ਦੁਨੀਆਂ ਦੇ ਰਹਿਣ ਪੱਖੋਂ ਸਭ ਤੋਂ ਵਧੀਆ ਸ਼ਹਿਰਾਂ ਦੀ ਸੂਚੀ ’ਚ ਆਕਲੈਂਡ ਦਾ ਪਹਿਲਾ ਸਥਾਨ

4021
Share

-ਐਡੀਲੇਡ ਨੂੰ ਮਿਲਿਆ ਤੀਜਾ ਸਥਾਨ
ਮੈਲਬੋਰਨ, 10 ਜੂਨ (ਪੰਜਾਬ ਮੇਲ)-ਆਸਟ੍ਰੇਲੀਆ ਦਾ ਪ੍ਰਮੱਖ ਸ਼ਹਿਰ ਮੈਲਬੋਰਨ ਇਸ ਵਾਰ ਦੁਨੀਆਂ ਦੇ ਸਭ ਤੋਂ ਵੱਧ ਵਧੀਆ ਰਹਿਣ ਪੱਖੋਂ ਸ਼ਹਿਰਾਂ ਦੀ ਸੂਚੀ ਵਿਚੋਂ ਪਹਿਲੇ ਨੰਬਰ ਤੋਂ ਖਿਸਕ ਕੇ ਅੱਠਵੇਂ ਨੰਬਰ ’ਤੇ ਪਹੁੰਚ ਗਿਆ ਹੈ ਜਦਕਿ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨੂੰ ਇਸ ਸੂਚੀ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ‘ਦਿ ਇਕਨਾਮਿਕਸਟ ਇੰਟੈਲੀਜੈਂਸ ਯੂਨਿਟ ਗਲੋਬਲ ਲਾਇਵਲਿਟੀ ਇੰਡੈਕਸ 2021’ ਨੇ ਆਪਣੇ ਸਰਵੇ ਦੌਰਾਨ ਸਿਹਤ ਸੁਧਾਰ, ਭਾਈਚਾਰਕ ਸਾਂਝ, ਵਾਤਾਵਰਣ, ਸਿੱਖਿਆ, ਬੁਨਿਆਦੀ ਢਾਂਚੇ ਅਤੇ ਆਪਸੀ ਮਿਲਵਰਤਨ ਵਿਚ ਸਭ ਤੋਂ ਉੱਤਮ ਹੋਣ ਦੇ ਪ੍ਰਮਾਣ ਨੂੰ ਸ਼ਾਮਲ ਕੀਤਾ ਹੈ ਅਤੇ ਇਸ ਵਾਰ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਕੀਤੇ ਪ੍ਰਬੰਧਾਂ ਦਾ ਅਸਰ ਵੀ ਇਸ ਦਰਜਾਬੰਦੀ ’ਤੇ ਵੀ ਪਿਆ ਹੈ, ਜਿਸ ਦੇ ਚਲਦਿਆਂ ਇਸ ਵਾਰ ਇਸ ਸੂਚੀ ਵਿਚ ਸਬੰਧਤ ਸ਼ਹਿਰਾਂ ਦੇ ਅੰਕੜਿਆਂ ਵਿਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਹਨ। ਇਹ ਸਰਵੇ 140 ਦੇਸ਼ਾਂ ਉਪਰ ਕੀਤਾ ਗਿਆ ਸੀ, ਜਿਸ ਵਿਚ ਆਕਲੈਂਡ ਨੇ ਇਸ ਸੂਚੀ ਵਿਚ 100 ਵਿਚੋਂ 97.9 ਅੰਕ ਪ੍ਰਾਪਤ ਕਰਕੇ ਪਹਿਲਾ ਦਰਜਾ ਪਾ੍ਰਪਤ ਕੀਤਾ ਹੈ ਅਤੇ ਓਸਾਕਾ (ਜਪਾਨ) ਨੂੰ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਐਡੀਲੇਡ ਨੇ (ਆਸਟ੍ਰੇਲੀਆ) 94.0 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਲੜੀ ਵਿਚ, ਵੈਲਿੰਗਟਨ (ਨਿਊਜ਼ੀਲੈਂਡ) ਤੇ ਟੋਕੀੳ (ਜਾਪਾਨ) ਚੌਥੇ, ਪਰਥ (ਆਸਟ੍ਰੇਲੀਆ )ਛੇਵੇਂ, ਜ਼ਿਊਰਿਖ (ਸਵਿਟਰਜ਼ਲੈਂਡ) ਸੱਤਵੇਂ, ਜੈਨੇਵਾ(ਸਵਿਟਰਜ਼ਲੈਂਡ) ਤੇ ਮੈਲਬੌਰਨ ਆਸਟ੍ਰੇਲੀਆ) ਅੱਠਵੇਂ ਅਤੇ ਬਿ੍ਰਸਬੇਨ (ਆਸਟ੍ਰੇਲੀਆ) ਨੂੰ ਦਸਵਾਂ ਸਥਾਨ ਪ੍ਰਾਪਤ ਹੋਇਆ ਹੈ, ਜਦੋਂ ਕਿ ਸਿਡਨੀ ਇਸ ਸੂਚੀ ਦੇ ਪਹਿਲੇ ਦਸ ਸ਼ਹਿਰਾਂ ਦੀ ਸੂਚੀ ਵਿਚੋਂ ਬਾਹਰ ਹੋ ਕੇ ਗਿਆਰਵੇਂ ਨੰਬਰ ’ਤੇ ਖਿਸਕ ਗਿਆ ਹੈ, ਹਾਲਾਂਕਿ ਇਸ ਸੂਚੀ ਵਿਚ ਆਸਟ੍ਰੇਲੀਆ ਦੇ ਚਾਰ ਸ਼ਹਿਰ ਪਹਿਲੇ 10 ਸ਼ਹਰਾਂ ’ਚ ਸ਼ਾਮਲ ਹਨ।
ਇਸ ਸੂਚੀ ’ਚ ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਕ੍ਰਮਵਾਰ ਦਮਾਸ (ਸੀਰੀਆ) ਨੂੰ 140ਵਾਂ, ਲਾਗੋਸ (ਨਾਈਜੀਰੀਆ), ਪੋਰਟ ਮੋਰਸਿਬੀ, ਢਾਕਾ (ਬੰਗਲਾਦੇਸ਼), ਅਲਜੀਰਸ (ਅਲਜੀਰੀਆ), ਟਿ੍ਰਪੋਲੀ (ਲੀਬੀਆ), ਕਰਾਚੀ (ਪਾਕਿਸਤਾਨ), ਹਰਾਰੇ (ਜ਼ਿੰਬਾਬਵੇ), ਦੇਆਲਾ (ਕੈਮਰੂਨ) ਤੇ ਕਾਰਕਾਸ (ਵੈਂਜੁਏਲਾ) ਹੇਠਲੇ 10 ਘੱਟ ਰਹਿਣਯੋਗ ਸ਼ਹਿਰਾਂ ’ਚ ਸ਼ੁਮਾਰ ਹਨ। ਇਸ ਸਰਵੇ ਅਨੁਸਾਰ ਪਿਛਲੇ 6 ਮਹੀਨਿਆਂ ’ਚ ਇਸ ਸੂਚੀ ਵਿਚਲੇ ਸ਼ਹਿਰਾਂ ਵਿਚ ਕਈ ਤਬਦੀਲੀਆਂ ਹੋਈਆਂ ਪਰ ਇਸ ਵਾਰ ਕੋਰੋਨਾ ਦੇ ਵਧੇ ਪ੍ਰਭਾਵ ਅਤੇ ਉਸ ਨਾਲ ਨਜਿੱਠਣ ਆਦਿ ਨੂੰ ਲੈ ਕੇ ਵੀ ਇਸ ਸੂਚੀ ਉੱਤੇ ਕਾਫੀ ਪ੍ਰਭਾਵ ਪਾਇਆ ਹੈ, ਜਿਸ ਕਾਰਨ ਕਈ ਸ਼ਹਿਰਾਂ ਦੇ ਰੈਂਕ ਵੀ ਬਦਲ ਗਏ। ਇਸ ਕਾਰਨ ਅਮਰੀਕਾ, ਕੈਨੇਡਾ, ਯੂਰਪ, ਏਸ਼ੀਆ ਦੇ ਕਈ ਸ਼ਹਿਰ ਇਸ ਸੂਚੀ ’ਚ ਕਾਫੀ ਪਿੱਛੇ ਚਲੇ ਗਏ ਹਨ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਵਿਆਨਾ, ਵੈਨਕੂਵਰ, ਕੈਲਗਰੀ, ਫਰੈਂਕਫਰਟ, ਸਿੰਗਾਪੁਰ ਆਦਿ ਮੁੱਖ ਤੌਰ ’ਤੇ ਸ਼ਾਮਲ ਹਨ।

Share