ਦੋ ਕਰੋੜ ਕਿਸਾਨਾਂ ਦੇ ਦਸਤਖ਼ਤਾਂ ਵਾਲਾ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ

78
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਦਿੰਦੇ ਹੋਏ ਕਾਂਗਰਸ ਆਗੂ ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ ਅਤੇ ਅਧੀਰ ਰੰਜਨ ਚੌਧਰੀ।
Share

ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸੀ ਵਫ਼ਦ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ, 25 ਦਸੰਬਰ (ਪੰਜਾਬ ਮੇਲ)- ਖੇਤੀ ਕਾਨੂੰਨਾਂ ਖ਼ਿਲਾਫ਼ ਸਰਕਾਰ ’ਤੇ ਹਮਲੇ ਤੇਜ਼ ਕਰਦਿਆਂ ਕਾਂਗਰਸ ਨੇ ਅੱਜ ਪਾਰਟੀ ਹੈੱਡਕੁਆਰਟਰ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਰਾਸ਼ਟਰਪਤੀ ਭਵਨ ਵੱਲ ਮਾਰਚ ਕੱਢਣ ਤੋਂ ਰੋਕੇ ਜਾਣ ’ਤੇ ਕਾਂਗਰਸ ਆਗੂ ਪਿ੍ਰਯੰਕਾ ਗਾਂਧੀ ਵਾਡਰਾ ਅਤੇ ਪਾਰਟੀ ਦੇ ਸੰਸਦ ਮੈਂਬਰ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠ ਗਏ, ਜਿਨ੍ਹਾਂ ਨੂੰ ਪੁਲਿਸ ਨੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਹਿਰਾਸਤ ’ਚ ਲੈ ਲਿਆ। ਕਾਂਗਰਸ ਨੇ ਪਾਰਟੀ ਦਫ਼ਤਰ ਅਕਬਰ ਰੋਡ ਤੋਂ ਰਾਸ਼ਟਰਪਤੀ ਭਵਨ ਤੱਕ ਰੋਸ ਮਾਰਚ ਕੱਢਣ ਦੀ ਯੋਜਨਾ ਬਣਾਈ ਸੀ, ਜਿਥੇ ਕਾਂਗਰਸ ਆਗੂਆਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਕੇ ਦੋ ਕਰੋੜ ਕਿਸਾਨਾਂ ਦੇ ਦਸਤਖ਼ਤਾਂ ਵਾਲਾ ਮੰਗ ਪੱਤਰ ਸੌਂਪਣਾ ਸੀ। ਦਿੱਲੀ ਪੁਲਿਸ ਨੇ ਕਾਂਗਰਸ ਦਫ਼ਤਰ ਸਮੇਤ ਰਾਸ਼ਟਰਪਤੀ ਭਵਨ ਦੇ ਆਲੇ-ਦੁਆਲੇ ਧਾਰਾ 144 ਲਾਈ ਹੋਈ ਸੀ, ਜਿਸ ਕਾਰਨ ਵਿਰੋਧ ਕਰ ਰਹੇ ਕਾਂਗਰਸ ਆਗੂਆਂ ਨੂੰ ਹਿਰਾਸਤ ’ਚ ਲੈ ਕੇ ਮੰਦਿਰ ਮਾਰਗ ਪੁਲਿਸ ਸਟੇਸ਼ਨ ਲਿਜਾਇਆ ਗਿਆ। ਇਸ ਦੌਰਾਨ ਰਾਹੁਲ ਗਾਂਧੀ, ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਅਤੇ ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਨੇ ਕਿਹਾ, ‘‘ਅਸੀਂ ਰਾਸ਼ਟਰਪਤੀ ਨੂੰ ਦੱਸਿਆ ਕਿ ਕਾਨੂੰਨ ਕਿਸਾਨ ਵਿਰੋਧੀ ਹਨ ਅਤੇ ਇਨ੍ਹਾਂ ਨਾਲ ਕਿਸਾਨਾਂ ਤੇ ਕਿਰਤੀਆਂ ਨੂੰ ਨੁਕਸਾਨ ਸਹਿਣਾ ਪਵੇਗਾ। ਸਰਕਾਰ ਆਖ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ ਪਰ ਮੁਲਕ ਦੇਖ ਰਿਹਾ ਹੈ ਕਿ ਕਿਸਾਨ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਹਨ। ਕਿਸਾਨ ਉਦੋਂ ਤੱਕ ਨਹੀਂ ਪਰਤਣਗੇ, ਜਦੋਂ ਤੱਕ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲਿਆ ਜਾਂਦਾ ਹੈ। ਸਰਕਾਰ ਨੂੰ ਸੰਸਦ ਦਾ ਸਾਂਝਾ ਇਜਲਾਸ ਸੱਦ ਕੇ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।’’ ਕਾਂਗਰਸ ਆਗੂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੀ ਕਿਸਾਨਾਂ ਨਾਲ ਖੜ੍ਹੀਆਂ ਹਨ। ‘ਕਾਨੂੰਨ ਜਿਸ ਢੰਗ ਨਾਲ ਬਿਨਾਂ ਬਹਿਸ ਅਤੇ ਵਿਚਾਰ-ਵਟਾਂਦਰੇ ਦੇ ਪਾਸ ਕੀਤੇ ਗਏ ਹਨ, ਉਹ ਵਾਪਸ ਲਏ ਜਾਣ ਦੀ ਲੋੜ ਹੈ।’ ਇਸ ਤੋਂ ਪਹਿਲਾਂ ਪਿ੍ਰਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਸਰਕਾਰ ਅੰਦੋਲਨਕਾਰੀ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਨ੍ਹਾਂ ਦਾ ਅਕਸ ਵਿਗਾੜ ਕੇ ਵੱਡਾ ਪਾਪ ਕਰ ਰਹੀ ਹੈ। ‘ਜੇਕਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦੇਸ਼ਧ੍ਰੋਹ ਕਰਾਰ ਦੇ ਰਹੀ ਹੈ ਤਾਂ ਇਹ ਪਾਪ ਹੈ।’ ਉਨ੍ਹਾਂ ਕਿਹਾ ਕਿ ਸਰਕਾਰ ਹਉਮੈ ’ਚ ਰਹਿ ਕੇ ਸਿਰਫ਼ ਆਪਣੀ ਸਿਆਸਤ ਕਰ ਰਹੀ ਹੈ ਅਤੇ ਉਹ ਕਿਸਾਨਾਂ ਜਾਂ ਜਵਾਨਾਂ ਦਾ ਆਦਰ ਨਹੀਂ ਕਰ ਰਹੀ ਹੈ।

Share