ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ‘ਚ ਪਾਕਿ ਤੇ ਚੀਨ ਦਾ ਨਾਂ ਸ਼ਾਮਲ!

64
Share

-ਅਮਰੀਕਾ ਨੇ ਜਾਰੀ ਕੀਤੀ ਸੂਚੀ
ਵਾਸ਼ਿੰਗਟਨ, 8 ਦਸੰਬਰ (ਪੰਜਾਬ ਮੇਲ)- ਅਮਰੀਕਾ ਨੇ ਪਾਕਿਸਤਾਨ ਤੇ ਚੀਨ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਇਹ ਜਾਣਕਾਰੀ ਦਿੱਤੀ। ਪੋਂਪਿਓ ਨੇ ਸੋਮਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਅਤੇ ਚੀਨ ਦੇ ਇਲਾਵਾ ਮਿਆਂਮਾਰ, ਇਰਿਟ੍ਰਿਯਾ, ਈਰਾਨ, ਨਾਈਜੀਰੀਆ, ਉੱਤਰ ਕੋਰੀਆ, ਸਾਊਦੀ ਅਰਬ, ਤਜਾਕਿਸਤਾਨ ਅਤੇ ਤੁਰਕਮੇਨਿਸਤਾਨ ਨੂੰ ਉਸ ਸੂਚੀ ‘ਚ ਰੱਖਿਆ ਗਿਆ ਹੈ, ਜੋ ਧਾਰਮਿਕ ਆਜ਼ਾਦੀ ਦੀ ਵਿਵਸਥਿਤ, ਲਗਾਤਾਰ ਅਤੇ ਘੋਰ ਉਲੰਘਣਾ ‘ਚ ਸ਼ਾਮਲ ਹਨ ਜਾਂ ਫਿਰ ਉਹ ਉਲੰਘਣਾ ਹੋਣ ਦੇ ਰਹੇ ਹਨ।
ਵਿਦੇਸ਼ ਵਿਭਾਗ ਨੇ ਕੋਮੋਰੋਸ, ਕਿਊਬਾ, ਨਿਕਾਰਾਗੁਆ ਅਤੇ ਰੂਸ ਨੂੰ ਵਿਸ਼ੇਸ਼ ਨਿਗਰਾਨੀ ਸੂਚੀ ‘ਚ ਪਾਇਆ ਹੈ, ਜਿੱਥੋਂ ਦੀਆਂ ਸਰਕਾਰਾਂ ‘ਧਾਰਮਿਕ ਆਜ਼ਾਦੀ ਦੇ ਗੰਭੀਰ ਉਲੰਘਣਾ’ ‘ਚ ਸ਼ਾਮਲ ਹਨ ਜਾਂ ਉਸ ਨੂੰ ਹੋਣ ਦੇ ਰਹੀਆਂ ਹਨ। ਪੋਂਪਿਓ ਨੇ ਕਿਹਾ, ”ਧਾਰਮਿਕ ਆਜ਼ਾਦੀ ਇਕ ਗੈਰ ਤਬਾਦਲਾਯੋਗ ਅਧਿਕਾਰ ਹੈ ਅਤੇ ਮੁਕਤ ਸਮਾਜਾਂ ਦਾ ਆਧਾਰ ਹੈ, ਜਿਨ੍ਹਾਂ ‘ਤੇ ਉਹ ਤਰੱਕੀ ਕਰਦੇ ਹਨ। ਅਮਰੀਕਾ ਨੇ ਇਕ ਵਾਰ ਫਿਰ ਉਨ੍ਹਾਂ ਲੋਕਾਂ ਦੀ ਰੱਖਿਆ ਦੇ ਲਈ ਕਦਮ ਚੁੱਕਿਆ ਹੈ, ਜੋ ਇਹ ਆਜ਼ਾਦੀ ਚਾਹੁੰਦੇ ਹਨ।” ਅਮਰੀਕਾ ਨੇ ਅਲ ਸ਼ਬਾਬ, ਅਲ ਕਾਇਦਾ ਬੋਕੋ ਹਰਾਮ, ਹਯਾਤ ਤਹਿਰੀਰ ਅਲ ਸ਼ਮ ਹੂਥੀ, ਆਈ.