ਦਿੱਲੀ ਕਿਸਾਨ ਪਰੇਡ: ਲਾਲ ਕਿਲ੍ਹੇ ’ਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਪੁਲਿਸ ਵੱਲੋਂ ਲਾਠੀਚਾਰਜ

82
Share

-ਹਿੰਸਕ ਪ੍ਰਦਰਸ਼ਨਾਂ ਕਾਰਨ ਲਾਲ ਕਿਲ੍ਹਾ ਬੰਦ ਕਰਨ ਦਾ ਹੁਕਮ
ਨਵੀਂ ਦਿੱਲੀ, 27 ਜਨਵਰੀ (ਪੰਜਾਬ ਮੇਲ)- ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਮੁਕਰਬਾ ਚੌਕ, ਟਰਾਂਸਪੋਰਟ ਨਗਰ, ਆਈ.ਟੀ.ਓ. ਅਤੇ ਅਕਸ਼ਰਧਾਮ ਸਮੇਤ ਹੋਰ ਸਥਾਨਾਂ ’ਤੇ ਹੋਏ ਟਕਰਾਅ ਦੌਰਾਨ ਕਿਸਾਨਾਂ ਦੇ ਇਕ ਜੱਥੇ ਨੇ ਲਾਲ ਕਿਲ੍ਹਾ ਕੰਪਲੈਕਸ ਵਿਚ ਪਹੁੰਚ ਕੇ ਕੇਸਰੀ ਝੰਡਾ ਲਹਿਰਾ ਦਿੱਤਾ। ਲਾਲ ਕਿਲ੍ਹੇ ’ਤੇ ਵੱਡੀ ਗਿਣਤੀ ’ਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਐਡੀਸ਼ਨਲ ਫੋਰਸ ਭੇਜੀ ਗਈ। ਲਾਲ ਕਿਲ੍ਹੇ ਦੇ ਆਲੇ-ਦੁਆਲੇ ਜਮ੍ਹਾ ਹੋਏ ਕਿਸਾਨਾਂ ’ਤੇ ਪੁਲਿਸ ਨੇ ਲਾਠੀਚਾਰਜ ਕਰਦੇ ਹੋਏ ਕਿਸਾਨਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ। ਉਥੇ ਮੌਜੂਦ ਪ੍ਰਦਰਸ਼ਨਕਾਰੀਆਂ ਨੂੰ ਕੱਢਣ ਤੋਂ ਬਾਅਦ ਲਾਲ ਕਿਲ੍ਹੇ ਦੇ ਗੇਟ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ। ਇਸ ਦੇ ਨਾਲ ਹੀ ਉਥੇ ਗੋਲੀ ਚੱਲਣ ਦੀ ਖ਼ਬਰ ਵੀ ਆਈ।
ਤਣਾਅ ਵੱਧਦਾ ਦੇਖ ਸਰਕਾਰ ਨੇ ਦਿੱਲੀ ਐੱਨ.ਸੀ.ਆਰ. ਦੇ ਕੁੱਝ ਇਲਾਕਿਆਂ ਵਿਚ 12 ਘੰਟੇ ਲਈ ਨੈੈੱਟ ਬੰਦ ਕਰਣ ਦਾ ਹੁਕਮ ਜਾਰੀ ਕੀਤਾ। ਦੂਰਸੰਚਾਰ ਵਿਭਾਗ ਮੁਤਾਬਕ ਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਭੇਜੇ ਗਏ ਇਕ ਸਰਕਾਰੀ ਹੁਕਮ ’ਚ ਗਣਤੰਤਰ ਦਿਵਸ ਦੇ ਦਿਨ ਸਿੰਘੂ, ਗਾਜੀਪੁਰ, ਟਿੱਕਰੀ, ਮੁਕਰਬਾ ਚੌਕ ਅਤੇ ਨਾਂਗਲੋਈ ਅਤੇ ਉਨ੍ਹਾਂ ਨਾਲ ਲੱਗੇ ਦਿੱਲੀ ਦੇ ਇਲਾਕਿਆਂ ’ਚ ਦੁਪਹਿਰ 12 ਵਜੇ ਤੋਂ ਰਾਹਤ 11 ਵੱਜ ਕੇ 59 ਮਿੰਟ ਤੱਕ ਇੰਟਰਨੈੈੱਟ ਸੇਵਾ ਅਸਥਾਈ ਤੌਰ ’ਤੇ ਮੁਲਤਵੀ ਰੱਖਣ ਦਾ ਹੁਕਮ ਦਿੱਤਾ ਗਿਆ ਸੀ, ਤਾਂ ਕਿ ਅਫ਼ਵਾਹਾਂ ਨਾਲ ਫੈਲਣ।
ਕਿਸਾਨ ਬੈਰੀਕੇਡ ਤੋੜ ਕੇ ਲਾਲ ਕਿਲ੍ਹੇ ’ਤੇ ਪਹੁੰਚ ਗਏ ਅਤੇ ਕੇਸਰੀ ਝੰਡਾ ਲਹਿਰਾਇਆ। ਕਿਸਾਨਾਂ ਦਾ ਇਕ ਜੱਥਾ ਇੰਡੀਆ ਗੇਟ ਵੱਲ ਵੀ ਵਧਿਆ। ਉਧਰ ਆਈ.ਟੀ.ਓ. ਨੇੜੇ ਟਰੈਕਟਰ ਪਲਟਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਆਈ.ਟੀ.ਓ. ’ਤੇ ਭਿਆਨਕ ਟਕਰਾਅ ’ਚ ਕਈ ਕਿਸਾਨਾਂ ਦੇ ਨਾਲ ਕੁੱਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਸ਼ਰਤਾਂ ਨਾਲ ਟਰੈਕਟਰ ਰੈਲੀ ਨੂੰ ਇਜਾਜ਼ਤ ਦਿੱਤੀ ਸੀ ਪਰ ਪ੍ਰਦਰਸ਼ਨਕਾਰੀ ਟਰੈਕਟਰ ਪਰੇਡ ਦੇ ਨਿਰਧਾਰਤ ਮਾਰਗ ਤੋਂ ਹੱਟ ਕੇ ਆਈ.ਟੀ.ਓ. ਪਹੁੰਚ ਗਏ। ਉਥੇ ਹੀ ਦਿੱਲੀ ਦੇ ਵੱਖ-ਵੱਖ ਹਿੱਸਿਆਂ ਤੋਂ ਪੁਲਿਸ ਨਾਲ ਝੜਪ, ਜ਼ਬਰਨ ਬੈਰੀਕੇਡ ਤੋੜਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
ਕਿਸਾਨਾਂ ਨੇ ਟਰੈਕਟਰ ਪਰੇਡ ਦੇ ਨਿਰਧਾਰਤ ਸਮੇਂ ਤੋਂ ਕਾਫ਼ੀ ਪਹਿਲਾਂ ਹੀ ਦਿੱਲੀ ਅੰਦਰ ਵਧਣਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਸੰਗਠਨਾਂ ਨੂੰ ਇਸ ਸ਼ਰਤ ’ਤੇ ਟਰੈਕਟਰ ਪਰੇਡ ਦੀ ਇਜਾਜ਼ਤ ਦਿੱਤੀ ਸੀ ਕਿ ਉਹ ਰਾਜਪਥ ’ਤੇ ਗਣਤੰਤਰ ਦਿਵਸ ਪਰੇਡ ਦੇ ਖ਼ਤਮ ਹੋਣ ਦੇ ਬਾਅਦ ਨਿਰਧਾਰਤ ਮਾਰਗਾਂ ਤੋਂ ਹੀ ਆਪਣੀ ਰੈਲੀ ਕੱਢਣਗੇ।

Share