ਦੁਨੀਆ ’ਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ : ਸੰਯੁਕਤ ਰਾਸ਼ਟਰ

91
Share

ਸੰਯੁਕਤ ਰਾਸ਼ਟਰ, 17 ਜਨਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਦੁਨੀਆ ਵਿੱਚ ਪ੍ਰਵਾਸੀ ਭਾਰਤੀਆਂ ਦੀ ਗਿਣਤੀ ਸਭ ਤੋਂ ਵੱਧ ਹੈ ਅਤੇ ਇਹ ਵਿਸ਼ਵ ਦੇ ਅਲੱਗ-ਅਲੱਗ ਮੁਲਕਾਂ ਵਿੱਚ ਰਹਿ ਰਹੇ ਹਨ। ਸਾਲ 2020 ਵਿੱਚ ਲਗਭਗ 1.8 ਕਰੋੜ ਭਾਰਤੀ ਆਪਣੇ ਵਤਨ ਤੋਂ ਦੂਰ ਦੁਨੀਆ ਦੇ ਕਈ ਦੇਸ਼ਾਂ ਵਿੱਚ ਗਏ ਅਤੇ ਉਹ ਇਸ ਮਾਮਲੇ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਵਿਸ਼ਵ ਸੰਸਥਾ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਸਭ ਤੋਂ ਵੱਧ ਗਿਣਤੀ ਵਿੱਚ ਅਮਰੀਕਾ, ਯੂਏਈ ਤੇ ਸਾਊਦੀ ਅਰਬ ਵਿੱਚ ਰਹਿੰਦੇ ਹਨ।