ਐੱਸ.ਆਈ.ਐੱਸ.-ਗ੍ਰੇਟਰ ਸਹਾਰਾ, ਆਈ.ਐੱਸ.ਆਈ.ਐੱਸ.-ਵੈਸਟ ਅਫਰੀਕਾ, ਜਮਾਤ ਨਾਸਰ ਅਲ ਇਸਲਾਵਲ ਮੁਸਲਿਮਿਨ ਅਤੇ ਤਾਲਿਬਾਨ ਨੂੰ ਵਿਸ਼ੇਸ਼ ਚਿੰਤਾ ਦਾ ਵਿਸ਼ਾ ਬਣੇ ਸੰਗਠਨ ਦੱਸਿਆ।
ਪੋਂਪਿਓ ਨੇ ਕਿਹਾ ਕਿ ਸੂਡਾਨ ਅਤੇ ਉਜ਼ਬੇਕਿਸਤਾਨ ਦੀਆਂ ਸਰਕਾਰਾਂ ਵੱਲੋਂ ਪਿਛਲੇ ਇਕ ਸਾਲ ਦੇ ਦੌਰਾਨ ਕੀਤੀ ਗਈ ਜ਼ਿਕਰਯੋਗ ਅਤੇ ਠੋਸ ਤਰੱਕੀ ਦੇ ਕਾਰਨ ਉਨ੍ਹਾਂ ਨੂੰ ਵਿਸ਼ੇਸ਼ ਨਿਗਰਾਨੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, ”ਕਾਨੂੰਨ ਸੰਬੰਧੀ ਸਾਹਸੀ ਸੁਧਾਰਾਂ ਦੇ ਕਾਰਨ ਇਹ ਦੇਸ਼ ਹੋਰ ਰਾਸ਼ਟਰਾਂ ਲਈ ਆਦਰਸ਼ ਹਨ।” ਰੱਖਿਆ ਮੰਤਰੀ ਨੇ ਕਿਹਾ ਕਿ ਹਾਲੇ ਇਹ ਕੰਮ ਪੂਰਾ ਨਹੀਂ ਹੋਇਆ ਹੈ ਅਤੇ ਅਮਰੀਕਾ ਦੁਨੀਆਂ ਭਰ ‘ਚ ਧਰਮ ਦੇ ਨਾਮ ‘ਤੇ ਹੋਣ ਵਾਲੇ ਦੁਰਵਿਹਾਰ ਅਤੇ ਸ਼ੋਸ਼ਣ ਨੂੰ ਖਤਮ ਕਰਨ ਦੇ ਲਈ ਕੰਮ ਕਰਦਾ ਰਹੇਗਾ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਸੰਬੰਧੀ ਅਮਰੀਕੀ ਕਮਿਸ਼ਨ ਨੇ ਵਿਦੇਸ਼ ਵਿਭਾਗ ਵੱਲੋਂ 10 ਰਾਸ਼ਟਰਾਂ ਨੂੰ ਵਿਸ਼ੇਸ਼ ਚਿੰਤਾ ਦਾ ਵਿਸ਼ਾ ਬਣੇ ਦੇਸ਼ਾਂ ਦੀ ਸੂਚੀ ‘ਚ ਪਾਉਣ ਦੇ ਕਦਮ ਦੀ ਪ੍ਰਸ਼ੰਸਾ ਕੀਤੀ। ਭਾਵੇਂਕਿ ਵਿਦੇਸ਼ ਵਿਭਾਗ ਨੇ ਕਮਿਸ਼ਨ ਵੱਲੋਂ ਭਾਰਤ, ਰੂਸ, ਸੀਰੀਆ ਅਤੇ ਵਿਅਤਨਾਮ ਨੂੰ ਵੀ ਸੀ.ਪੀ.ਸੀ. ਸੂਚੀ ਵਿਚ ਪਾਉਣ ਦੀ ਸਿਫਾਰਿਸ਼ ਸਵੀਕਾਰ ਨਹੀਂ ਕੀਤੀ।


Share