ਦਿੱਲੀ ਦਾ ਗਰੂਰ ਭੰਨਣ ਤੁਰਿਆ ਕਿਸਾਨਾਂ ਦਾ ਰੋਹ

393
ਖੇਤੀ ਬਿਲਾਂ ਖ਼ਿਲਾਫ਼ ‘ਦਿੱਲੀ ਚਲੋ’ ਅੰਦੋਲਨ ਤਹਿਤ ਦਿੱਲੀ-ਸਿੰਘੂ ਸਰਹੱਦ ’ਤੇ ਪੁੱਜੇ ਕਿਸਾਨ।
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਮੋਦੀ ਸਰਕਾਰ ਵੱਲੋਂ ਪਿਛਲੇ ਸਾਲਾਂ ਦੌਰਾਨ ਭਾਰਤ ਨੂੰ ਆਪਣੇ ਨਿਵੇਕਲੇ ਰੰਗ ਵਿਚ ਰੰਗਣ ਲਈ ਕੀਤੇ ਜਾ ਰਹੇ ਕਰੂਰ ਫੈਸਲਿਆਂ ਦੀ ਲੜੀ ਵਿਚ ਜਦ ਖੇਤੀ ਦੀ ਨੁਹਾਰ ਹੀ ਬਦਲ ਸੁੱਟਣ ਲਈ ਨਵੇਂ ਖੇਤੀ ਕਾਨੂੰਨ ਲਿਆਂਦੇ ਗਏ, ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੀ ਹੋਂਦ ਹੀ ਮਿਟਾਉਣ ਵਾਲੇ ਸਮਝਦਿਆਂ ਸੰਘਰਸ਼ ਦਾ ਬਿਗੁਲ ਵਜਾ ਦਿੱਤਾ। ਜੂਨ ਮਹੀਨੇ ਕਰੋਨਾ ਦੀ ਕਰੋਪੀ ਸਮੇਂ ਲਿਆਂਦੇ ਗਏ ਇਨ੍ਹਾਂ ਕਾਨੂੰਨਾਂ ਵਿਰੁੱਧ ਪੰਜਾਬ ਦੇ ਪਿੰਡਾਂ ਵਿਚ ਉਦੋਂ ਤੋਂ ਹੀ ਸਰਗਰਮੀ ਸ਼ੁਰੂ ਹੋ ਗਈ ਸੀ। ਕਰੋਨਾ ਦੀਆਂ ਸਾਵਧਾਨੀਆਂ ਵਰਤਦਿਆਂ ਪਹਿਲਾਂ-ਪਹਿਲ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਖਿਲਾਫ ਸੰਘਰਸ਼ ਪਿੰਡਾਂ ਤੱਕ ਹੀ ਸੀਮਤ ਰੱਖਿਆ। ਪਰ ਸਤੰਬਰ ਮਹੀਨੇ ਤੋਂ ਬਾਅਦ ਇਨ੍ਹਾਂ ਕਾਨੂੰਨਾਂ ਖਿਲਾਫ ਸੰਘਰਸ਼ ਵਿਸ਼ਾਲ ਰੂਪ ਧਾਰਨ ਕਰਨ ਲੱਗਿਆ। ਇਕ ਦਿਨਾ ਸਫਲ ਪੰਜਾਬ ਬੰਦ ਕੀਤਾ ਗਿਆ। ਫਿਰ ਪੰਜਾਬ ਦੇ ਵੱਖ-ਵੱਖ ਸਾਰੇ ਜ਼ਿਲ੍ਹਿਆਂ ‘ਚ ਸੈਂਕੜੇ ਵੱਡੀਆਂ ਕਾਨਫਰੰਸਾਂ ਕਰਕੇ ਕੇਂਦਰੀ ਹਕੂਮਤ ਨੂੰ ਦੱਸਿਆ ਗਿਆ ਕਿ ਉਨ੍ਹਾਂ ਵੱਲੋਂ ਖੇਤੀ ਸੁਧਾਰਾਂ ਦੇ ਨਾਂ ‘ਤੇ ਲਿਆਂਦੇ ਗਏ ਇਹ ਕਾਨੂੰਨ ਕਿਸਾਨਾਂ ਨੂੰ ਮਨਜ਼ੂਰ ਨਹੀਂ ਹਨ। ਪਰ ਕਸ਼ਮੀਰ ਵਿਚ 370 ਧਾਰਾ ਹਟਾ ਕੇ ਸੂਬਾ ਹੀ ਖਤਮ ਕਰ ਦੇਣ, ਕੌਮੀ ਨਾਗਰਿਕਤਾ ਕਾਨੂੰਨ ਬਣਾ ਕੇ ਘੱਟ-ਗਿਣਤੀ ਮੁਸਲਿਮ ਭਾਈਚਾਰੇ ਦੇ ਨਾਗਰਿਕਤਾ ਹਾਸਲ ਕਰਨ ਦਾ ਦਰਵਾਜ਼ਾ ਬੰਦ ਕਰ ਦੇਣ, ਅਨੇਕਾਂ ਥਾਵਾਂ ਤੇ ਅਦਾਰਿਆਂ ਦੇ ਨਾਂ ਬਦਲ ਕੇ ਆਪਣੀ ਪਸੰਦ ਦੇ ਰੱਖਣ ਵਰਗੇ ਫੈਸਲੇ ਕਰਨ ਨਾਲ ਸੱਤਾ ਦਾ ਗਰੂਰ ਕੇਂਦਰੀ ਹਕੂਮਤ ਨੂੰ ਇੰਨਾ ਚੜ੍ਹ ਗਿਆ ਹੈ ਕਿ ਉਹ ਆਪਣੇ ਕਿਸੇ ਵੀ ਕੀਤੇ ਫੈਸਲੇ ਜਾਂ ਘੜੇ ਕਾਨੂੰਨਾਂ ਦੀ ਮੁਖਾਲਫਤ ਕਰਨ ਵਾਲਿਆਂ ਨੂੰ ਤਾਕਤ ਦੇ ਜ਼ੋਰ ਮਸਲ ਸੁੱਟਣ ਦੀ ਸੋਚ ਰੱਖਣ ਲੱਗ ਪਏ ਹਨ। ਪਰ ਪੰਜਾਬ ਦੇ ਲੰਬੀ ਸੰਘਰਸ਼ਮਈ ਵਿਰਾਸਤ ਦੇ ਮਾਲਕ ਪੰਜਾਬ ਦੇ ਲੋਕਾਂ, ਖਾਸਕਰ ਕਿਸਾਨਾਂ ਨੂੰ ਹਾਕਮਾਂ ਦਾ ਅਜਿਹਾ ਵਤੀਰਾ ਮਨਜ਼ੂਰ ਨਹੀਂ ਹੈ। ਕਿਸਾਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅਨੇਕਾਂ ਵਾਰ ਕੇਂਦਰੀ ਹਕੂਮਤਾਂ ਤੱਕ ਆਪਣੀ ਆਵਾਜ਼ ਪਹੁੰਚਾਈ। ਫਿਰ ਮੀਟਿੰਗਾਂ ਕਰਨ ਲਈ ਵੀ ਦਿੱਲੀ ਗਏ। ਪਰ ਮੋਦੀ ਸਰਕਾਰ ਦੇ ਅਹਿਲਕਾਰਾਂ ਦਾ ਗਰੂਰ ਹੀ ਇੰਨਾ ਉੱਚਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਦਾ ਦਰਦ ਸਮਝਣ ਤੇ ਫਿਰ ਉਸ ਦਾ ਕੋਈ ਹੱਲ ਕੱਢਣ ਦੀ ਬਜਾਏ, ਬੱਸ ਇਕੋ ਗੱਲ ‘ਤੇ ਹੀ ਬਜਿੱਦ ਰਹੇ ਕਿ ਸਾਡੇ ਵੱਲੋਂ ਪਾਸ ਕਾਨੂੰਨ ਕਿਸਾਨਾਂ ਦੇ ਭਲੇ ਲਈ ਬਣਾਏ ਗਏ ਹਨ। ਤੁਹਾਨੂੰ ਇਸ ਬਾਰੇ ਗਲਤਫਹਿਮੀ ਹੈ। ਅਜਿਹੀ ਸੋਚ ਅਧੀਨ ਕੋਈ ਸਿੱਟਾ ਕੱਢਣ ਦੀ ਬਜਾਏ, ਮੋਦੀ ਸਰਕਾਰ ਦੇ ਮੰਤਰੀ ਸਗੋਂ ਕਿਸਾਨ ਆਗੂਆਂ ਨੂੰ ਜਲੀਲ ਕਰਨ ਵਾਲੀ ਪਹੁੰਚ ਅਪਣਾ ਬੈਠੇ। ਆਖਰ ਸਭ ਹੀਲੇ-ਵਸੀਲੇ ਤੇ ਸਬਰ ਮੁੱਕ ਜਾਣ ਬਾਅਦ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਘੇਰਨ ਦੀ ਪਹਿਲਕਦਮੀ ਦਾ ਐਲਾਨ ਕੀਤਾ। ਫਿਰ ਇਸ ਐਲਾਨ ਵਿਚ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਤੇ ਹੋਰ ਰਾਜਾਂ ਦੇ ਕਿਸਾਨ ਵੀ ਆ ਰਲੇ। ਦੇਸ਼ ਭਰ ਤੋਂ ਕਿਸਾਨਾਂ ਨੂੰ 26-27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਦੇ ਕਿਸਾਨਾਂ ਨੇ 26 ਨਵੰਬਰ ਨੂੰ ਦਿੱਲੀ ਵੱਲ ਚਾਲੇ ਪਾਉਣ ਲਈ ਬਹੁਤ ਵੱਡੀ ਵਿਸ਼ਾਲ ਲਾਮਬੰਦੀ ਕੀਤੀ ਹੋਈ ਸੀ। ਪੂਰੇ ਜੋਸ਼ ਅਤੇ ਦਿੱਲੀ ਦਾ ਗਰੂਰ ਭੰਨਣ ਲਈ ਉਤਸ਼ਾਹ ਵਿਚ ਆਏ ਕਿਸਾਨ ਕਰੀਬ 10 ਦਿਨ ਆਪਣੀਆਂ ਟਰਾਲੀਆਂ ਨੂੰ ਤਰਪਾਲਾਂ ਲਗਾ ਕੇ ਕਮਰਿਆਂ ਵਰਗੇ ਬਣਾਉਣ ਅਤੇ ਟਰਾਲੀਆਂ ਵਿਚ ਹੀ ਰਸਦ-ਪਾਣੀ ਲੱਦ ਕੇ ਨਾਲ ਲਿਜਾਣ ਲਈ ਤਿਆਰੀਆਂ ਵਿਚ ਜੁਟੇ ਹੋਏ ਸਨ। ਜਿਉਂ ਹੀ 26 ਨਵੰਬਰ ਦੀ ਸਵੇਰ ਹੋਈ, ਤਾਂ ਪੂਰੇ ਪੰਜਾਬ ਵਿਚੋਂ ਕਿਸਾਨਾਂ ਦੇ ਟਰਾਲੀਆਂ ਦੇ ਕਾਫਲੇ ਸੜਕਾਂ ‘ਤੇ ਨਿਕਲ ਤੁਰੇ। ਤੇ ਦੂਜੇ ਪਾਸੇ ਮੋਦੀ ਸਰਕਾਰ ਦੇ ਇਸ਼ਾਰੇ ਉੱਪਰ ਹਰਿਆਣਾ ਦੀ ਖੱਟਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਚੰਡੀਗੜ੍ਹ ਤੋਂ ਲੈ ਕੇ ਗੰਗਾਨਗਰ ਦੀ ਸੀਮਾ ਤੱਕ ਸਾਰੀ ਸਰਹੱਦ ਸੀਲ ਕਰ ਦਿੱਤੀ। ਅੰਬਾਲਾ ਦੇ ਸ਼ੰਭੂ ਬਾਰਡਰ, ਖਨੌਰੀ ਤੇ ਡੱਬਵਾਲੀ ਵਿਖੇ ਸਭ ਤੋਂ ਵੱਡੇ ਕਾਫਲੇ ਇਕੱਠੇ ਹੋ ਗਏ। ਸ਼ੰਭੂ ਬਾਰਡਰ ਵਿਖੇ ਉਪਰ ਸਰਕਾਰ ਨੇ ਘੱਗਰ ਦਰਿਆ ਦੇ ਪੁਲ ‘ਤੇ ਲੋਹੇ ਦੇ ਬੈਰੀਕੇਡ ਲਗਾ ਦਿੱਤੇ ਅਤੇ ਕੰਕਰੀਟ ਦੀਆਂ ਵੱਡੀਆਂ ਸਲੈਬਾਂ ਕਰੇਨਾਂ ਰਾਹੀਂ ਢੋਅ ਕੇ ਰਸਤਾ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੇ ਪਿੱਛੇ ਅੱਥਰੂ ਗੈਸ ਅਤੇ ਪਾਣੀ ਬੋਛਾੜਾਂ ਮਾਰਨ ਵਾਲੀਆਂ ਗੱਡੀਆਂ ਲਿਆ ਖੜ੍ਹੀਆਂ ਕੀਤੀਆਂ। ਇਸੇ ਤਰ੍ਹਾਂ ਹੋਰਨਾਂ ਲਾਂਘਿਆਂ ਉਪਰ ਵੀ ਕੀਤਾ ਗਿਆ। ਪਰ ਦਿੱਲੀ ਜਾਣ ਲਈ ਉਤਸ਼ਾਹੀ ਤੇ ਜੋਸ਼ੀਲੇ ਇਨ੍ਹਾਂ ਕਾਫਲਿਆਂ ਨੇ ਜਦ ਸਰਕਾਰੀ ਰੋਕਾਂ ਲੱਗੀਆਂ ਦੇਖੀਆਂ, ਤਾਂ ਉਨ੍ਹਾਂ ਦੇ ਸਬਰ ਦਾ ਪਿਆਲਾ ਟੁੱਟ ਗਿਆ ਤੇ ਨੌਜਵਾਨਾਂ ਦੇ ਹਜ਼ੂਮ ਨੇ ਕੁੱਝ ਹੀ ਮਿੰਟਾਂ ਵਿਚ ਉੱਥੇ ਲਗਾਏ ਬੈਰੀਕੇਡ ਤੇ ਕੰਕਰੀਟ ਦੀਆਂ ਸਲੈਬਾਂ ਧੂਹ ਕੇ ਘੱਗਰ ਦਰਿਆ ਵਿਚ ਸੁੱਟ ਦਿੱਤੀਆਂ। ਕਿਸਾਨਾਂ ਦੇ ਜੱਥਿਆਂ ਨੇ ਪੁਲਿਸ ਵੱਲੋਂ ਸੁੱਟੇ ਅੱਥਰੂ ਗੈਸ ਦੇ ਗੋਲਿਆਂ ਅਤੇ ਪਾਣੀਆਂ ਬੋਛਾੜਾਂ ਦਾ ਇਹ ਕਹਿ ਕੇ ਜਵਾਬ ਦਿੱਤਾ ਕਿ ਅਸੀਂ ਤਾਂ ਦਾਤਨ, ਕੁਰਲੇ ਵੀ ਬੰਬੀਆਂ ਦੀਆਂ ਧਾਰਾਂ ਉਪਰ ਕਰਦੇ ਹਾਂ। ਪਾਣੀਆਂ ਦੀਆਂ ਇਹ ਬੋਛਾੜਾਂ ਸਾਡਾ ਕੀ ਵਿਗਾੜ ਸਕਦੀਆਂ ਹਨ। ਦੇਸ਼ ਦੇ ਅੰਨਦਾਤੇ ਨੇ ਕੁੱਝ ਹੀ ਸਮੇਂ ਵਿਚ ਸਭ ਰੋਕਾਂ ਭੰਨ ਸੁੱਟੀਆਂ ਤੇ ਦਿੱਲੀ ਵੱਲ ਵੱਧ ਗਏ। ਇਸੇ ਤਰ੍ਹਾਂ ਕਈ ਹੋਰਨਾਂ ਥਾਵਾਂ ‘ਤੇ ਝੜਪਾਂ ਤੇ ਨਾਕੇ ਤੋੜਨ ਬਾਅਦ ਕਿਸਾਨਾਂ ਦਾ ਸਭ ਤੋਂ ਵੱਡਾ ਹਜੂਮ ਦਿੱਲੀ ਹਾਈਵੇਅ ਸਿੰਘੂ ਬਾਰਡਰ ਉਪਰ ਪਹੁੰਚਿਆ, ਜਿੱਥੇ ਉਨ੍ਹਾਂ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿਚ ਪੁਲਿਸ ਤੇ ਅਰਧ ਫੌਜੀ ਦਲਾਂ ਦੇ ਲੋਕ ਕੰਡਿਆਲੀਆਂ ਤਾਰਾਂ, ਮਿੱਟੀ ਦੇ ਭਰੇ ਟਿੱਪਰ ਅਤੇ ਕੰਕਰੀਟ ਦੀਆਂ ਵੱਡੀਆਂ ਸਲੈਬਾਂ ਲਗਾ ਕੇ ਰਾਹ ਰੋਕੀ ਖੜ੍ਹੇ ਸਨ। ਕਿਸਾਨਾਂ ਨੇ ਪਹਿਲੇ ਹੱਲੇ ਵਿਚ ਇੱਥੇ ਵੀ ਹਿੰਮਤ ਅਤੇ ਦਲੇਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਦਿੱਤੇ। ਜਦ ਕੁੱਝ ਨੌਜਵਾਨਾਂ ਨੇ ਅਜਿਹਾ ਹੱਲਾ ਬੋਲਿਆ ਕਿ ਬਹੁਤ ਲੰਬੀਆਂ ਕੰਡਿਆਲੀ ਤਾਰਾਂ ਨੂੰ ਟਰੈਕਟਰ ਨਾਲ ਧੂਹ ਕੇ ਬਾਹਰ ਕੱਢ ਮਾਰਿਆ ਅਤੇ ਅੰਨ੍ਹੇਵਾਹ ਵਰ੍ਹਾਏ ਅੱਥਰੂ ਗੈਸ ਦੇ ਗੋਲਿਆਂ ਨੂੰ ਆਪਣੀਆਂ ਪਾਣੀ ਨਾਲ ਭਿੱਜੀਆਂ ਖੇਸੀਆਂ ਅਤੇ ਲੋਈਆਂ ਨਾਲ ਬੇਅਸਰ ਕਰ ਸੁੱਟਿਆ। ਬਹੁਤ ਸਾਰੇ ਗੋਲੇ ਤਾਂ ਕਿਸਾਨਾਂ ਨੇ ਹਵਾ ਵਿਚ ਲੋਈਆਂ ਅਤੇ ਖੇਸੀਆਂ ਨਾਲ ਬੁੱਚ ਕੇ ਨਸ਼ਟ ਕਰ ਦਿੱਤੇ। ਪਾਣੀਆਂ ਦੀਆਂ ਬੋਛਾੜਾਂ ਵੀ ਕਿਸਾਨਾਂ ਦੇ ਹੌਂਸਲੇ ਨੂੰ ਰੋਕ ਨਹੀਂ ਸਕੀਆਂ। ਕੁੱਝ ਹੀ ਸਮੇਂ ਵਿਚ ਪੁਲਿਸ ਦੇ ਅੱਥਰੂ ਗੈਸ ਤੇ ਪਾਣੀ ਦੀਆਂ ਬੋਛਾੜਾਂ ਵਾਲੇ ਟੈਂਕ ਖਾਲੀ ਹੋ ਗਏ। ਆਖਿਰ ਦਿੱਲੀ ਤੋਂ ਖੜਕੀਆਂ ਘੰਟੀਆਂ ਤੋਂ ਬਾਅਦ ਕਿਸਾਨਾਂ ਨੂੰ ਪੇਸ਼ਕਸ਼ ਕੀਤੀ ਗਈ ਕਿ ਉਨ੍ਹਾਂ ਨੂੰ ਲਾਂਘਾ ਦਿੱਤਾ ਜਾ ਰਿਹਾ ਹੈ ਅਤੇ ਦਿੱਲੀ ਦੇ ਨਿਰੰਕਾਰੀ ਭਵਨ, ਬੁਰਾੜੀ ਦੇ ਮੈਦਾਨ ਵਿਚ ਇਕੱਤਰ ਹੋ ਕੇ ਬੈਠਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਦਿੱਲੀ ਜਾਣ ਲਈ ਲਾਂਘਾ ਭੰਨਣ ਵਾਸਤੇ ਮਰ-ਮਿਟਣ ਲਈ ਕੋਸ਼ਿਸ਼ਾਂ ਕਰ ਰਹੇ ਕਿਸਾਨਾਂ ਨੂੰ ਜਦ ਇਹ ਭਿਣਕ ਪਈ ਕਿ ਦਿੱਲੀ ਸਰਕਾਰ ਹੁਣ ਆਪਣੀ ਹਾਰ ਨੂੰ ਜਿੱਤ ਵਿਚ ਬਦਲਣ ਲਈ ਸਾਨੂੰ ਇਕ ਖੁੱਲ੍ਹੀ ਜੇਲ੍ਹ ਵਰਗੇ ਮੈਦਾਨ ਵਿਚ ਭੇਜ ਕੇ ਮੁੱਖ ਸੜਕਾਂ ਖਾਲੀ ਕਰਵਾਉਣ ਵੱਲ ਵੱਧ ਰਹੀ ਹੈ, ਤਾਂ ਉਨ੍ਹਾਂ ਨੇ ਕੇਂਦਰ ਸਰਕਾਰ ਦੀ ਇਸ ਪੇਸ਼ਕਸ਼ ਨੂੰ ਝੱਟ ਠੁਕਰਾ ਦਿੱਤਾ ਅਤੇ ਜੀ.ਟੀ. ਰੋਡ ਰੋਕ ਕੇ ਬੈਠ ਗਏ। ਇਸੇ ਤਰ੍ਹਾਂ ਰੋਹਤਕ, ਦਿੱਲੀ ਅਤੇ ਗੁੜਗਾਓਂ ਲਾਗੇ ਟਿਕਰੀ ਬਾਰਡਰ ਉੱਤੇ ਵੀ ਕਿਸਾਨਾਂ ਨੇ ਦਿੱਲੀ ਨੂੰ ਜਾਣ ਵਾਲੇ ਸਾਰੇ ਲਾਗੇ ਬੰਦ ਕਰ ਦਿੱਤੇ। ਹੁਣ ਯੂ.ਪੀ. ਵਾਲੇ ਪਾਸੇ ਗਾਜ਼ੀਪੁਰ ਵਿਖੇ ਉੱਤਰ ਪ੍ਰਦੇਸ਼ ਦੇ ਕਿਸਾਨ ਆ ਬੈਠੇ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਸੂਬਿਆਂ ਤੋਂ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਅਹਿਮ ਗੱਲ ਇਹ ਹੈ ਕਿ ਹੁਣ ਤੱਕ ਹੁਕਮਰਾਨ ਸਰਕਾਰਾਂ ਪੰਜਾਬ ਤੇ ਹਰਿਆਣੇ ਨੂੰ ਇਕ-ਦੂਜੇ ਵਿਰੁੱਧ ਖੜ੍ਹਾ ਕਰਦੀਆਂ ਰਹੀਆਂ ਹਨ ਅਤੇ ਕੇਂਦਰ ਤੇ ਖੱਟਰ ਸਰਕਾਰ ਨੇ ਹੁਣ ਵੀ ਕਿਸਾਨਾਂ ਨੂੰ ਰੋਕਣ ਦਾ ਪੈਂਤੜਾ ਅਪਣਾ ਕੇ ਅਜਿਹਾ ਹੀ ਮਾਹੌਲ ਸਿਰਜਣ ਦਾ ਯਤਨ ਕੀਤਾ। ਪਰ ਕਿਸਾਨੀ ਘੋਲ ਦੇ ਸਾਂਝੇ ਲੱਛਣਾਂ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਇਕਜੁੱਟ ਹੋਣ ਦਾ ਸਬੱਬ ਬਣਾ ਦਿੱਤਾ ਹੈ। ਹਰਿਆਣੇ ਦੇ ਕਿਸਾਨ ਵੀ ਵੱਡੀ ਪੱਧਰ ਉੱਤੇ ਮੋਰਚੇ ਵਿਚ ਆ ਡਟੇ ਹਨ। ਇੱਥੋਂ ਤੱਕ ਕਿ ਹਰਿਆਣਾ ਸਰਹੱਦ ਉਪਰ ਲਾਂਘੇ ਤੋੜਨ ਵੇਲੇ ਵੀ ਹਰਿਆਣਾ ਦੇ ਕਿਸਾਨਾਂ ਦੇ ਵੱਡੇ ਕਾਫਲੇ ਉੱਥੇ ਸ਼ਾਮਲ ਹੁੰਦੇ ਰਹੇ ਹਨ। ਦਿੱਲੀ ਬਾਰਡਰ ਨੂੰ ਘੇਰੇ ਬੈਠੇ ਕਿਸਾਨਾਂ ਵਿਚ ਵੱਡੀ ਪੱਧਰ ਉੱਤੇ ਔਰਤਾਂ ਵੀ ਸ਼ਾਮਲ ਹਨ। ਭਾਵੇਂ ਦਿੱਲੀ ਨੂੰ ਜਾਂਦੇ ਸਾਰੇ ਰਸਤੇ ਜਾਮ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਦਿੱਲੀ ਅਤੇ ਹਰਿਆਣਾ ਦੇ ਆਮ ਲੋਕ ਕਿਸਾਨਾਂ ਪ੍ਰਤੀ ਵੱਡੀ ਹਮਦਰਦੀ ਰੱਖ ਰਹੇ ਹਨ। ਆਲੇ-ਦੁਆਲੇ ਦੇ ਬਹੁਤ ਸਾਰੇ ਲੋਕਾਂ ਨੇ ਧਰਨੇ ਵਿਚ ਬੈਠੀਆਂ ਔਰਤਾਂ ਦੇ ਨਹਾਉਣ-ਧੌਣ ਲਈ ਆਪਣੇ ਘਰ ਉਨ੍ਹਾਂ ਦੇ ਹਵਾਲੇ ਕਰ ਰੱਖੇ ਹਨ। ਸ਼ਹਿਰਾਂ ਦੇ ਬਹੁਤ ਸਾਰੇ ਹਿੰਦੂ ਭਾਈਚਾਰੇ ਦੇ ਆੜ੍ਹਤੀਏ ਅਤੇ ਵਪਾਰੀ ਵੀ ਕਿਸਾਨਾਂ ਨੂੰ ਹਰ ਰੋਜ਼ ਫਲ ਵੰਡਣ ਆ ਰਹੇ ਹਨ। ਕਈ ਸੰਸਥਾਵਾਂ ਨੇ ਕਿਸਾਨਾਂ ਲਈ ਚਾਹ ਦੇ ਲੰਗਰ ਲਗਾਏ ਹੋਏ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਏਡ ਵੱਲੋਂ ਵੱਡੇ ਲੰਗਰ ਲਗਾਏ ਗਏ ਹਨ। ਕਈ ਸੰਸਥਾਵਾਂ ਕਿਸਾਨਾਂ ਨੂੰ ਡਾਕਟਰੀ ਸਹਾਇਤਾ ਪਹੁੰਚਾਉਣ ਲਈ ਸਰਗਰਮ ਹੋਈਆਂ ਦਿੱਸਦੀਆਂ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਕਿਸਾਨ ਹਿੰਮਤ ਅਤੇ ਦਲੇਰੀ ਨਾਲ ਮੋਦੀ ਸਰਕਾਰ ਦਾ ਗਰੂਰ ਭੰਨਣ ਆਏ ਹਨ, ਉਥੇ ਆਮ ਲੋਕ ਵੀ ਉਨ੍ਹਾਂ ਦੀ ਹਮਾਇਤ ਵਿਚ ਆਏ ਹੋਏ ਹਨ। ਇਹ ਬੜਾ ਹੀ ਚੰਗਾ ਪੱਖ ਹੈ। ਕਿਉਂਕਿ ਭਾਰਤ ਦੇ ਅਖੌਤੀ ਕੌਮੀ ਟੀ.