ਵਾਸ਼ਿੰਗਟਨ, 8 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆਂ ਦੇ ਸਾਹਮਣੇ ਇਸ ਸਮੇਂ ਇਹ ਸੰਕਟ ਹੈ ਕਿ ਕਿਸ ਤਰ੍ਹਾਂ ਇਸ ਮੁਸ਼ਕਿਲ ‘ਚੋਂ ਉੱਭਰਿਆ ਜਾਵੇ ਪਰ ਇਸ ਵਿਚਕਾਰ ਅਮਰੀਕਾ ਤੇ ਚੀਨ ਵਿਚਕਾਰ ਲਗਾਤਾਰ ਜੁਬਾਨੀ ਜੰਗ ਚੱਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਇਸ ਵਾਇਰਸ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਤਾਂ ਉੱਥੇ ਹੀ ਹੁਣ ਚੀਨ ਵਲੋਂ ਵੀ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੋਰੋਨਾ ਸੰਕਟ ਦੇ ਸਮੇਂ ਅਮਰੀਕਾ ਦੱਖਣੀ ਚੀਨ ਸਾਗਰ ‘ਚ ਏਅਰ ਕ੍ਰਾਫਟ ਭੇਜ ਰਿਹਾ ਹੈ।
ਚੀਨ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ, ”ਚੀਨ ਇਸ ਵਕਤ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ‘ਚ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀ ਮਦਦ ਕਰ ਰਿਹਾ ਹੈ ਪਰ ਦੂਜੇ ਪਾਸੇ ਅਮਰੀਕਾ ਆਪਣੇ ਜੰਗੀ ਜਹਾਜ਼ ਅਤੇ ਏਅਰਕ੍ਰਾਫਟ ਦੱਖਣੀ ਚੀਨ ਸਾਗਰ ‘ਚ ਭੇਜ ਰਿਹਾ ਹੈ, ਜੋ ਕਿ ਚੀਨ ਦੀ ਪ੍ਰਭੂਸੱਤਾ ਨੂੰ ਚੁਣੌਤੀ ਦੇਣਾ ਹੈ। ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਪਹਿਲਾਂ ਆਪਣੇ ਘਰ ਵਿਚ ਫੈਲੀ ਮਹਾਮਾਰੀ ਨਾਲ ਨਜਿੱਠੇ।” ਚੀਨ ਵਲੋਂ ਬਿਆਨ ‘ਚ ਕਿਹਾ ਗਿਆ ਕਿ ਉਹ ਅਮਰੀਕਾ ਨੂੰ ਵੀ ਲਗਾਤਾਰ ਮਦਦ ਭੇਜ ਰਿਹਾ ਹੈ। ਬੀਤੇ ਦਿਨੀਂ ਨਿਊਯਾਰਕ ‘ਚ ਚੀਨ ਵਲੋਂ ਵੈਂਟੀਲੇਟਰ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ ਦੱਖਣੀ ਚੀਨ ਸਾਗਰ ਨਾਲ ਲੱਗਦੇ ਦੇਸ਼ਾਂ ‘ਤੇ ਚੀਨ ਆਪਣਾ ਪ੍ਰਭਾਵ ਪਾਉਂਦਾ ਰਿਹਾ ਹੈ, ਜਿਸ ਨੂੰ ਲੈ ਕੇ ਅਮਰੀਕਾ ਸਣੇ ਦੁਨੀਆਂ ਦੇ ਕਈ ਦੇਸ਼ ਚੀਨ ‘ਤੇ ਨਿਸ਼ਾਨਾ ਵਿੰਨ੍ਹਦੇ ਆ ਰਹੇ ਹਨ। ਇਸ ਨੂੰ ਲੈ ਕੇ ਚੀਨ ਅਤੇ ਅਮਰੀਕਾ ‘ਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ, ਜੋ ਸਮੇਂ-ਸਮੇਂ ‘ਤੇ ਸਾਹਮਣੇ ਆਉਂਦਾ ਰਹਿੰਦਾ ਹੈ। ਟਰੰਪ ਕੋਰੋਨਾਵਾਇਰਸ ਨੂੰ ਲੈ ਕੇ ਲਗਾਤਾਰ ਚੀਨ ‘ਤੇ ਹਮਲਾ ਕਰਦੇ ਆਏ ਹਨ। ਬੀਤੇ ਦਿਨੀਂ ਉਨ੍ਹਾਂ ਨੇ ਕੋਰੋਨਾਵਾਇਰਸ ਨੂੰ ‘ਚੀਨੀ ਵਾਇਰਸ’ ਦਾ ਨਾਂ ਦਿੱਤਾ ਸੀ।