ਤੁਰਕੀ ‘ਚ ਮੋਦੀ ਦੀ ਫੋਟੋ ਵਾਲੀ ਵਿਸ਼ੇਸ਼ ਡਾਕ ਟਿਕਟ ਜਾਰੀ

ਅੰਤਾਲਿਆ, 19 ਨਵੰਬਰ (ਪੰਜਾਬ ਮੇਲ) – ਕੱਲ੍ਹ ਤੁਰਕੀ ਵੱਲੋਂ ਕੁਝ ਦਿਨ ਪਹਿਲਾਂ ਹੋ ਕੇ ਹਟੇ ਜੀ-20 ਸੰਮੇਲਨ ਦੀ ਯਾਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲੀ ਨਿੱਜੀ ਡਾਕ ਟਿਕਟ ਜਾਰੀ ਕੀਤੀ ਗਈ ਹੈ। 2.80 ਲੀਰਾ ਮੁੱਲ ਦੀ ਇਸ ਟਿਕਟ ਉੱਤੇ ਮੋਦੀ ਦੀ ਤਸਵੀਰ ਅਤੇ ਭਾਰਤ ਦੇ ਕੌਮੀ ਝੰਡੇ ਦੀ ਤਸਵੀਰ ਹੈ। ਟਿਕਟ ਦੇ ਹੇਠਲੇ ਹਿੱਸੇ ਉੱਤੇ ‘ਨਰਿੰਦਰ ਮੋਦੀ-ਪ੍ਰਾਈਮ ਮਿਨਿਸਟਰ ਆਫ ਰਿਪਬਲਿਕ ਆਫ ਇੰਡੀਆ’ ਲਿਖਿਆ ਗਿਆ ਹੈ। ਜੀ-20 ਤੁਰਕੀ ਸਿਖਰ ਸੰਮੇਲਨ ਦੇ ਆਗੂਆਂ ਦੀਆਂ ਨਿੱਜੀ ਡਾਕ ਟਿਕਟਾਂ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਾਈਪ ਇਰਦੋਗਨ ਨੇ ਜਾਰੀ ਕੀਤੀਆਂ। ਸੰਸਾਰ ਅਤੇ ਯੂਰਪ ਯੂਨੀਅਨ ਦੀਆਂ 19 ਵੱਡੀਆਂ ਤੇ ਸਭ ਤੋਂ ਤਾਕਤਵਰ ਅਰਥ ਵਿਵਸਥਾਵਾਂ ਦੇ ਆਗੂਆਂ ਸਮੇਤ 33 ਆਗੂਆਂ ‘ਤੇ ਟਿਕਟਾਂ ਜਾਰੀ ਕੀਤੀਆਂ ਗਈਆਂ। ਡਾਕ ਟਿਕਟਾਂ ‘ਤੇ ਜਿਨ੍ਹਾਂ ਹੋਰ ਆਗੂਆਂ ਦੀਆਂ ਤਸਵੀਰਾਂ ਛਪੀਆਂ ਹਨ, ਉਨ੍ਹਾਂ ‘ਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨੀ ਰਾਸ਼ਟਰਪਤੀ ਸ਼ੀ ਜਿੰਨਪਿੰਗ, ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ, ਬ੍ਰਾਜ਼ੀਲ ਦੀ ਰਾਸ਼ਟਰਪਤੀ ਡਿਲਮਾ ਰੂਸੇਫ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜਰਮਨੀ ਦੀ ਚਾਂਸਲਰ ਏਂਜਲਾ ਮਾਰਕੇਲ, ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਡੋਨਾਲਡ ਟਸਕ ਸ਼ਾਮਲ ਹਨ। ਭਾਵੇਂ ਫਰਾਂਸ ਦੇ ਰਾਸ਼ਟਰਪਤੀ ਫਰਾਂਕੁਇਸ ਹੌਲਾਂਦੇ ਇਸ ਸੰਮੇਲਨ ਵਿੱਚ ਸ਼ਾਮਲ ਨਹੀਂ ਹੋ ਸਕੇ, ਪਰ ਉਨ੍ਹਾਂ ਦੇ ਸਨਮਾਨ ‘ਚ ਵੀ ਇਕ ਡਾਕ ਟਿਕਟ ਜਾਰੀ ਕੀਤੀ ਗਈ ਹੈ।
There are no comments at the moment, do you want to add one?
Write a comment