ਲੁਧਿਆਣਾ ਨਗਰ ਨਿਗਮ ਚੋਣਾਂ : ਕਾਂਗਰਸੀ ਤੇ ਅਕਾਲੀ ਉਮੀਦਵਾਰ ਭਿੜੇ

ਲੁਧਿਆਣਾ, 23 ਫਰਵਰੀ (ਪੰਜਾਬ ਮੇਲ)- ਇਥੇ ਨਗਰ ਨਿਗਮ ਦੀਆਂ ਚੋਣਾਂ ਦਾ ਮਾਹੌਲ ਤਣਾਅ ਵਾਲਾ ਬਣਦਾ ਜਾ ਰਿਹਾ ਹੈ। ਅੱਜ ਵਾਰਡ ਨੰਬਰ 36 ਤੇ 48 ਵਿੱਚ ਵੀ ਕਾਂਗਰਸੀ ਤੇ ਅਕਾਲੀ ਆਹਮੋ ਸਾਹਮਣੇ ਹੋ ਗਏ। ਅਕਾਲੀਆਂ ਨੇ ਕਾਂਗਰਸੀ ਉਮੀਦਵਾਰਾਂ ’ਤੇ ਕੁੱਟਮਾਰ ਦੇ ਦੋਸ਼ ਲਗਾਏ। ਵਾਰਡ ਨੰਬਰ 36 ਵਿਚ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਜਗਬੀਰ ਸਿੰਘ ਸੋਖੀ ਨੇ ਦੋਸ਼ ਲਗਾਏ ਕਿ ਕਾਂਗਰਸੀ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਆਪਣੇ ਕੁਝ ਸਾਥੀਆਂ ਨਾਲ ਕਾਰ ’ਚ ਚਿਮਨੀ ਰੋਡ ’ਤੇ ਜਾ ਰਹੇ ਸਨ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ ਤੇ ਉਨ੍ਹਾਂ ਦੇ ਇੱਕ ਸਮਰਥਕ ਅਤੁਲ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲੀਸ ਕਾਰਵਾਈ ਤੋਂ ਅਸੰਤੁਸ਼ਟ ਸੋਖੀ ਸਮਰਥਕਾਂ ਨੇ ਪੁਲੀਸ ਚੌਂਕੀ ਬਸੰਤ ਪਾਰਕ ਦੇ ਬਾਹਰ ਧਰਨਾ ਲਾ ਦਿੱਤਾ। ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਵੀ ਉਥੇ ਪੁੱਜ ਗਏ। ਇਸ ਦੌਰਾਨ ਪੁਲੀਸ ਨਾਲ ਅਕਾਲੀ ਆਗੂਆਂ ਦੀ ਬਹਿਸ ਹੋ ਗਈ। ਉਧਰ, ਕਾਂਗਰਸੀ ਉਮੀਦਵਾਰ ਪ੍ਰਿੰਸ ਜੌਹਰ ਨੇ ਕਿਹਾ ਕਿ ਉਨ੍ਹਾਂ ਦਾ, ਉਸ ਦੇ ਭਰਾ ਤੇ ਸਮਰਥਕਾਂ ਦਾ ਇਸ ਝਗੜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਕਾਲੀ ਉਮੀਦਵਾਰ ਤੇ ਉਨ੍ਹਾਂ ਦੇ ਸਾਥੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਦੂਜਾ ਮਾਮਲਾ ਵਾਰਡ ਨੰਬਰ 48 ਦਾ ਹੈ, ਜਿੱਥੇ ਮਾਡਲ ਟਾਊਨ ਦੀ ਧੱਕਾ ਕਲੋਨੀ ਇਲਾਕੇ ’ਚ ਬੂਥ ਲਾਉਣ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਵਰਕਰ ਆਪਸ ਵਿਚ ਭਿੜ ਗਏ। ਦੋਵੇਂ ਪਾਸੇ ਇੱਕ ਦੂਸਰੇ ’ਤੇ ਹਥਿਆਰ ਚਲਾਏ ਗਏ ਤੇ ਇਕ ਦੂਸਰੇ ਦੀਆਂ ਗੱਡੀਆਂ ਭੰਨੀਆਂ ਗਈਆਂ। ਇਸ ਹਮਲੇ ’ਚ ਵਾਰਡ 48 ਤੋਂ ਅਕਾਲੀ ਉਮੀਦਵਾਰ ਗੁਰਜੀਤ ਸਿੰਘ ਛਾਬੜਾ ਦਾ ਭਰਾ ਗੁਰਪ੍ਰੀਤ ਸਿੰਘ ਛਾਬੜਾ ਤੇ ਗੁਰਜੀਤ ਸਿੰਘ ਛਾਬੜਾ ਦਾ ਸਾਲਾ ਲੱਕੀ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਪੁੱਜੇ।