ਦੁਨੀਆਂ ਭਰ ‘ਚ ਭਾਰਤੀ ਮੂਲ ਦੇ 58 ਕਾਰਜਕਾਰੀ ਅਧਿਕਾਰੀ ਵੱਡੇ ਪੱਧਰ ‘ਤੇ ਕਰਵਾ ਰਹੇ ਨੇ ਰੋਜ਼ਗਾਰ ਮੁਹੱਈਆ

108
Share

ਵਾਸ਼ਿੰਗਟਨ, 10 ਜੁਲਾਈ (ਪੰਜਾਬ ਮੇਲ)-ਭਾਰਤੀ ਮੂਲ ਦੇ 58 ਕਾਰਜਕਾਰੀ ਦੁਨੀਆਂ ਭਰ ਵਿਚ ਵੱਡੇ ਪੱਧਰ ‘ਤੇ ਰੋਜ਼ਗਾਰ ਮੁਹੱਈਆ ਕਰਾ ਰਹੇ ਹਨ। ਉਹ ਅਮਰੀਕਾ, ਕੈਨੇਡਾ ਅਤੇ ਸਿੰਗਾਪੁਰ ਸਮੇਤ 11 ਦੇਸ਼ਾਂ ਦੀਆਂ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀ ਹਨ। ਭਾਰਤੀ ਲੋਕਾਂ ਦਾ ਇਹ ਸਮੂਹ ਦੁਨੀਆਂ ਭਰ ਵਿਚ 36 ਲੱਖ ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਦੀ ਕੁੱਲ ਆਮਦਨ 1 ਲੱਖ ਕਰੋੜ ਡਾਲਰ (ਕਰੀਬ 75 ਲੱਖ ਕਰੋੜ ਰੁਪਏ) ਹੈ।
ਗਲੋਬਲ ਪੱਧਰ ‘ਤੇ ਭਾਰਤੀ ਮੂਲ ਦੇ ਦਿੱਗਜ਼ ਪੇਸ਼ੇਵਰਾਂ ਦੇ ਸੰਗਠਨ ‘ਇੰਡੀਆਸਪੋਰਾ’ ਮੁਤਾਬਕ ਭਾਰਤੀ ਕਾਰੋਬਾਰੀ ਪਹਿਲਾਂ ਤੋਂ ਕਈ ਵੱਧ ਗਿਣਤੀ ਵਿਚ ਕਾਰਪੋਰੇਟ ਖੇਤਰ ਵਿਚ ਸਫਲਤਾ ਦੇ ਸਿਖਰ ‘ਤੇ ਪਹੁੰਚ ਰਹੇ ਹਨ। ਇਨ੍ਹਾਂ ਵਿਚੋਂ ਕਈ ਆਪਣੇ ਮੰਚਾਂ ਦੀ ਵਰਤੋਂ ਸਮਾਜਿਕ ਤਬਦੀਲੀ ਦੀ ਪੈਰੋਕਾਰੀ ਲਈ ਕਰ ਰਹੇ ਹਨ। ਇੰਡੀਆਸਪੋਰਾ ਬਿਜ਼ਨੈੱਸ ਲੀਡਰਸ ਦੀ ਸੂਚੀ ਵਿਚ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਸਿੰਗਾਪੁਰ ਸਮੇਤ 11 ਦੇਸ਼ਾਂ ਦੀਆਂ ਕੰਪਨੀਆਂ ਦੀ ਅਗਵਾਈ ਕਰਨ ਵਾਲੇ 58 ਕਾਰਜਕਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਕੰਪਨੀਆਂ ਨੇ ਸਾਲਾਨਾ 23 ਫੀਸਦੀ ਦੀ ਦਰ ਨਾਲ ਤਰੱਕੀ ਕੀਤੀ ਹੈ।
ਇਹ ਕੰਪਨੀਆਂ ਸਮੂਹਿਕ ਤੌਰ ‘ਤੇ ਦੁਨੀਆਂ ਭਰ ਵਿਚ 36 ਲੱਖ ਤੋਂ ਵਧੇਰੇ ਲੋਕਾਂ ਨੂੰ ਰੋਜ਼ਗਾਰ ਦਿੰਦੀਆਂ ਹਨ ਅਤੇ ਇਕ ਲੱਖ ਕਰੋੜ ਤੋਂ ਵਧੇਰੇ  ਕਮਾਈ ਕਰਦੀਆਂ ਹਨ। ਇਨ੍ਹਾਂ ਦਾ ਬਾਜ਼ਾਰ ਪੂੰਜੀਕਰਨ 4 ਲੱਖ ਕਰੋੜ ਡਾਲਰ ਤੋਂ ਵੱਧ ਹੈ। ਇੰਡੀਆਸਪੋਰਾ ਦੇ ਸੰਸਥਾਪਕ ਅਤੇ ਸਿਲੀਕਾਨ ਵੈਲੀ ਦੇ ਉੱਦਮੀ ਐੱਮ. ਆਰ. ਰੰਗਾਸਵਾਮੀ ਨੇ ਕਿਹਾ, ”ਕਾਰੋਬਾਰ ਦੇ ਖੇਤਰ ਵਿਚ ਭਾਰਤੀ ਪ੍ਰਵਾਸੀਆਂ ਦਾ ਪ੍ਰਭਾਵ ਸ਼ਾਨਦਾਰ ਹੈ। ਇਹੀ ਕਾਰਨ ਹੈ ਕਿ ਅਸੀਂ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਸਾਨੂੰ ਆਸ ਹੈ ਕਿ ਸਾਡੀਆਂ ਸੂਚੀਆਂ ਵਿਚ ਉਨ੍ਹਾਂ ਲੋਕਾਂ ਦਾ ਵੇਰਵਾ ਆਉਂਦਾ ਰਹੇਗਾ ਜੋ ਆਪਣੇ ਖੇਤਰਾਂ ਵਿਚ ਸਾਕਾਰਾਤਮਕ ਤਬਦੀਲੀ ਲਈ ਕੰਮ ਕਰ ਰਹੇ ਹਨ।”


Share