ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਦਿੱਲੀ ’ਚ ਸ਼ਰਾਰਤੀ ਅਨਸਰਾਂ ਵੱਲੋਂ ਹਿੰਸਕ ਪ੍ਰਦਰਸ਼ਨ ਦਰਮਿਆਨ ਅਮਰੀਕੀ ਦੂਤਾਵਾਸ ਨੇ ਆਪਣੇ ਸਾਰੇ ਅਧਿਕਾਰੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਘਰਾਂ ’ਚ ਰਹਿੰਦੇ ਹੋਏ ਸਾਵਧਾਨੀ ਵਰਤਣ। ਦੂਤਾਵਾਸ ਨੇ ਕਿਹਾ ਕਿ ਮੀਡੀਆ ’ਚ ਚੱਲ ਰਹੀ ਜਾਣਕਾਰੀ ਮੁਤਾਬਕ ਕੁਝ ਖੇਤਰਾਂ ’ਚ ਅਜੇ ਵੀ ਪ੍ਰਦਰਸ਼ਨ ਚੱਲ ਰਹੇ ਹਨ ਇਸ ਲਈ ਸਾਰੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਚੇਤ ਅਤੇ ਸਾਵਧਾਨ ਰਹਿਣ।
ਉੱਥੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ’ਚ ਕਿਸਾਨਾਂ ਦੇ ਹਿੰਸਕ ਪ੍ਰਦਰਸ਼ਨ ਅਤੇ ਰਾਜਧਾਨੀ ਦੇ ਕਈ ਹਿੱਸਿਆਂ ’ਚ ਵਿਗੜੇ ਹਾਲਾਤ ’ਤੇ ਚਰਚਾ ਕੀਤੀ ਗਈ। ਦਿੱਲੀ ’ਚ ਭਾਰੀ ਗਿਣਤੀ ’ਚ ਸੁਰੱਖਿਆ ਬਲ ਤਾਇਨਾਤ ਹਨ ਅਤੇ ਵਾਧੂ ਬਲਾਂ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਇਸ ਮੀਟਿੰਗ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੌਜੂਦ ਸਨ।
ਮੰਗਲਵਾਰ ਨੂੰ ਕਿਸਾਨਾਂ ਨੇ ਗਣਤੰਤਰ ਦਿਵਸ ਪਰੇਡ ਤੋਂ ਬਾਅਦ ਦਿੱਲੀ ਦੀਆਂ ਸਰਹੱਦਾਂ ’ਤੇ ਟਰੈਕਟਰ ਰੈਲੀ ਕੱਢੀ ਪਰ ਬਾਅਦ ’ਚ ਇਹ ਰੈਲੀ ਹਿੰਸਕ ਪ੍ਰਦਰਸ਼ਨ ’ਚ ਬਦਲ ਗਈ। ਇਸ ਹਿੰਸਕ ਪ੍ਰਦਰਸ਼ਨ ’ਚ ਗੁੱਸੇ ’ਚ ਆਏ ਕਿਸਾਨਾਂ ਦੀ ਪੁਲਿਸ ਨਾਲ ਝੜਪ ਵੀ ਹੋਈ। ਉੱਥੇ ਦੂਜੇ ਪਾਸੇ ਲਾਲ ਕਿਲ੍ਹੇ ’ਤੇ ਪਹੁੰਚੇ ਕਿਸਾਨਾਂ ਨੇ ਕਿਲ੍ਹੇ ਦੇ ਗੁੰਬਦ ’ਤੇ ਆਪਣਾ ਝੰਡਾ ਲਹਿਰਾ ਦਿੱਤਾ। ਕਈ ਥਾਵਾਂ ’ਤੇ ਪੁਲਿਸ ਨੂੰ ਲਾਠੀਚਾਰਜ ਵੀ ਕਰਨਾ ਪਿਆ।