ਵੀ. ਚੈਨਲਾਂ ਨੇ ਪਹਿਲੇ ਦਿਨ ਤੋਂ ਹੀ ਮੋਦੀ ਸਰਕਾਰ ਦੇ ਕੰਧੇੜੇ ਚੜ੍ਹ ਕੇ ਕਿਸਾਨ ਸੰਘਰਸ਼ ਨੂੰ ਭੰਡਣ ਅਤੇ ਬਦਨਾਮ ਕਰਨ ਦਾ ਏਜੰਡਾ ਸੰਭਾਲ ਲਿਆ ਸੀ। ਉਹ ਲਗਾਤਾਰ ਪ੍ਰਚਾਰ ਕਰ ਰਹੇ ਸਨ ਕਿ ਕਿਸਾਨ ਸੰਘਰਸ਼ ਵਿਚ ਹੁੱਲੜਬਾਜ਼ ਅਤੇ ਖਾਲਿਸਤਾਨੀ ਅਨਸਰ ਭਾਰੂ ਹੋ ਗਏ ਹਨ। ਇਸ ਕਰਕੇ ਇਹ ਦੇਸ਼ ਲਈ ਵੱਡਾ ਖਤਰਾ ਬਣ ਸਕਦੇ ਹਨ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਪ੍ਰਚਾਰ ਦਾ ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਵੱਲੋਂ ਪੂਰੇ ਅਨੁਸ਼ਾਸਨ ਅਤੇ ਸਬਰ ਵਿਚ ਰਹਿ ਕੇ ਜਵਾਬ ਦਿੱਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦਾ ਸਾਰਾ ਜ਼ੋਰ ਇਸ ਵੇਲੇ ਕਿਸਾਨ ਸੰਘਰਸ਼ ਨੂੰ ਮਹਿਜ਼ ਦਾਅਪੇਚ ਖੇਡ ਕੇ ਠਿੱਬੀ ਲਗਾਉਣ ਉੱਪਰ ਹੀ ਲੱਗਾ ਹੋਇਆ ਹੈ। ਪਰ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੀ ਲੋਕ ਚੇਤੰਨਾ ਅਤੇ ਸੰਘਰਸ਼ੀ ਦਾਅਪੇਚਾਂ ਬਾਰੇ ਸੋਝੀ ਬੇਹੱਦ ਤਿੱਖੀ ਹੋਈ ਹੈ। ਇਸੇ ਕਾਰਨ ਮੋਦੀ ਸਰਕਾਰ ਵੱਲੋਂ ਸੰਘਰਸ਼ ਨੂੰ ਲੀਹੋਂ ਲਾਉਣ ਲਈ ਹੁਣ ਤੱਕ ਕੀਤੇ ਸਾਰੇ ਯਤਨ ਫੇਲ ਹੋਏ ਹਨ ਅਤੇ ਇਸ ਵੇਲੇ ਚਾਰ-ਚੁਫੇਰਿਓਂ ਦਿੱਲੀ ਘੇਰੀ ਹੋਈ ਹੈ ਅਤੇ ਕੇਂਦਰੀ ਹਾਕਮਾਂ ਦੀ ਚਿੰਤਾ ਵਧੀ ਹੋਈ ਹੈ।


Share