…ਧੋਖੇ ਬਾਜ਼ਾਂ ਪੜ੍ਹਿਆਂ-ਲਿਖਿਆਂ ਨੂੰ ਵੀ ਪੜ੍ਹਨੇ ਪਾਇਆ

ਆਨ ਲਾਈਨ ਧੋਖੇਬਾਜ਼ੀ ਰਾਹੀਂ ਅੰਤਰਰਾਸ਼ਟਰੀ ਧੋਖੇਬਾਜ਼ਾਂ ਨੇ ਸਾਲ 2017 ਵਿਚ ਕੀਵੀਆਂ ਤੋਂ ਬਟੋਰੇ 10 ਮਿਲੀਅਨ ਡਾਲਰ
-ਕੰਪਿਊਟਰ ‘ਵਿੰਡੋ’ ਦਾ ਚੱਕਰ ਦਸ ਕੇ ਪੈਸਿਆਂ ਵਾਲਾ ‘ਡੋਰ’ ਖੁੱਲ੍ਹਾਵਾਇਆ
ਔਕਲੈਂਡ, 25 ਜਨਵਰੀ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਹੱਥ ਕੰਗਣ ਨੂੰ ਆਰਸੀ ਕੀ ਅਤੇ ਪੜ੍ਹੇ-ਲਿਖੇ ਨੂੰ ਫਾਰਸੀ ਕੀ ਪਰ ਜੇਕਰ ਮੂਹਰਲਾ ਹੈਡਮਾਸਟਰ ਟੱਕਰ ਜਾਵੇ ਤਾਂ ਪੜ੍ਹੇ ਲਿਖਿਆਂ ਨੂੰ ਹੋਰ ਪੜ੍ਹਾ ਜਾਂਦਾ। ਅੱਜਕਲ੍ਹ ਆਨ ਲਾਈਨ ਜਾਂ ਤਕਨੀਕ ਵਰਤ ਕੇ ਅੰਤਰਰਾਸ਼ਟਰੀ ਸਤਰ ‘ਤੇ ਧੋਖਾਧੜੀ ਕਰਨ ਵਾਲੇ ਪੜ੍ਹੇ-ਲਿਖਿਆ ਨੂੰ ਪੜ੍ਹਨੇ ਪਾ ਰਹੇ ਹਨ। ਕੀਵੀਆਂ ਨੇ ਸਾਲ 2017 ਦੇ ਵਿਚ ਲਗਪਗ 10 ਮਿਲੀਅਨ ਡਾਲਰ ਇਸੇ ਧੋਖੇ ਦੀ ਭੇਟ ਚੜ੍ਹਾ ਦਿੱਤਾ ਅਤੇ ਅਗਲੇ ਕਿਤੇ ਦੂਰ ਬੈਠੇ ਹੀ ਬਟੋਰ ਗਏ। ਜਿਆਦਾ ਹੀ ਕੁਝ ਮਾਡਰਨ ਵਾਲਿਆਂ ਨੇ ਤਾਂ ਆਨ ਲਾਈਨ ਰੋਮਾਂਸ ਰਾਹੀਂ ਪਿਆਰ ਲੱਭਣ ਦੇ ਚੱਕਰ ਵਿਚ 1.4 ਮਿਲੀਅਨ ਡਾਲਰ ਗੁਆ ਲਏ ਹਨ। ਨੈਟ ਸੇਫ ਨੇ ਕਈ ਤਰ੍ਹਾਂ ਦੇ ਅੰਕੜੇ ਜਾਰੀ ਕੀਤੇ ਹਨ। ਧੋਖੇਬਾਜਾਂ ਨੇ ਲੋਕਾਂ ਕੋਲੋਂ ਨਿਵੇਸ਼ ਕਰਾਉਣ ਦੇ ਚੱਕਰ ਵਿਚ ਵੀ ਮਿਲੀਅਨ ਡਾਲਰ ਇਕੱਠੇ ਕਰ ਲਏ ਹਨ।
ਧੋਖੇਬਾਜਾਂ ਨੇ ਆਪਣੇ ਸ਼ਾਤਿਰ ਦਿਮਾਗ ਦੀ ਖੁੱਲ੍ਹ ਕੇ ਵਰਤੋਂ ਕੀਤੀ। ਕੰਪਿਊਟਰ ਉਤੇ ਕੰਮ ਕਰਦੇ ਲੋਕਾਂ ਕੋਲੋਂ ਹੀ ਧੋਖੇ ਨਾਲ ਇਹ ਕਹਿ ਕੇ ਪੈਸਿਆਂ ਵਾਲਾ ‘ਡੋਰ’ ਖੁੱਲ੍ਹਵਾ ਲਿਆ ਕਿ ਤੁਹਾਡੇ ਕੰਪਿਊਟਰ ਦੀ ‘ਵਿੰਡੋ’ ਜਾਅਲੀ ਹੈ।