ਦਿੱਲੀ ਤੋਂ ਵਾਸ਼ਿੰਗਟਨ ਲਈ ਸਿੱਧੀ ਉਡਾਣ ਸ਼ੁਰੂ

ਨਵੀਂ ਦਿੱਲੀ, 8 ਜੁਲਾਈ (ਪੰਜਾਬ ਮੇਲ)- ਸਰਕਾਰੀ ਹਵਾਈ ਕੰਪਨੀ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀ.ਸੀ. ਲਈ ਆਪਣੀ ਪਹਿਲੀ ਉਡਾਣ ਸ਼ੁਰੂ ਕੀਤੀ। ਇਹ ਅਮਰੀਕਾ ‘ਚ ਏਅਰ ਇੰਡੀਆ ਦਾ ਪੰਜਵਾਂ ਟਿਕਾਣਾ ਹੈ। ਏਅਰ ਇੰਡੀਆ ਨੇ ਇਸ ਸੇਵਾ ਲਹੀ ਬੋਇੰਗ 777-200 ਐਨਆਰ ਜਹਾਜ਼ ਤੈਨਾਤ ਕੀਤਾ ਹੈ। ਜਹਾਜ਼ ‘ਚ ਕੁਲ 238 ਸੀਟਾਂ ਹਨ ਜਿਸ ‘ਚ ਪਹਿਲੀ ਸ਼੍ਰੇਣੀ ਦੀ ਅੱਠ, ਬਿਜ਼ਨਸ ਸ਼੍ਰੇਣੀ ਦੀਆਂ 35 ਅਤੇ ਇਕਾਨਮੀ ਸ਼੍ਰੇਣੀ ਦੀਆਂ 195 ਸੀਟਾਂ ਹਨ।
ਵਾਸ਼ਿੰਗਟਨ ਵਾਸਤੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਪਹਿਲੀ ਉਡਾਣ ਸ਼ੁਰੂ ਕੀਤੀ ਗਈ। ਇਸ ਮੌਕੇ ਏਅਰ ਇੰਡੀਆ ਦੇ ਉੱਚ ਅਧਿਕਾਰੀ, ਅਮਰੀਕੀ ਰਾਜਦੂਤ ਮੈਰੀਕੇ ਲੋਸ ਕਾਰਲਸਨ, ਏਅਰ ਇੰਡੀਆ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਮੌਜੂਦ ਰਹੇ।
ਏਅਰ ਇੰਡੀਆ ਮੁਤਾਬਕ, ਦਿੱਲੀ ਤੋਂ ਵਾਸ਼ਿੰਗਟਨ ਵਾਸਤੇ ਉਡਾਣ ਹਫਤੇ ਦੇ ਤਿੰਨ ਦਿਨ ਉਪਲੱਬਧ ਹੋਵੇਗੀ। ਇਸ ਤਹਿਤ ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਦਿੱਲੀ-ਵਾਸ਼ਿੰਗਟਨ, ਵਾਸ਼ਿੰਗਟਨ-ਦਿੱਲੀ ਏਅਰ ਇੰਡੀਆ ਦੀ ਉਡਾਣ ਜਾਇਆ ਕਰੇਗੀ। ਕੰਪਨੀ ਦੇ ਬੁਲਾਰੇ ਮੁਤਾਬਕ, 9 ਅਤੇ 17 ਜੁਲਾਈ ਵਿਚਕਾਰ ਏਅਰ ਇੰਡੀਆ ਬੋਇੰਗ 777-300ਈ.ਆਰ ਵੱਡੇ ਜਹਾਜ਼ ਜ਼ਰੀਏ ਹਵਾਈ ਸੇਵਾ ਸ਼ੁਰੂ ਕਰੇਗਾ।
ਦੱਸ ਦੇਈਏ ਕਿ ਵਾਸ਼ਿੰਗਟਨ ਦੇ ਇਲਾਵਾ ਏਅਰ ਇੰਡੀਆ ਨਿਊਯਾਰਕ, ਨਿਊਵਾਰਕ, ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਲਈ ਵੀ ਹਵਾਈ ਸੇਵਾਵਾਂ ਦਿੰਦਾ ਹੈ। ਨਿਊਵਾਰਕ, ਨਿਊਯਾਰਕ ਅਤੇ ਸ਼ਿਕਾਗੋ ਲਈ ਹਰ ਰੋਜ਼ ਉਡਾਣ ਉਪਲੱਬਧ ਰਹਿੰਦੀ ਹੈ। ਹਾਲਾਂਕਿ ਇਸ ਦੀ ਦਿੱਲੀ-ਵਾਸ਼ਿੰਗਟਨ ਉਡਾਣ ਹਫਤੇ ਦੇ 6 ਵਾਰ ਚੱਲਦੀ ਹੈ। ਉੱਥੇ ਹੀ ਰਾਸ਼ਟਰੀ ਜਹਾਜ਼ ਕੰਪਨੀ ਲਾਸ ਐਂਜਲਸ ਅਤੇ ਹੂਸਟਨ ਵਰਗੇ ਟਿਕਾਣਿਆਂ ਲਈ ਵੀ ਹਵਾਈ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ।