ਦਿੱਲੀ ਧਰਨੇ ਤੋਂ ਪਰਤੇ ਕਿਸਾਨ ਹਾਕਮ ਸਿੰਘ ਦੀ ਮੌਤ

77
Share

ਭਵਾਨੀਗੜ੍ਹ, 21 ਦਸੰਬਰ (ਪੰਜਾਬ ਮੇਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 20 ਦਿਨਾਂ ਤੋਂ ਦਿੱਲੀ ਮੋਰਚੇ ਵਿਚ ਸ਼ਾਮਲ ਰਹੇ ਨੇੜਲੇ ਪਿੰਡ ਬਾਲਦ ਕਲਾਂ ਦੇ ਕਿਸਾਨ ਹਾਕਮ ਸਿੰਘ ਦੀ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਬਲਾਕ ਭਵਾਨੀਗੜ੍ਹ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਬਾਲਦ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਆਗੂ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ ਨੇ ਦੱਸਿਆ ਕਿ ਹਾਕਮ ਸਿੰਘ 35 -40 ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੇਲਵੇ ਸਟੇਸ਼ਨ ਸੰਗਰੂਰ ਵਿਖੇ ਲਗਾਏ ਧਰਨੇ ਵਿਚ ਸ਼ਾਮਲ ਹੁੰਦਾ ਰਿਹਾ ਸੀ ਅਤੇ ਹੁਣ 20 ਦਿਨਾਂ ਤੋਂ ਦਿੱਲੀ ਮੋਰਚੇ ਵਿਚ ਡਟਿਆ ਹੋਇਆ ਸੀ।

ਆਗੂਆਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਸਿਹਤ ਖ਼ਰਾਬ ਹੋਣ ਕਾਰਨ ਹਾਕਮ ਸਿੰਘ ਆਪਣੇ ਪਿੰਡ ਬਾਲਦ ਕਲਾਂ ਆ ਗਿਆ ਸੀ ਤੇ ਬੀਤੀ ਸ਼ਾਮ ਉਸ ਦੀ ਹਾਲਤ ਜ਼ਿਆਦਾ ਵਿਗੜ ਗਈ ਜਿਸ ਕਰਕੇ ਪਰਿਵਾਰ ਵੱਲੋਂ ਉਸ ਨੂੰ ਤੁਰੰਤ ਸਥਾਨਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇਸ ਮੌਕੇ ਆਗੂਆਂ ਨੇ ਹਾਕਮ ਸਿੰਘ ਨੂੰ ਕਿਸਾਨ ਮੋਰਚੇ ਦਾ ਸ਼ਹੀਦ ਐਲਾਨਦਿਆਂ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ।


Share