ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਤੋਂ ਘਰ ਪਰਤ ਰਹੇ ਕਿਸਾਨ ਦੀ ਹਾਦਸੇ ‘ਚ ਮੌਤ

295
Share

ਅੰਮ੍ਰਿਤਸਰ, 13 ਦਸੰਬਰ (ਪੰਜਾਬ ਮੇਲ)- ਕਿਸਾਨ ਬਲਬੀਰ ਸਿੰਘ (57) ਆਪਣੇ ਪੁੱਤ ਦੇ ਵਿਆਹ ਦੀਆਂ ਰੀਝਾਂ ਦਿਲ ਵਿਚ ਲੈ ਕੇ ਹੀ ਸੰਸਾਰ ਨੂੰ ਅਲਵਿਦਾ ਆਖ ਗਿਆ ਹੈ। ਉਹ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਤੋਂ ਘਰ ਪਰਤ ਰਿਹਾ ਸੀ ਕਿ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਪਿੰਡ ਬੱਗਾ ਕਲਾਂ ਦਾ ਵਾਸੀ ਕਿਸਾਨ ਬਲਬੀਰ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜਿਆ ਹੋਇਆ ਸੀ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਲਾਏ ਧਰਨੇ ਦੌਰਾਨ ਉਹ ਅਤੇ ਉਸ ਦਾ ਬੇਟਾ ਸ਼ਮਸ਼ੇਰ ਸਿੰਘ ਪਹਿਲੇ ਜਥੇ ਨਾਲ ਸ਼ਾਮਲ ਹੋਣ ਲਈ ਗਏ ਸਨ। ਉਸ ਦੇ ਛੋਟੇ ਬੇਟੇ ਲਵਪ੍ਰੀਤ ਸਿੰਘ ਦਾ ਵਿਆਹ 15 ਜਨਵਰੀ ਨੂੰ ਹੈ। ਦੋ ਹਫਤੇ ਕਿਸਾਨ ਸੰਘਰਸ਼ ਦੌਰਾਨ ਦਿੱਲੀ ਬਾਰਡਰ ਵਿਖੇ ਬਿਤਾਉਣ ਮਗਰੋਂ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਲਈ ਉਹ ਘਰ ਪਰਤਿਆ ਰਿਹਾ ਸੀ ਕਿ ਇਸ ਦੌਰਾਨ ਟਾਂਗਰਾ ਨੇੜੇ ਵਾਹਨ ਵਿਚੋਂ ਉਤਰ ਕੇ ਪਿਸ਼ਾਬ ਕਰਨ ਲਈ ਗਿਆ ਕਿ ਪਿਛੋਂ ਆ ਰਹੇ ਹੋਰ ਵਾਹਨ ਦੀ ਲਪੇਟ ਵਿਚ ਆ ਗਿਆ। ਕਿਸਾਨ ਦੀ ਦੇਹ ਦੇਰ ਸ਼ਾਮ ਨੂੰ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਚੱਲ ਰਹੇ ਧਰਨੇ ਵਿਚ ਰੱਖੀ ਗਈ ਸੀ। ਕਿਸਾਨ ਜਥੇਬੰਦੀ ਨੇ ਕਿਸਾਨ ਸੰਘਰਸ਼ ਦੌਰਾਨ ਕਿਸਾਨ ਦੀ ਮੌਤ ਹੋਣ ‘ਤੇ ਦਸ ਲੱਖ ਰੁਪਏ ਮੁਆਵਜ਼ੇ ਵਜੋਂ, ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਅਤੇ ਕਰਜ਼ੇ ‘ਤੇ ਲੀਕ ਮਾਰਨ ਦੀ ਮੰਗ ਕੀਤੀ ਸੀ। ਜਥੇਬੰਦੀ ਦੇ ਆਗੂ ਹਰਜੀਤ ਸਿੰਘ ਝੀਤੇ ਅਤੇ ਬਚਿੱਤਰ ਸਿੰਘ ਕੋਟਲਾ ਨੇ ਦਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਨੇ 5 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਹੈ। ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਲਈ ਸਿਫਾਰਸ਼ ਪੰਜਾਬ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ ਹੈ। ਕਰਜ਼ਾ ਮੁਆਫ਼ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਕਿਸਾਨ ਬਲਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਪਿੰਡ ਬੱਗਾ ਕਲਾਂ ਵਿਖੇ ਸਸਕਾਰ ਕਰ ਦਿੱਤਾ ਗਿਆ।


Share