ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ; ਦੋ ਦਿਨਾਂ ਨਿਊਜ਼ੀਲੈਂਡ ਸਿੱਖ ਖੇਡਾਂ ਸ਼ਾਨਦਾਰ ਸਫਲਤਾ ਨਾਲ ਸੰਪੰਨ- ਲੋਕਾਂ ਦਾ ਰਿਹਾ ਭਰਵਾਂ ਇਕੱਠ

110
ਨਿਊਜ਼ੀਲੈਂਡ ਸਿੱਖ ਖੇਡਾਂ ਦੌਰਾਨ ਦਰਸ਼ਕਾਂ ਦਾ ਆਇਆ ਹੜ।  
Share

-ਤੱਤੇ-ਠੰਡੇ ਵੀ ਹੋਏ ਦਰਸ਼ਕ, ਕਿਸਾਨੀ ਸੰਘਰਸ਼ ਦੇ ਲੱਗੇ ਨਾਅਰੇ ਤੇ ਪੂਰਨ ਸਹਿਯੋਗ ਦਾ ਭਰੋਸਾ ਅਤੇ ਮੈਨੇਜਮੈਂਟ ਤਰੁਟੀਆਂ ‘ਤੇ ਵੀ ਰਹੀ ਤਿਰਛੀ ਨਜ਼ਰ
ਔਕਲੈਂਡ, 29 ਨਵੰਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਦੋ ਦਿਨਾਂ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਅੱਜ ਬਰੂਸ ਪੁਲਮਨ ਪਾਰਕ ਟਾਕਾਨੀਨੀ ਦੇ ਖੇਡ ਮੈਦਾਨ ਦੇ ਵਿਚ ਸਫਲਤਾ ਪੂਰਨ ਅਤੇ ਹੱਸਦੇ ਹਸਾਉਂਦਿਆਂ ਫੋਰਡ ਰੇਂਜਰ ਦੇ ਲੱਕੀ ਡ੍ਰਾਅ ਨਾਲ ਸੰਪਨ ਹੋ ਗਈਆਂ। 16 ਦੇ ਕਰੀਬ ਵੱਖ-ਵੱਖ ਖੇਡਾਂ ਦੇ ਮੁਕਾਬਲੇ ਵੱਖ-ਵੱਖ ਥਾਵਾਂ ਉਤੇ ਹੋਏ। ਅੱਜ ਖਰਾਬ ਮੌਸਮ ਦੇ ਬਾਵਜੂਦ ਲੋਕਾਂ ਦੀ ਆਮਦ ਜਾਰੀ ਰਹੀ ਅਤੇ ਬਾਅਦ ਦੁਪਹਿਰ ਮੌਸਮ ਸਾਫ ਹੁੰਦਿਆਂ ਹੀ ਲੋਕਾਂ ਦਾ ਦੁਬਾਰਾ ਹੜ ਆ ਗਿਆ। ਕਬੱਡੀ ਦੇ ਮੈਚਾਂ ਨੇ ਜਿੱਥੇ ਪੂਰਨ ਜੋਸ਼ ਲਿਆਂਦਾ ਉਥੇ ਸਭਿਆਚਾਰਕ ਸਟੇਜ ਉਤੇ ਵੀ ਗਿੱਧੇ-ਭੰਗੜੇ ਨੇ ਅਤਿ ਕਰਵਾਈ ਰੱਖੀ। ਸਟੇਜ ਦੇ ਐਂਕਰਾਂ ਸ. ਪਰਮਿੰਦਰ ਸਿੰਘ, ਨਵਤੇਜ ਰੰਧਾਵਾ, ਸ਼ਰਨਜੀਤ, ਜੱਸੀ ਕੌਰ, ਹਰਜੀਤ ਕੌਰ, ਮੈਡਮ ਗਰਚਾ ਅਤੇ ਹੋਰ ਬਹੁਤ ਸਾਰੇ ਐਂਕਰਾਂ ਨੇ ਵਧੀਆ ਪੇਸ਼ਕਾਰੀ ਕੀਤੀ। ਸਥਾਨਕ ਗਾਇਕ ਸੁੱਖ ਢੀਂਡਸਾ, ਹਰਮੀਕ ਸਿੰਘ, ਹਰਪ੍ਰੀਤ ਹੈਪੀ ਅਤੇ ਹੋਰ ਕਈ ਗਾਇਕਾਂ ਨੇ ਰੰਗ ਬੰਨ੍ਹੀ ਰੱਖਿਆ। ਕਬੱਡੀ ਦਾ ਆਖਰੀ ਮੁਕਾਬਲਾ ਦੁਆਬਾ ਸਿੱਖ ਵੌਰੀਅਰਜ਼ ਨੇ ਜਿੱਤ ਕੇ ਆਪਣੇ ਨਾਂਅ ਕੀਤਾ। ਮੈਚ ਦੌਰਾਨ ਸ. ਤੀਰਥ ਸਿੰਘ ਅਟਵਾਲ, ਸ. ਜਰਨੈਲ ਸਿੰਘ ਰਾਹੋ ਅਤੇ ਅਮਨਦੀਪ ਸਿੰਘ ਨੂੰ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ।
ਨੈਟਬਾਲ ਦੇ ਵਿਚ ਪੰਜਾਬੀ ਨਾਇਟਸ ਦੀਆਂ ਕੁੱੜੀਆਂ ਨੇ ਬਾਜੀ ਮਾਰੀ। ਬੈਡਮਿੰਟਨ ਦੇ ਨਤੀਜਿਆਂ ਵਿਚੇ ਸਿੰਗਲਜ਼ (ਬੀ) ਦੇ ਵਿਚ ਜਸਮਨਜੋਤ ਵਿਰਕ ਜੇਤੂ, ਅਸ਼ੀਸ਼ ਡਾਂਗੀ ਉਪ ਜੇਤੂ, ਸਿੰਗਜ਼ (ਜੀ) ਦੇ ਵਿਚ ਅਮਰੀਨ ਵਿਰਕ ਜੇਤੂ ਅਤੇ ਜੋਆਨੇ ਨਾਰਾਇਣ ਉਪਜੇਤੂ, ਡਬਲਜ਼ (ਜੀ) ਦੇ ਵਿਚ ਹਿਨਾ ਸਿੱਕਾ-ਜੋਆਨੇ ਨਾਰਾਇਣ ਜੇਤੂ ਤੇ ਅਮਰੀਨ ਵਿਰਕ-ਮਨਜੀਪ ਵਿਰਕ ਉਪਜੇਤੂ ਰਹੇ। ਇਸੀ ਤਰ੍ਹਾਂ ਮਾਸਟਰਜ਼ ਸਿੰਗਲਜ਼ ਦੇ ਵਿਚ ਰੁਪਿੰਦਰ ਵਿਰਕ ਤੇ ਤਜਿੰਦਰ ਵਿਰਕ ਉਪ ਜੇਤੂ ਰਹੇ। ਡਬਲਲਜ਼ ਦੇ ਵਿਚ ਰਣਵੀਰ ਸੰਧੂ-ਰੋਹਿਤ ਸਿੰਘ ਜੇਤੂ ਰਹੇ ਜਦ ਕਿ ਰੁਪਿੰਦਰ ਵਿਰਕ-ਤਜਿੰਦਰ ਵਿਰਕ ਉਪ ਜੇਤੂ ਰਹੇ। ਜੂਨੀਅਰ ਬੁਆਏਜ ਦੇ ਵਿਚ ਅਵੀਰ ਵਿਰਕ ਜੇਤੂ ਤੇ ਨਿਤਿਨ ਪੇਰੂਮਲ ਉਪਜੇਤੂ, ਕੁੜੀਆਂ ਦੇ ਵਿਚ ਅਨਮੋਲ ਵਿਰਕ ਜੇਤੂ ਅਤੇ ਰਹਿਮਤ ਕੌਰ ਉਪ ਜੇਤੂ ਰਹੇ। ਪਲੇਟ ਸਿੰਗਲਜ਼ ਦੇ ਵਿਚ ਗੰਗਾ ਸਿੰਘ ਵਿਰਕ ਜੇਤੂ ਤੇ ਪ੍ਰਭਨੂਰ ਸਿੰਘ ਉਪਜੇਤੂ ਰਹੇ। ਡਬਲਜ਼ ਦੇ ਵਿਚ ਤੇਜਿੰਦਰ ਵਿਰਕ-ਸੁਰਜੀਤ ਕੁਮਾਰ ਜੇਤੂ ਅਤੇ ਗਗਨ ਜਟਾਣਾ ਅਤੇ ਮੰਦੀਪ ਸਿੰਘ ਉਪਜੇਤੂ ਰਹੇ।  ਅੰਡਰ 18  ਹਾਕੀ ਦੇ ਵਿਚ ਐਨ. ਜ਼ੈਡ. ਪੰਜਾਬੀ ਹਾਕੀ ਕਲੱਬ ਔਕਲੈਂਡ ਦੀ ਟੀਮ ਇਸ ਵਾਰ 4-2 ਦੇ ਨਾਲ ਜੇਤੂ ਰਹੀ ਅਤੇ ਟ੍ਰਾਫੀ ਉਤੇ ਕਬਜ਼ਾ ਕੀਤਾ। ਗੌਲਫ ਦਾ ਟੂਰਨਾਮੈਂਟ ਵਿੰਡਰੌਸ ਫਾਰਮ ਅਲਫਰਿਸਟਨ ਵਿਖੇ ਹੋਇਆ ਜਿਸ ਦੇ ਵਿਚ ਲਗਪਗ 20 ਪੰਜਾਬੀ ਗੌਲਫਰਾਂ ਨੇ ਹਿੱਸਾ ਲਿਆ। ਕੱਲ੍ਹ ਸ਼ਾਮ ਤੱਕ ਹਿੱਟਾਂ ਤੇ ਹਿੱਟਾਂ ਵਜਦੀਆਂ ਰਹੀਆਂ ਅਕੇ ਗੌਲਫ ਕਾਰਟਾਂ (ਬੱਘੀਆਂ) ਨੇ ਗੇੜੇ ‘ਤੇ ਗੇੜਾ ਬਣਾਈ ਰੱਖਿਆ। ਕੱਲ੍ਹ ਦੇ ਮਿਲੇ ਨਤੀਜਿਆਂ ਦੇ ਵਿਚ ਪਹਿਲੇ ਨੰਬਰ ਉਤੇ ਮਾਟਾਮਾਟਾ ਟੀਮ ਜਿਸ ਦੇ ਵਿਚ ਅਮਰਜੀਤ ਘੱਗ, ਗਵਨ ਬਖਸ਼ੀ, ਤਨਵੀਰ ਸਿੰਘ ਅਤੇ ਰਾਹੁਲ ਵਰਮਾ ਰਹੇ ਜਦ ਕਿ ਦੂਜੇ ਨੰਬਰ ਉਤੇ ਸ. ਖੜਗ ਸਿੰਘ ਦੀ ਲਾਲ ਰੰਗ ਵਾਲੀ ਟੀਮ ਜਿਸ ਦੇ ਵਿਚ ਕਮਲਜੀਤ ਸਿੰਘ ਕੰਬੋਜ, ਕਰਮਨਦੀਪ ਸਿੰਘ ਸਨ, ਉਪ ਜੇਤੂ ਰਹੇ।
ਅੱਜ ਦੇ ਟੂਰਨਾਮੈਂਟ ਦੀ ਸਮਾਪਤੀ 50000 ਡਾਲਰ ਤੋਂ ਵੱਧ ਦੀ ਕੀਮਤ ਵਾਲੀ ਫੋਰਡ ਰੇਂਜਰ (ਯੂਟ) ਗੱਡੀ ਕੱਢ ਕੇ ਕੀਤੀ ਗਈ ਜਿਸ ਦੇ ਵਿਚ ਭਾਗਸ਼ਾਲੀ ਵਿਜੇਕਾ ਮਾਣਕ ਤਲਵਾਰ ਬਣਿਆ। ਗੁਰੂ ਕੇ ਲੰਗਰ ਵਿਚ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਅਤੇ ਗੁਰਦੁਆਰਾ ਬੇਗਮਪੁਰਾ ਸਾਹਿਬ ਦਾ ਵੱਡਾ ਯੋਗਦਾਨ ਰਿਹਾ। ਸ. ਦਲਬੀਰ ਸਿੰਘ ਲਸਾੜਾ ਨੇ ਰਸਦ ਦੇ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ। ਵਲੰਟੀਅਰਜ ਦੇ ਵਿਚ ਸ. ਕਰਨੈਲ ਸਿੰਘ ਹੋਰਾਂ ਦੀ ਟੀਮ ਦਾ ਤਾਂ ਕਿਆ ਕਹਿਣਾ ਸੀ। ਬਹੁਤ ਸਾਰੇ ਗੋਰੇ ਲੋਕ ਵੀ ਵਲੰਟੀਅਰ ਵਜੋਂ ਆਏ। ਫੁੱਟਬਾਲ ਦੇ ਮੈਚਾਂ ਵਿਚ ਭਾਰੀ ਰੌਣਕ ਰਹੀ। ਵਾਲੀਵਾਲ ਬਾਸਕਟਵਾਲ ਆਦਿ ਦੇ ਵਿਚ ਵੀ ਬਹੁਤ ਸਾਰੇ ਲੋਕ ਦਰਸ਼ਕਾਂ ਵਜੋਂ ਪਹੁੰਚੇ। ਕੀਵੀ ਟੀ.ਵੀ. ਵੱਲੋਂ ਪੰਜਾਬੀਆਂ ਦੇ ਨਿਊਜ਼ੀਲੈਂਡ ਇਤਿਹਾਸ ਬਾਰੇ ਲਾਈ ਪ੍ਰਦਰਸ਼ਨੀ ਵੀ ਲੋਕਾਂ ਲਈ ਖਿੱਚ ਦਾ ਕਾਰਨ ਬਣੀ। ਪੰਜਾਬੀ ਹਫਤੇ ਨੂੰ ਸਮਰਪਿਤ ਪਰਚੇ ਅਤੇ ਉੜਾ-ਐੜਾ ਵਾਲਾ ਕੈਲੰਡਰ ਵੀ ਲੋਕਾਂ ਦੇ ਹੱਥਾਂ ਵਿਚ ਪਹੁੰਚਿਆ। ਖਾਣ-ਪੀਣ ਦੀਆਂ ਸਟਾਲਾਂ, ਪੰਜਾਬੀ ਪੁਲਿਸ ਅਫਸਰ, ਦਸਤਾਰ ਬੰਦੀ ਅਤੇ ਹੋਰ ਬਹੁਤ ਕੁਝ ਮੇਲੇ ਵਾਲਾ ਮਾਹੌਲ ਬਣਾ ਗਿਆ।
ਝਲਕੀਆਂ: ਇਨ੍ਹਾਂ ਖੇਡਾਂ ਦੌਰਾਨ ਬਹੁਤਾਤ ਗਿਣਤੀ ਦੇ ਵਿਚ ਦਰਸ਼ਕਾਂ ਨੇ ਪੂਰਾ ਅਨੰਦ ਮਾਣਿਆ। ਕੁਝ ਦਰਸ਼ਕ ਤੱਤੇ-ਠੰਡੇ ਵੀ ਹੋਏ, ਪਰ ਸੁਰੱਖਿਆ ਦਸਤੇ ਨੇ ਤਰੀਕੇ ਨਾਲ ਮਾਮਲਾ ਸੁਲਝਾ ਲਿਆ। ਕਿਸਾਨੀ ਸੰਘਰਸ਼ ਦੇ ਵਾਸਤੇ ਵੀ ਨਾਅਰੇ ਲੱਗੇ ਅਤੇ ਸਹਿਯੋਗ ਦੇ ਵਿਚ ਖਬਰਾਂ ਵੀ ਛਪੀਆਂ। ਕੁਮੈਂਟੇਟਰ ਅਤੇ ਸਟੇਜ ਉਤੋਂ ਵੀ ਕਿਸਾਨੀ ਸੰਘਰਸ਼ ਦੇ ਜ਼ਜਬੇ  ਨੂੰ ਸਲਾਮ ਕੀਤਾ ਗਿਆ। ਮੈਨੇਜਮੈਂਟ ਦੇ ਵਿਚ ਬਹੁਤ ਸਾਰੇ ਥਾਵਾਂ ਉਤੇ ਤਰੁੱਟੀਆਂ ਵੇਖੀਆਂ ਗਈਆਂ। ਇਨਾਮਾਂ ਦੀ ਵੰਡ ਵਾਸਤੇ ਇਕ ਥਾਂ ਮੁੱਕਰਰ ਨਾ ਹੋਣ ਕਰਕੇ ਰੌਲਾ ਗੌਲਾ ਰਿਹਾ। ਐਥਲੈਟਿਕਸ ਨੂੰ ਲੈ ਕੇ ਵੀ ਭੰਬਲਭੂਸਾ ਬਣਿਆ ਰਿਹਾ। ਕਿਸੇ ਨੂੰ ਮੈਡਲ ਮਿਲੇ ਹੀ ਨਹੀਂ ਜਾਂ ਫਿਰ ਉਨ੍ਹਾਂ ਦੇ ਪ੍ਰਬੰਧਕ ਖਿਡਾਰੀਆਂ ਨਾਲ ਮੁੜੇ ਕੇ ਸੰਪਰਕ ਨਾ ਕਰ ਸਕੇ। ਮੈਨੇਜਮੈਂਟ ਦੀ ਟੈਕ ਟੀਮ ਦੀ ਵੀ ਕਾਫੀ ਭੰਬੀਰੀ ਘੁੰਮੀ। ਜਿੰਨਾ ਹੋ ਸਕਿਆ ਉਨਾਂ ਨੇ ਸਾਰੇ ਨਤੀਜੇ ਵੈਬਸਾਈਟ ਉਤੇ ਪਾਉਣ ਦੀ ਕੋਸ਼ਿਸ਼ ਕੀਤੀ। ਸਟੇਜ ਵਾਲਿਆਂ ਦਾ ਸਾਊਂਡ ਅਤੇ ਲਾਈਵ ਕਰਨ ਦਾ ਸਿਸਟਮ ਬਾ ਕਮਾਲ ਸੀ। ਕਬੱਡੀ ਐਚ. ਡੀ. ਵਾਲੇ ਇੰਦਰ ਹੋਰਾਂ ਨੇ ਤਾਂ ਕਮਾਲ ਹੀ ਕਰ ਛੱਡੀ, ਕੈਪਸ਼ਨਾ ਅਤੇ ਲਾਈਵ ਨਤੀਜੇ ਵੀ ਨਾਲੋ-ਨਾਲ ਚੱਲੇ। ਕੁੱਲ ਮਿਲਾ ਕੇ ਵੇਖੀਏ ਤਾਂ ਦਰਸ਼ਕਾਂ ਲਈ ਇਹ ਖੇਡਾਂ ਜਿੱਥੇ ਇਕ ਵਾਰ ਫਿਰ ਯਾਦਗਾਰੀ ਬਣ ਗਈਆਂ ਉਥੇ ਮੈਨੇਜਮੈਂਟ ਵਾਸਤੇ ਆਪਣੀਆਂ ਕਮੀਆਂ ਨੂੰ ਪਛਾਣ ਕੇ ਉਨਾਂ ਨੂੰ ਅਗਲੀ ਵਾਰ ਦੂਰ ਕਰਨ ਲਈ ਸੁਨੇਹਾ ਵੀ ਛੱਡ ਗਈਆਂ।


Share