ਤ੍ਰਿਪੁਰਾ ਦੇ ਮੁੱਖ ਮੰਤਰੀ ਵੱਲੋਂ ਪੰਜਾਬੀਆਂ ਲਈ ਵਰਤੀ ਅਪਮਾਨਜਨਕ ਸ਼ਬਦਾਵਲੀ ਦੀ ਭਾਈ ਲੌਂਗੋਵਾਲ ਵੱਲੋਂ ਨਿਖੇਧੀ

227
Share

ਅੰਮ੍ਰਿਤਸਰ, 21 ਜੁਲਾਈ (ਪੰਜਾਬ ਮੇਲ)- ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲੇਬ ਕੁਮਾਰ ਦੇਬ ਵੱਲੋਂ ਪੰਜਾਬੀਆਂ ਲਈ ਕੀਤੀ ਗਈ ਅਪਮਾਨਜਨਕ ਸ਼ਬਦਾਵਲੀ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼ਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਬਿਪਲੇਬ ਦੇਬ ਨੇ ਕਿਹਾ ਸੀ ਪੰਜਾਬੀ ਅਤੇ ਜਾਟ ਕਿਸੇ ਤੋਂ ਡਰਦੇ ਨਹੀਂ ਹਨ, ਬਹੁਤ ਤਾਕਤਵਰ ਹਨ ਪਰੰਤੂ ਘੱਟ ਦਿਮਾਗ ਵਾਲੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਇਸ ਟਿਪਣੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਉਸ ਨੂੰ ਅਜਿਹਾ ਨਹੀਂ ਸੀ ਕਹਿਣਾ ਚਾਹੀਦਾ। ਭਾਈ ਲੌਂਗੋਵਾਲ ਨੇ ਆਖਿਆ ਕਿ ਪੰਜਾਬੀ ਅਤੇ ਸਰਦਾਰ ਦੇਸ਼ ਦੀ ਇਜ਼ਤ ਦੇ ਰੱਖਵਾਲੇ ਹਨ, ਇਨ੍ਹਾਂ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਹੈ। ਉਨ੍ਹਾਂ ਕਿਹਾ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਵੱਲੋਂ ਕਿਸੇ ਭਾਈਚਾਰੇ ਵਿਰੁੱਧ ਅਪਮਾਨ ਭਰੀ ਟਿਪਣੀ ਕਰਨੀ ਸ਼ੋਭਾ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਪੂਰੀ ਦੁਨੀਆਂ ਅੰਦਰ ਆਪਣੀ ਲਿਆਕਤ ਨਾਲ ਨਾਮ ਚਮਕਾਇਆ ਹੈ। ਇੱਕਲੇ ਭਾਰਤ ਹੀ ਨਹੀਂ ਸਗੋਂ ਸਾਰੀ ਦੁਨੀਆਂ ਵਿਚ ਸਿੱਖਾਂ ਦੀਆਂ ਪ੍ਰਾਪਤੀਆਂ ਬੇਸ਼ੁਮਾਰ ਹਨ। ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਦੀ ਅਜ਼ਾਦੀ ਵਿਚ ਸਿੱਖਾਂ ਦਾ ਸਭ ਤੋਂ ਵੱਡਾ ਯੋਗਦਾਨ ਰਿਹਾ। 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ। ਦੇਸ਼ ਦੀ ਰਖਵਾਲੀ ਅਤੇ ਤਰਕੀ ਲਈ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦੀ ਸਮਝ ’ਤੇ ਸੁਆਲ ਕਰਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਦੀ ਬੇਸਮਝੀ ਹੈ। ਉਸ ਨੂੰ ਸਿੱਖ ਕੌਮ ਦੇ ਇਤਿਹਾਸ ਅਤੇ ਪ੍ਰਾਪਤੀਆਂ ਨੂੰ ਸਾਹਮਣੇ ਰੱਖਕੇ ਹੀ ਕੋਈ ਟਿਪਣੀ ਕਰਨੀ ਚਾਹੀਦੀ ਹੈ।

Share