ਸੰਯੁਕਤ ਰਾਸ਼ਟਰ ਨੇ ਪ੍ਰਵਾਸੀ ਭਾਰਤੀਆਂ ਨੂੰ ਸਭ ਤੋਂ ਵੱਧ ਵਿਭਿੰਨਤਾ ਅਤੇ ਖੁਸ਼ਹਾਲ ਭਾਈਚਾਰਿਆਂ ਵਿੱਚੋਂ ਇੱਕ ਮੰਨਿਾ ਹੈ। ਯੂਐਨ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ (ਡੀਈਐਸਏ) ਵਿੱਚ ਜਨਸੰਖਿਆ ਡਵੀਜ਼ਨ ਦੀ ਅਧਿਕਾਰੀ ਕਲੇਰ ਮੇਨੋਜੀ ਨੇ ਕਿਹਾ ਕਿ ਦੁਨੀਆ ਵਿੱਚ ਭਾਰਤ ਦੀ ਸਭ ਤੋਂ ਵੱਧ ਪ੍ਰਵਾਸੀ ਅਬਾਦੀ ਵਸਦੀ ਹੈ। ਇਸ ਅਬਾਦੀ ਦਾ ਪ੍ਰਸਾਰ ਪੂਰੀ ਦੁਨੀਆ ਵਿੱਚ ਹੈ, ਜੋ ਸਾਰੇ ਟਾਪੂਆਂ ਅਤੇ ਖੇਤਰਾਂ ਵਿੱਚ ਫੈਲੇ ਹੋਏ ਹਨ।
ਸੰਯੁਕਤ ਰਾਸ਼ਟਰ ਡੀਈਐਸਏ ਦੇ ਜਨਸੰਖਿਆ ਡਵੀਜ਼ਨ ਵੱਲੋਂ ਜਾਰੀ ‘ਕੌਮਾਂਤਰੀ ਪ੍ਰਵਾਸੀ-2020’ ਰਿਪੋਰਟ ਮੁਤਾਬਕ 1.8 ਕਰੋੜ ਭਾਰਤੀ ਆਪਣੇ ਜਨਮ ਸਥਾਨ ਤੋਂ ਦੂਰ ਦੂਜੇ ਮੁਲਕਾਂ ਵਿੱਚ ਰਹਿੰਦੇ ਹਨ। ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ’ਚੋਂ ਸਭ ਤੋਂ ਵੱਧ 35 ਲੱਖ ਯੂਏਈ ਵਿੱਚ ਰਹਿੰਦੇ ਹਨ, ਜਦਕਿ 27 ਲੱਖ ਭਾਰਤੀ ਅਮਰੀਕਾ ਵਿੱਚ ਅਤੇ 25 ਲੱਖ ਸਾਊਦੀ ਅਰਬ ਵਿੱਚ ਰਹਿੰਦੇ ਹਨ। ਇਨ੍ਹਾਂ ਤੋਂ ਇਲਾਵਾ ਕੈਨੇਡਾ, ਆਸਟਰੇਲੀਆ, ਕੁਵੈਤ, ਓਮਾਨ, ਪਾਕਿਸਤਾਨ, ਕਤਰ ਤੇ ਬਰਤਾਨੀਆ ਵਿੱਚ ਵੀ ਪ੍ਰਵਾਸੀ ਭਾਰਤੀਆਂ ਦੀ ਵੱਡੀ ਗਿਣਤੀ ਹੈ।
ਰਿਪੋਰਟ ਮੁਤਾਬਕ 2000 ਤੋਂ 2020 ਵਿਚਕਾਰ ਦੁਨੀਆ ਦੇ ਹਰ ਦੇਸ਼ ਤੇ ਖੇਤਰ ਵਿੱਚ ਪ੍ਰਵਾਸੀਆਂ ਦੀ ਗਿਣਤੀ ਵਧੀ ਹੈ। ਇਨ੍ਹਾਂ 20 ਸਾਲਾਂ ਵਿੱਚ ਸਭ ਤੋਂ ਵੱਧ ਲਾਭ ਭਾਰਤ ਨੂੰ ਮਿਲਿਆ ਹੈ, ਜਿਸ ਦੀ ਵਿਦੇਸ਼ ਵਿੱਚ ਰਹਿਣ ਵਾਲੀ ਅਬਾਦੀ ਦੀ ਗਿਣਤੀ ਵਿੱਚ 1 ਕਰੋੜ ਦਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਸੀਰੀਆ, ਵੈਨੇਜ਼ੁਏਲਾ, ਚੀਨ ਤੇ ਫਿਲੀਪੀਨ ਦਾ ਸਥਾਨ ਆਉਂਦਾ ਹੈ।
ਸੰਯੁਕਤ ਰਾਸ਼ਟਰ ਦੇ ਜਨਸੰਖਿਆ ਡਵੀਜ਼ਨ ਦੇ ਡਾਇਰੈਕਟਰ ਜੌਨ ਵਿਲਮੋਥ ਨੇ ਕਿਹਾ ਕਿ ਭਾਰਤ ਤੋਂ ਪ੍ਰਵਾਸ ਦਾ ਮੁੱਖ ਕਾਰਨ ਰੋਜ਼ਗਾਰ ਅਤੇ ਪਰਿਵਾਰਕ ਕਾਰਨ ਰਹੇ ਅਤੇ ਜਬਰੀ ਪ੍ਰਵਾਸ ਦਾ ਪ੍ਰਤੀਸ਼ਤ (ਲਗਭਗ 10 ਫੀਸਦੀ) ਘੱਟ ਰਿਹਾ।
ਅਮਰੀਕਾ ਪ੍ਰਵਾਸੀਆਂ ਦਾ ਹੁਣ ਵੀ ਸਭ ਤੋਂ ਵੱਧ ਮਨਭਾਉਂਦਾ ਸਥਾਨ ਬਣਿਆ ਹੋਇਆ ਅਤੇ ਸਾਲ 2020 ਵਿੱਚ ਕੁੱਲ 5.1 ਕਰੋੜ ਕੌਮਾਂਤਰੀ ਪ੍ਰਵਾਸੀ ਅਮਰੀਕਾ ਵਿੱਚ ਸਨ, ਜੋ ਵਿਸ਼ਵ ’ਚ ਕੁੱਲ ਕੌਮਾਂਤਰੀ ਪ੍ਰਵਾਸੀਆਂ ਦਾ 18 ਫੀਸਦੀ ਹੈ। 1.6 ਕਰੋੜ ਪ੍ਰਵਾਸੀਆਂ ਦੇ ਨਾਲ ਜਰਮਨੀ ਦੂਜੇ ਸਥਾਨ ’ਤੇ ਰਿਹਾ, ਜਦਕਿ ਸਾਊਦੀ ਅਰਬ, ਰੂਸ ਤੇ ਬਰਤਾਨੀਆ ਲੜੀਵਾਰ 1.3 ਕਰੋੜ, 1.2 ਕਰੋੜ, 90 ਲੱਖ ਕੌਮਾਂਤਰੀ ਪ੍ਰਵਾਸੀਆਂ ਨਾਲ ਤੀਜੇ, ਚੌਥੇ ਤੇ ਪੰਜਵੇਂ ਸਥਾਨ ’ਤੇ ਰਹੇ।


Share