਤਾ ਤਿਆਗਣ ਦੀ ਵੀ ਅਪੀਲ ਕੀਤੀ ਅਤੇ ਕਿਹਾ ਕਿ ਇਹ ਕੋਈ ਸਥਾਈ ਹੱਲ ਨਹੀਂ।
ਸ. ਸਿੱਧੂ ਨੇ ਕਿਹਾ ਕਿ ਉਹ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰਦੇ ਹੋਏ ਕਸਾਨਾਂ ਦੀ ਆਵਾਜ਼ ਬੁਲੰਦ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਇੱਥੋਂ ਸਬਜ਼ੀਆਂ ਜਾਂ ਫਲ ਖਰੀਦ ਕੇ ਸੰਕੇਤ ਦੇਣ ਆਏ ਹਨ ਕਿ ਸਾਨੂੰ ਕਿਸਾਨਾਂ ਵੱਲ ਰੁਖ ਕਰਨਾ ਪੈਣਾ ਅਤੇ ਕਿਸਾਨੀ ਦੀ ਬਾਂਹ ਫੜਨੀ ਪੈਣੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਆਪਣੀ ਪਾਰਟੀ ਦੇ ਦੋ ਵਿਧਾਇਕਾਂ ਨਾਲ ਇੱਥੇ ਆ ਕੇ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਸ. ਸਿੱਧੂ ਨੇ ਕਿਹਾ ਕਿ ਅੱਜ ਉਨ੍ਹਾਂ ਪੱਤੋ ਪਿੰਡ ਵਿਖੇ ਹਰਸ਼ਰਨ ਸਿੰਘ ਦੇ ਫ਼ਾਰਮ ਨੂੰ ਇਸ ਕਰਕੇ ਚੁਣਿਆ ਹੈ ਕਿ ਉਸ ਆਰਗੈਨਿਕ ਖੇਤੀ ਕਰਦਾ ਹੈ। ਉਨ੍ਹਾਂ ਕਿਹਾ ਆਰਗੈਨਿਕ ਖੇਤੀ ਜਿੱਥੇ ਸਾਡੇ ਸਰੀਰ ਤੇ ਫਸਲਾਂ ਵਾਲੀ ਜ਼ਮੀਨ ਲਈ ਲਾਹੇਵੰਦ ਹੈ ਉਥੇ ਕਿਸਾਨਾਂ ਨੂੰ ਵੀ ਆਰਥਿਕ ਪੱਖੋਂ ਖੁਸ਼ਹਾਲ ਕਰਦੀ ਹੈ। ਉਨ੍ਹਾਂ ਇਸ ਮੌਕੇ ਫ਼ਾਰਮਰਜ਼ ਫਾਰ ਸੇਫ਼ ਫੂਡ ਦੇ ਮਨਜੀਤ ਸਿੰਘ ਡਡਿਆਣਾ, ਅਵਤਾਰ ਸਿੰਘ ਤੇ ਸਤਵੀਰ ਸਿੰਘ ਬਾਸੀਆਂ ਨੂੰ ਮਿਲ ਕੇ ਉਨ੍ਹਾਂ ਦੇ ਆਰਗੈਨਿਕ ਖੇਤੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ।