ਦੁਨੀਆ ਵਿੱਚ 5 ਮਹੀਨੇ ‘ਚ 50 ਲੱਖ ਤੋਂ ਟੱਪੀ ਕੋਰੋਨਾ ਮਰੀਜ਼ਾਂ ਦੀ ਗਿਣਤੀ

143
Share

ਵਾਸ਼ਿੰਗਟਨ, 21 ਮਈ (ਪੰਜਾਬ ਮੇਲ)-  ਸਾਰੀ ਦੁਨੀਆ ਵਿੱਚ ਤੇਜ਼ੀ ਨਾਲ ਫੈਲੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਕੇਵਲ ਪੰਜ ਮਹੀਨਿਆਂ ਵਿੱਚ 50 ਲੱਖ ਤੋਂ ਟੱਪ ਚੁੱਕੀ ਹੈ  ਵਰਲਡੋਮੀਟਰ ਦੇ ਅੰਕੜਿਆਂ ਅਨੁਸਾਰ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ 50 ਲੱਖ 85 ਜਹਾਜ਼ 504 ‘ਤੇ ਪਹੁੰਚ ਗਈ ਹੈ ਅਤੇ ਹੁਣ ਤੱਕ ਇਸ ਮਹਾਂਮਾਰੀ ਕਾਰਨ 3 ਲੱਖ 29 ਹਜ਼ਾਰ 731 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਨਾ ਸਿਰਫ਼ ਲੋਕਾਂ ਦੀ ਮੌਤ ਹੋ ਰਹੀ ਹੈ, ਸਗੋਂ ਇਹ ਲੋਕਾਂ ਨੂੰ ਬੇਰੁਜ਼ਗਾਰੀ ਤੇ ਗਰੀਬੀ ਦੀ ਦਲਦਲ ‘ਚ ਧੱਕ ਰਿਹਾ ਹੈ। ਇੱਥੇ ਕੋਰੋਨਾ ਦੀ ਰਫ਼ਤਾਰ ਦੀ ਗੱਲ ਕਰੀਏ ਤਾਂ 40 ਲੱਖ ਤੋਂ 50 ਲੱਖ ਦੇ ਅੰਕੜੇ ਨੂੰ ਛੂਹਣ ‘ਚ ਕੋਰੋਨਾ ਵਾਇਰਸ ਨੂੰ ਸਿਰਫ਼ 12 ਦਿਨ ਲੱਗੇ। ਉੱਥੇ ਹੀ 30 ਲੱਖ ਤੋਂ 40 ਲੱਖ ਤਕ ਪਹੁੰਚਣ ‘ਚ ਸਿਰਫ਼ 11 ਦਿਨ ਲੱਗੇ ਸਨ। ਬਹੁਤ ਸਾਰੇ ਦੇਸ਼, ਖ਼ਾਸਕਰ ਇਟਲੀ ਤੇ ਸਪੇਨ ਜਿਹੇ ਦੇਸ਼, ਜੋ ਅਪ੍ਰੈਲ ਦੇ ਅਰੰਭ ‘ਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ, ਉੱਥੇ ਕੋਰੋਨਾ ਸ਼ਿਖਰ ਨੂੰ ਪਾਰ ਕਰ ਚੁੱਕਾ ਹੈ ਅਤੇ ਹੌਲੀ-ਹੌਲੀ ਦੇਸ਼ ਮੁੜ ਪਟੜੀ ‘ਤੇ ਆ ਰਿਹਾ ਹੈ। ਪਰ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਦੁਬਾਰਾ ਹਮਲਾ ਕਰ ਸਕਦਾ ਹੈ। ਪੂਰੀ ਦੁਨੀਆ ‘ਚ ਕੋਰੋਨਾ ਵਾਇਰਸ ਦੇ ਮਾਮਲੇ ਨਿਊਜ਼ੀਲੈਂਡ ਦੀ ਆਬਾਦੀ ਦੇ ਬਰਾਬਰ ਹੋ ਗਏ ਹਨ ਜਾਂ ਇੰਜ ਕਹਿ ਸਕਦੇ ਹਾਂ ਕਿ ਇਸ ਨੂੰ ਪਾਰ ਕਰ ਚੁੱਕੇ ਹਨ। ਬੁੱਧਵਾਰ ਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਿਯੂਐਚਓ) ਨੇ ਗਰੀਬ ਦੇਸ਼ਾਂ ‘ਚ ਨਵੇਂ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਬਾਰੇ ਚਿੰਤਾ ਪ੍ਰਗਟਾਈ ਹੈ। ਡਬਲਿਯੂਐਚਓ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ 1,06,000 ਨਵੇਂ ਮਾਮਲੇ ਪਿਛਲੇ 24 ਘੰਟੇ ‘ਚ ਦਰਜ ਕੀਤੇ ਗਏ ਹਨ, ਜਦੋਂ ਤੋਂ ਕੋਰੋਨਾ ਵਾਇਰਸ ਦਾ ਕਹਿਰ ਸ਼ੁਰੂ ਹੋਇਆ ਹੈ, ਉਦੋਂ ਤੋਂ ਇਹ ਇੱਕ ਦਿਨ ‘ਚ ਸੱਭ ਤੋਂ ਵੱਧ ਮਾਮਲਿਆਂ ਦਾ ਰਿਕਾਰਡ ਹੈ। ਬ੍ਰਾਜ਼ੀਲ, ਰੂਸ ਤੇ ਭਾਰਤ ਕੋਰੋਨਾ ਵਾਇਰਸ ਦੇ ਨਵੇਂ ਹੌਟ-ਸਪੌਟਸ ਵਜੋਂ ਉਭਰ ਰਹੇ ਹਨ। ਅਮਰੀਕਾ ‘ਚ ਕੋਰੋਨਾ ਮਾਮਲਿਆਂ ਵਿੱਚ ਕਮੀ ਆਈ ਹੈ। ਹੁਣ ਤਕ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 92,387 ਮੌਤਾਂ ਹੋ ਚੁੱਕੀਆਂ ਹਨ, ਜੋ ਕਿ ਦੁਨੀਆਂ ਦੇ ਕਿਸੇ ਵੀ ਦੇਸ਼ ਲਈ ਸਭ ਤੋਂ ਵੱਧ ਹੈ। ਦੱਸ ਦੇਈਏ ਕਿ 31 ਦਸੰਬਰ ਨੂੰ ਚੀਨ ਦੇ ਵੁਹਾਨ ਸ਼ਹਿਰ ਵਿੱਚ ਕੋਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਇਸ ਤਰ੍ਹਾਂ ਕੇਵਲ 5 ਮਹੀਨਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 50 ਲੱਖ ਤੋਂ ਟੱਪ ਚੁੱਕੀ ਹੈ।

Share