ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਭ ਤੋਂ ਵੱਡੀ ਮੰਦੀ ਦਾ ਕਾਰਨ ਬਣੇਗਾ ਕੋਰੋਨਾਵਾਇਰਸ

292
Share

-ਵਿਸ਼ਵ ਬੈਂਕ ਵੱਲੋਂ ਚਿੰਤਾ ਜ਼ਾਹਿਰ
-ਭਾਰਤੀ ਆਰਥਿਕਤਾ ‘ਚ ਆਵੇਗੀ 3.2 ਫੀਸਦੀ ਦੀ ਗਿਰਾਵਟ
ਨਵੀਂ ਦਿੱਲੀ, 10 ਜੂਨ (ਪੰਜਾਬ ਮੇਲ)- ਵਿਸ਼ਵ ਬੈਂਕ ਨੇ ਕੋਰੋਨਾਵਾਇਰਸ ਬਾਰੇ ਇੱਕ ਵੱਡੀ ਚਿੰਤਾ ਜ਼ਾਹਰ ਕੀਤੀ ਹੈ, ਜਿਸਦਾ ਖਦਸ਼ਾ ਬਹੁਤ ਪਹਿਲਾਂ ਤੋਂ ਹੀ ਲਗਾਇਆ ਜਾ ਰਿਹਾ ਸੀ। ਵਰਲਡ ਬੈਂਕ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਵਿਸ਼ਵ ਵਿਆਪੀ ਆਰਥਿਕਤਾ ‘ਚ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਦੀ ਸਭ ਤੋਂ ਮਾੜੀ ਮੰਦੀ ਦਾ ਕਾਰਨ ਬਣੇਗਾ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਸਾਲ ਵਿਸ਼ਵਵਿਆਪੀ ਅਰਥਚਾਰੇ ਵਿਚ 5.2 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ।
ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਲਪਾਸ ਮੁਤਾਬਕ 1870 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਵਿਸ਼ਵਵਿਆਪੀ ਆਰਥਿਕਤਾ ਇਸ ਮਹਾਮਾਰੀ ਦੀ ਮਾਰ ਹੇਠ ਆਵੇਗੀ। ਗਲੋਬਲ ਆਰਥਿਕ ਸੰਭਾਵਨਾ ਰਿਪੋਰਟ ਦੀ ਭੂਮਿਕਾ ਵਿਚ ਇਸ ਤੱਥ ਦਾ ਖੁਲਾਸਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵਵਿਆਪੀ ਆਰਥਿਕਤਾ ‘ਚ 1870 ਤੋਂ ਬਾਅਦ ਹੁਣ ਤੱਕ ਕੁੱਲ 14 ਵਾਰ ਮੰਦੀ ਆ ਚੁੱਕੀ ਹੈ। ਇਹ ਮੰਦੀ 1876, 1885, 1893, 1908, 1914, 1917-21, 1930-32, 1938, 1945-46, 1975, 1982, 1991, 2009 ਅਤੇ 2020 ਵਿਚ ਆਈ।
ਵਿਸ਼ਵ ਬੈਂਕ ਨੇ ਇਹ ਵੀ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਸ ਸਾਲ ਭਾਰਤੀ ਆਰਥਿਕਤਾ ਵਿਚ 3.2 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ। ਦੱਸ ਦੇਈਏ ਕਿ ਇਹ ਦਰ 2017 ਵਿਚ 7 ਪ੍ਰਤੀਸ਼ਤ ਸੀ, ਜੋ ਕਿ 2018 ਵਿਚ ਘੱਟ ਕੇ 6.1 ਪ੍ਰਤੀਸ਼ਤ ਰਹਿ ਗਈ। 2019-20 ‘ਚ ਇਹ ਹੋਰ ਘਟੀ ਅਤੇ 4.2 ਪ੍ਰਤੀਸ਼ਤ ਤੱਕ ਪਹੁੰਚ ਗਈ। ਯਾਨੀ ਕਿ ਮੰਦੀ ਦਾ ਅਸਰ ਇਸ ਸਾਲ ਕੋਰੋਨਾ ਵਿਸ਼ਾਣੂ ਅਤੇ ਤਾਲਾਬੰਦੀ ਦੇ ਪ੍ਰਭਾਵ ਕਾਰਨ ਇਸ ਵਿੱਤੀ ਸਾਲ ਵਿਚ ਵੇਖਿਆ ਜਾਵੇਗਾ।
ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਲ ਵਿਕਸਿਤ ਦੇਸ਼ਾਂ ਦੀ ਆਰਥਿਕਤਾ 7 ਪ੍ਰਤੀਸ਼ਤ ਸੁੰਗੜ ਜਾਵੇਗੀ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਰਥਿਕਤਾ ਵਿਚ ਵੀ 2.5 ਪ੍ਰਤੀਸ਼ਤ ਦੀ ਗਿਰਾਵਟ ਆ ਸਕਦੀ ਹੈ।
ਰਿਪੋਰਟ ਮੁਤਾਬਕ ਪ੍ਰਤੀ ਵਿਅਕਤੀ ਆਮਦਨ ‘ਚ ਵੀ 3.6 ਪ੍ਰਤੀਸ਼ਤ ਦੀ ਗਿਰਾਵਟ ਦੀ ਉਮੀਦ ਹੈ। ਇਸ ਕਾਰਨ ਕਰੋੜਾਂ ਲੋਕਾਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਏਗਾ। ਗਰੀਬੀ ਉਨ੍ਹਾਂ ਦੇਸ਼ਾਂ ਵਿਚ ਸਭ ਤੋਂ ਵੱਧ ਰਹੇਗੀ, ਜਿਹੜੇ ਸੈਰ-ਸਪਾਟਾ ਅਤੇ ਨਿਰਯਾਤ ‘ਤੇ ਵਧੇਰੇ ਨਿਰਭਰ ਹਨ ਅਤੇ ਜਿਥੇ ਕੋਰੋਨਾ ਵਿਸ਼ਾਣੂ ਸਭ ਤੋਂ ਵੱਧ ਫੈਲਿਆ ਹੈ।


Share