ਦਿੱਲੀ ਹਾਈ ਕੋਰਟ ਵੱਲੋਂ ਰਿਪਬਲਿਕ ਟੀ.ਵੀ. ਤੇ ਟਾਈਮਜ਼ ਨਾਓ ਨੂੰ ਮਾਣਹਾਨੀ ਵਾਲੀ ਸਮੱਗਰੀ ਅਪਲੋਡ ਨਾ ਕਰਨ ਦੀ ਹਦਾਇਤ

218
Share

ਬੌਲੀਵੁੱਡ ਨਿਰਮਾਤਾਵਾਂ ਨੇ ਪਟੀਸ਼ਨ ਦਾਖਲ ਕਰਕੇ ਚੈਨਲਾਂ ਨੂੰ ਗੈਰ-ਜ਼ਿੰਮੇਵਾਰਾਨਾਂ ਟਿੱਪਣੀਆਂ ਕਰਨ ਤੋਂ ਰੋਕਣ ਦੀ ਕੀਤੀ ਮੰਗ
ਨਵੀਂ ਦਿੱਲੀ, 9 ਨਵੰਬਰ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਮੀਡੀਆ ਹਾਊਸ ਏ.ਜੀ.ਆਰ. ਆਊਟਲਾਇਰ ਮੀਡੀਆ ਅਤੇ ਬੈਨੇਟ ਕੋਲਮੈਨ ਐਂਡ ਕੰਪਨੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਮਾਣਹਾਨੀ ਵਾਲੀ ਕੋਈ ਸਮੱਗਰੀ ਅਪਲੋਡ ਨਾ ਕੀਤੀ ਜਾਵੇ ਤੇ ਨਾ ਹੀ ਚੈਨਲਾਂ ‘ਤੇ ਦਿਖਾਈ ਜਾਵੇ। ਕਾਬਿਲੇਗੌਰ ਹੈ ਕਿ ਬੌਲੀਵੁੱਡ ਦੇ ਨਿਰਮਾਤਾਵਾਂ ਨੇ ਅਦਾਲਤ ਵਿਚ ਪਟੀਸ਼ਨ ਦਾਖਲ ਕਰਕੇ ਸੋਸ਼ਲ ਮੀਡੀਆ ਤੇ ਇਨ੍ਹਾਂ ਚੈਨਲਾਂ ਨੂੰ ਗੈਰ-ਜ਼ਿੰਮੇਵਾਰਾਨਾਂ ਟਿੱਪਣੀਆਂ ਕਰਨ ਤੋਂ ਰੋਕਣ ਦੀ ਮੰਗ ਕੀਤੀ ਹੈ। ਪਟੀਸ਼ਨ ‘ਤੇ ਸੁਣਵਾਈ ਦੌਰਾਨ ਉੱਚ ਅਦਾਲਤ ਨੇ ਰਾਜਕੁਮਾਰੀ ਡਾਇਨਾ ਦੀ ਮੌਤ ਦਾ ਜ਼ਿਕਰ ਕਰਦਿਆਂ ਸਖ਼ਤੀ ਨਾਲ ਕਿਹਾ ਕਿ ਮੀਡੀਆ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋਈ ਸੀ ਤੇ ਉਸ ਦੀ ਮੌਤ ਹੋ ਗਈ ਸੀ। ਅਦਾਲਤ ਨੇ ਕਿਹਾ ਕਿ ਮੀਡੀਆ ਨੂੰ ਸਹਿਜ ਵਿਚ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਮੀਡੀਆ ਦੀ ਸ਼ਕਤੀ ਕਾਰਨ ਲੋਕ ਲੋਕਤੰਤਰ ਦੇ ਇਸ ਚੌਥੇ ਥੰਮ੍ਹ ਤੋਂ ਡਰਦੇ ਹਨ। ਇਸ ਦੇ ਨਾਲ ਹੀ ਉੱਚ ਅਦਾਲਤ ਨੇ ਰਿਪਬਲਿਕ ਟੀ.ਵੀ., ਇਸ ਦੇ ਸੰਪਾਦਕ ਅਰਨਬ ਗੋਸਵਾਮੀ ਅਤੇ ਰਿਪੋਰਟਰ ਪ੍ਰਦੀਪ ਭੰਡਾਰੀ, ਟਾਈਮਜ਼ ਨਾਓ ਦੇ ਐਡੀਟਰ ਇਨ ਚੀਫ ਰਾਹੁਲ ਸ਼ਿਵਸ਼ੰਕਰ ਅਤੇ ਗਰੁੱਪ ਐਡੀਟਰ ਨਵਿਕਾ ਕੁਮਾਰ ਅਤੇ ਗੂਗਲ, ਫੇਸਬੁੱਕ ਅਤੇ ਟਵਿਟਰ ਦੇ ਅਧਿਕਾਰੀਆਂ ਤੋਂ ਪਟੀਸ਼ਨ ‘ਤੇ ਜਵਾਬ ਮੰਗਿਆ ਹੈ।


Share