ਦਿੱਲੀ ਦੇ ਬਾਰਡਰਾਂ ’ਤੇ ਸਾਬਕਾ ਫ਼ੌਜੀਆਂ ਵੱਲੋਂ ਡੇਰੇ

107
Share

ਨਵੀਂ ਦਿੱਲੀ, 17 ਜਨਵਰੀ (ਪੰਜਾਬ ਮੇਲ)- ਸੇਵਾਮੁਕਤ ਫ਼ੌਜੀ ਵੱਲੋਂ ਆਪਣੀਆਂ ਵਰਦੀਆਂ ’ਤੇ ਜਿੱਤੇ ਮੈਡਲ ਛਾਤੀਆਂ ਉਪਰ ਸਜਾ ਕੇ ‘ਕਿਸਾਨ ਏਕਤਾ ਜ਼ਿੰਦਾਬਾਦ’, ਜੈ ਜਵਾਨ-ਜੈ ਕਿਸਾਨ’ ਦੇ ਨਾਅਰੇ ਲਾਉਂਦੇ ਕਿਸਾਨਾਂ ਨਾਲ ਏਕਾ ਪ੍ਰਗਟਾਉਂਦੇ ਦਿੱਲੀ ਦੇ ਧਰਨਿਆਂ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਿਪਾਹੀ ਤੋਂ ਲੈ ਕੇ ਬ੍ਰਿਗੇਡੀਅਰ ਤੱਕ ਦੇ ਅਹੁੁਦਿਆਂ ‘ਤੋਂ ਸੇਵਾਮੁਕਤ ਸਾਬਕਾ ਫ਼ੌਜੀ ਕਿਸਾਨਾਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਸਰਬ ਹਿੰਦ ਫ਼ੌਜੀ ਭਾਈਚਾਰਾ ਸੰਸਥਾ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਵੀ ਫ਼ੌਜੀ ਤਮਗੇ ਛਾਤੀ ‘ਤੇ ਸਜਾ ਕੇ ਦਿੱਲੀ ਦੇ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਮਰਦਾਂ ਦੇ ਇਸ ਘੋਲ ਪਿੱਛੇ ਔਰਤਾਂ ਦੀ ਖਾਸ ਭੂਮਿਕਾ ਹੈ ਤੇ ‘ਮਹਿਲਾ ਕਿਸਾਨ ਦਿਵਸ’ ਮੌਕੇ ਉਹ ਆਪਣੀ ਤਾਕਤ ਦਿਖਾਉਣਗੀਆਂ। ਸ੍ਰੀ ਕਾਹਲੋਂ ਨੇ ਦੱਸਿਆ ਕਿ ਬਹਾਦਰ ਫ਼ੌਜੀਆਂ ਦੀਆਂ ਔਰਤਾਂ ਵੀ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣਗੀਆਂ। ਉਨ੍ਹਾਂ 1965 ਦੀ ਜੰਗ ਦਾ ਜ਼ਿਕਰ ਕੀਤਾ ਕਿ ਉਦੋਂ ਕਿਸਾਨਾਂ ਨੇ ਮੋਰਚਿਆਂ ‘ਤੇ ਜਾ ਕੇ ਫ਼ੌਜੀਆਂ ਦੀ ਹਰ ਸੰਭਵ ਮਦਦ ਕੀਤੀ ਸੀ। ਚੇਤੇ ਰਹੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚੇ ਸ਼ੁਰੂ ਵੇਲੇ ਸਾਬਕਾ ਫ਼ੌਜੀਆਂ ਨੇ ਆਪਣੇ ਤਮਗੇ ਵਾਪਸ ਕਰਨ ਲਈ ਰਾਸ਼ਟਰਪਤੀ ਕੋਲ ਜਾਣ ਦੀ ਪੂਰੀ ਵਾਹ ਲਾਈ ਪਰ ਦਿੱਲੀ ਪੁਲੀਸ ਨੇ ਅਜਿਹਾ ਨਹੀਂ ਹੋਣ ਦਿੱਤਾ ਸੀ। ਹਜ਼ਾਰਾਂ ਸਾਬਕਾ ਫ਼ੌਜੀਆਂ ਨੇ ਆਪਣੇ ਤਮਗੇ ਕਿਸਾਨੀ ਘੋਲ ਦੇ ਹੱਕ ਵਿੱਚ ਵਾਪਸ ਕਰਨ ਦੀ ਮੁਹਿੰਮ ਚਲਾ ਕੇ ਕਿਸਾਨਾਂ ਦਾ ਸਾਥ ਦਿੱਤਾ ਸੀ।


Share