ਧੜੇਬੰਦੀ ਤੋਂ ਦੁੱਖੀ ‘ਆਪ’ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਵੱਲੋਂ ਅਸਤੀਫਾ

ਭਵਾਨੀਗੜ੍ਹ, 27 ਅਗਸਤ (ਪੰਜਾਬ ਮੇਲ)-ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ‘ਚ ਚੱਲ ਰਹੀ ਧੜੇਬੰਦੀ ਤੋਂ ਦੁੱਖੀ ਹੋਏ ‘ਆਪ’ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਾਲਾਂਕਿ ਉਨਾਂ੍ਹ ਕਿਹਾ ਕਿ ਉਹ ਵਾਲੰਟੀਅਰ ਦੇ ਰੂਪ ਵਿਚ ਪਾਰਟੀ ਲਈ ਕੰਮ ਕਰਦੇ ਰਹਿਣਗੇ। ਇਸ ਸੰਬੰਧੀ ਅੱਜ ਸ਼ਹਿਰ ‘ਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਬਾਜਵਾ ਨੇ ਕਿਹਾ ਕਿ ਉਹ ਪਾਰਟੀ ਅੰਦਰ ਚੋਟੀ ਦੇ ਆਗੂਆਂ ਵਿਚਕਾਰ ਚੱਲ ਰਹੇ ਵਾਕਯੁੱਧ ਤੋਂ ਹੁਣ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਅਤੇ ਪਾਰਟੀ ‘ਚ ਉਭਰੀ ਧੜੇਬੰਦੀ ਤੋਂ ਅਤਿਅੰਤ ਦੁਖੀ ਹਨ। ਨਿਰਾਸ਼ ਹੋਏ ਬਾਜਵਾ ਨੇ ਕਿਹਾ ਕਿ ਪਾਟੋਧਾੜ ਹੋਈ ਪਾਰਟੀ ਨੂੰ ਇੱਕਜੁੱਟ ਕਰਨ ਲਈ ਉਨ੍ਹਾਂ ਸਮੇਤ ਪਾਰਟੀ ਵਾਲੰਟੀਅਰਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਕੀਤੀਆਂ ਗਈਆਂ ਕੋਸ਼ਿਸ਼ਾਂ ਵੀ ਹੁਣ ਬੂਰ ਪੈਂਦਾ ਨਹੀਂ ਦਿਖਾਈ ਦੇ ਰਿਹਾ, ਇਸ ਲਈ ਉਹ ਅੱਜ ਭਰੇ ਮਨ ਨਾਲ ਪਾਰਟੀ ਦੇ ਆਪਣੇ ਅਹੁਦੇ ਤੋਂ ਲਿਖਤ ਅਸਤੀਫਾ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਪੰਜਾਬ ਮਸਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਸਮੇਤ ਪਾਰਟੀ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਡਾ. ਬਲਵੀਰ ਸਿੰਘ ਮੀਤ ਪ੍ਰਧਾਨ ਅਤੇ ਪਾਰਟੀ ਦੇ ਯੂਥ ਵਿੰਗ ਦੇ ਇੰਚਾਰਜ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੂੰ ਭੇਜ ਰਹੇ ਹਨ। ਨਾਲ ਹੀ ਉਨ੍ਹਾਂ ਪਾਰਟੀ ਹਾਈਕਮਾਨ ਨੂੰ ਚਿਤਾਉਂਦਿਆਂ ਨੂੰ ਕਿਹਾ ਕਿ ਜੇਕਰ ਹਾਲੇ ਵੀ ਪਾਰਟੀ ਨੂੰ ਇੱਕਜੁੱਟ ਕਰਨ ਵੱਲ ਆਗੂ ਨੇ ਕੋਈ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੇ ਹੋਰ ਆਗੂ ਵੀ ਅਹੁਦੇਦਾਰੀਆਂ ਤੋਂ ਅਸਤੀਫੇ ਦੇਣ ਲਈ ਤਿਆਰ ਬੈਠੇ ਹਨ।
ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਯੋਧਾ ਸਿੰਘ ਨਦਾਮਪੁਰ ਸਰਕਲ ਪ੍ਰਧਾਨ, ਸੁਖਵੀਰ ਸਿੰਘ ਮੱਟਰਾਂ ਸਰਕਲ ਇੰਚਾਰਜ, ਰਛਪਾਲ ਸਿੰਘ ਭੁੱਲਰਹੇੜੀ ਸਕੱਤਰ, ਅਵਤਾਰ ਸਿੰਘ ਤਾਰੀ, ਸਤਨਾਮ ਸਿੰਘ ਲੱਖੇਵਾਲ, ਮੇਜਰ ਸਿੰਘ ਬਾਲਦ, ਭੁਪਿੰਦਰ ਸਿੰਘ ਕਾਕੜਾ, ਨਰਿੰਦਰਪਾਲ ਸਿੰਘ ਬਲਿਆਲ ਸਮੇਤ ਪਾਰਟੀ ਆਗੂ ਅਤੇ ਵਾਲੰਟੀਅਰ ਹਾਜ਼ਰ ਸਨ।
5 ਦਿਨ ਭੁੱਖ ਹੜਤਾਲ ‘ਤੇ ਰਹੇ ਸਨ ਬਾਜਵਾ
ਇਸ ਤੋਂ ਪਹਿਲਾ ਪਿਛਲੇ ਦਿਨੀਂ ਪਾਰਟੀ ਹਾਈਕਮਾਂਡ ਵੱਲੋਂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ‘ਆਪ’ ‘ਚ ਮਚੇ ਘਮਾਸਾਨ ਨੂੰ ਰੋਕਣ ਪਾਰਟੀ ਆਗੂਆਂ ਨੂੰ ਇਕ ਮੰਚ ‘ਤੇ ਇਕੱਠਾ ਕਰਨ ਲਈ ਪਾਰਟੀ ਦੇ ਯੂਥ ਆਗੂ ਹਰਪ੍ਰੀਤ ਸਿੰਘ ਬਾਜਵਾ ਨੇ ਸ਼ਹਿਰ ਦੇ ਭਗਤ ਸਿੰਘ ਚੌਕ ‘ਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਜਿਸ ਦੌਰਾਨ ਵਿਧਾਇਕ ਅਮਨ ਅਰੌੜਾ, ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਚੀਮਾ, ਪਾਰਟੀ ਦੇ ਮੀਤ ਪ੍ਰਧਾਨ ਡਾ. ਬਲਵੀਰ ਸਿੰਘ, ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ ਸਮੇਤ ਭਗਵੰਤ ਮਾਨ ਨੇ ਭੁੱਖ ਹੜਤਾਲ ‘ਚ ਪਹੁੰਚ ਕੇ ਬਾਜਵਾ ਸਮੇਤ ਵਾਲੰਟੀਅਰਾਂ ਨੂੰ ਪਾਰਟੀ ਦੀ ਇੱਕਜੁੱਟਤਾ ਦਾ ਭਰੋਸਾ ਦਵਾ ਕੇ ਭੁੱਖ ਹੜਤਾਲ ਸਮਾਪਤ ਕਰਵਾ ਦਿੱਤੀ ਸੀ ਅਤੇ ਖਹਿਰਾ ਤੇ ਮਾਨ ਆਪਣੇ ਪੱਧਰ ‘ਤੇ ਬਾਜਵਾ ਨੂੰ ਪਾਰਟੀ ਦੇ ਹਿੱਤਾਂ ਲਈ ਇੱਕਜੁਟ ਹੋ ਕੇ ਕੰਮ ਕਰਨ ਦਾ ਭਰੋਸਾ ਦੇ ਕੇ ਗਏ ਸਨ।ਪ੍ਰੰਤੂ ਇਸ ਭਰੋਸੇ ਤੋਂ ਬਾਅਦ ਵੀ ਇਨ੍ਹਾਂ ਦੋਵਾਂ ਆਗੂਆਂ ਵਿਚ ਦੂਰੀਆਂ ਲਗਾਤਾਰ ਵੱਧਦੀਆਂ ਗਈਆਂ।