ਤੀਜੇ ਫਰੰਟ ਦੀ ਉਸਾਰੀ ‘ਚ ਅੰਦਰੂਨੀ ਖਿੱਚੋਤਾਣ ਬਣੀ ਅੜਿੱਕਾ

ਜਲੰਧਰ, 13 ਫਰਵਰੀ (ਮੇਜਰ ਸਿੰਘ/ਪੰਜਾਬ ਮੇਲ)-ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ ਨੂੰ ਹਰਾਉਣ ਲਈ ਯਤਨਸ਼ੀਲ ਪੰਜ ਰਾਜਸੀ ਸੰਗਠਨਾਂ ਵਲੋਂ ਤੀਜਾ ਫਰੰਟ ਉਸਾਰਨ ਦੇ ਹੋ ਰਹੇ ਯਤਨਾਂ ‘ਤੇ ਅੰਦਰੂਨੀ ਖਿੱਚੋਤਾਣ ਕਾਰਨ ਸਵਾਲੀਆ ਚਿੰਨ੍ਹ ਲੱਗਣਾ ਸ਼ੁਰੂ ਹੋ ਗਿਆ ਹੈ। ਸ. ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੀ ਪੰਜਾਬੀ ਏਕਤਾ ਪਾਰਟੀ, ਬਹੁਜਨ ਸਮਾਜ ਪਾਰਟੀ, ਅਕਾਲੀ ਦਲ ਟਕਸਾਲੀ ਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਡਾ. ਧਰਮਵੀਰ ਗਾਂਧੀ ਵਾਲੇ ਪੰਜਾਬ ਵਲੋਂ ਲੋਕ ਸਭਾ ਚੋਣਾਂ ਰਲ ਕੇ ਲੜਨ ਲਈ ਪੰਜਾਬ ਜਮਹੂਰੀ ਗੱਠਜੋੜ ਕਾਇਮ ਕਰਨ ਲਈ ਚਾਰ-ਪੰਜ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਉਕਤ ਧਿਰਾਂ ਦੇ ਆਗੂ ਹਾਲੇ ਤੱਕ ਨਾ ਤਾਂ ਕੋਈ ਸਿਆਸੀ ਵਿਚਾਰਧਾਰਕ ਇਕਮੁੱਠਤਾ ਦਾ ਹੀ ਪ੍ਰਗਟਾਵਾ ਕਰ ਸਕੇ ਹਨ ਤੇ ਨਾ ਹੀ ਸੀਟਾਂ ਦੀ ਵੰਡ ਬਾਰੇ ਕਿਸੇ ਸਹਿਮਤੀ ‘ਤੇ ਅੱਪੜ ਸਕੇ ਹਨ। ਯਤਨਸ਼ੀਲ ਧਿਰਾਂ ਦੇ ਅੰਦਰੂਨੀ ਸੂਤਰਾਂ ਅਨੁਸਾਰ ਸਗੋਂ ਮੀਟਿੰਗਾਂ ਵਿਚ ਸੀਟਾਂ ਦੀ ਵੰਡ ਦਾ ਮਾਮਲਾ ਆਏ ਦਿਨ ਹੋਰ ਉਲਝਦਾ ਜਾ ਰਿਹਾ ਹੈ। ਪਹਿਲੀਆਂ ਦੋ ਮੀਟਿੰਗਾਂ ਵਿਚ ਤਾਂ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਟਕਸਾਲੀਆਂ ਤੇ ਬਸਪਾ ਦੇ ਸਿੰਗ ਫਸੇ ਹੋਏ ਸਨ। ਟਕਸਾਲੀ ਇਸ ਸੀਟ ਤੋਂ ਪਾਰਟੀ ‘ਚ ਨਵੇਂ ਸ਼ਾਮਿਲ ਆਗੂ ਸਾਬਕਾ ਸਪੀਕਰ ਸ. ਬੀਰ ਦਵਿੰਦਰ ਸਿੰਘ ਨੂੰ ਉਮੀਦਵਾਰ ਬਣਾਉਣ ਲਈ ਬਜ਼ਿੱਦ ਹਨ, ਜਦਕਿ ਬਸਪਾ ਇਸ ਸੀਟ ਤੋਂ ‘ਆਪ’ ਛੱਡ ਕੇ ਆਏ ਗਾਇਕ ਜੱਸੀ ਜਸਰਾਜ ਨੂੰ ਚੋਣ ਲੜਾਉਣ ਲਈ ਅੜੀ ਹੋਈ ਹੈ। ਬਾਵਜੂਦ ਯਤਨਾਂ ਦੇ ਇਹ ਸੀਟ ਵੱਡਾ ਅੜਿੱਕਾ ਬਣੀ ਹੋਈ ਸੀ, ਪਰ ਪਿਛਲੇ ਦਿਨੀਂ ਸ. ਖਹਿਰਾ ਦੀ ਪਿੰਡ ਰਾਮਗੜ੍ਹ ਵਾਲੀ ਰਿਹਾਇਸ਼ ‘ਤੇ ਪੰਜਾਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਵਿਚ ਬੈਂਸ ਭਰਾਵਾਂ ਵਲੋਂ ਪੰਜ ਸੀਟਾਂ ਲੁਧਿਆਣਾ, ਫਤਹਿਗੜ੍ਹ ਸਾਹਿਬ, ਸੰਗਰੂਰ, ਅੰਮ੍ਰਿਤਸਰ ਤੇ ਇਕ ਹੋਰ ਸੀਟ ‘ਤੇ ਦਾਅਵਾ ਜਤਾਉਣ ਨਾਲ ਫਰੰਟ ਉਸਾਰਨ ਦਾ ਮਾਮਲਾ ਹੀ ਭੰਬਲਭੂਸੇ ਵਿਚ ਜਾ ਪਿਆ ਨਜ਼ਰ ਆਉਣ ਲੱਗਾ ਹੈ। ਅਕਾਲੀ ਦਲ ਟਕਸਾਲੀ ਵੀ ਮਾਝੇ ਦੀਆਂ ਅੰਮ੍ਰਿਤਸਰ ਤੇ ਗੁਰਦਾਸਪੁਰ ਸੀਟਾਂ ਛੱਡ ਕੇ ਅਨੰਦਪੁਰ ਸਾਹਿਬ ਤੇ ਸੰਗਰੂਰ ਵਾਲੇ ਪਾਸੇ ਹੱਥ ਮਾਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਸੰਗਰੂਰ ਤੋਂ ਤਾਂ ਟਕਸਾਲੀਆਂ ਨੇ ਦਾਅਵਾ ਢਿੱਲਾ ਕਰ ਲਿਆ ਹੈ, ਪਰ ਅਨੰਦਪੁਰ ਸਾਹਿਬ ਛੱਡਣ ਲਈ ਤਿਆਰ ਨਹੀਂ। ਬਸਪਾ ਵਲੋਂ ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ ਤੇ ਫਿਰੋਜ਼ਪੁਰ ਸੀਟ ਮੰਗੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਸੀਟ ਤਾਂ ਉਹ ਛੱਡ ਸਕਦੇ ਹਨ ਪਰ ਬਾਕੀ ਤਿੰਨੇ ਸੀਟਾਂ ਲੈਣ ਲਈ ਬਸਪਾ ਆਗੂ ਲਕੀਰ ਖਿੱਚੀ ਬੈਠੇ ਹਨ। ਦਿਲਚਸਪ ਗੱਲ ਇਹ ਹੈ ਕਿ ਗੱਠਜੋੜ ਲਈ ਕੇਂਦਰੀ ਧੁਰੇ ਵਜੋਂ ਸਰਗਰਮ ਸ. ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨੂੰ ਸਿਰਫ ਦੋ ਬਠਿੰਡਾ ਤੇ ਫਰੀਦਕੋਟ ਹਲਕੇ ਹੀ ਬਚ ਰਹੇ ਹਨ। ਬਸਪਾ ਤੇ ਟਕਸਾਲੀਆਂ ਵਿਚਕਾਰ ਅਨੰਦਪੁਰ ਸਾਹਿਬ ਦੀ ਸੀਟ ਦੇ ਰੇੜਕੇ ਦੇ ਨਾਲ ਬੈਂਸ ਭਰਾਵਾਂ ਵਲੋਂ ਪੰਜ ਸੀਟਾਂ ‘ਤੇ ਕੀਤਾ ਦਾਅਵਾ ਫਰੰਟ ਨੂੰ ਵਧੇਰੇ ਕਰੰਟ ਮਾਰਨ ਵਾਲਾ ਹੋ ਸਕਦਾ ਹੈ। ਇਕ ਮਹੀਨੇ ਦੇ ਯਤਨਾਂ ਦੇ ਬਾਵਜੂਦ ਤੀਜਾ ਫਰੰਟ ਖੜ੍ਹਾ ਨਾ ਹੋ ਸਕਣ ਕਾਰਨ ਜਿੱਥੇ ਆਮ ਲੋਕਾਂ ‘ਚ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਤੇ ਤੀਜਾ ਬਦਲ ਉਭਰਨ ਬਾਰੇ ਬਣਿਆ ਮਾਹੌਲ ਢਲਣਾ ਸ਼ੁਰੂ ਹੋ ਗਿਆ ਹੈ, ਉਥੇ ਇਨ੍ਹਾਂ ਪਾਰਟੀਆਂ ਦੇ ਅੰਦਰ ਵੀ ਬੇਇਤਫ਼ਾਕੀ ਦਾ ਮਾਹੌਲ ਉਸਰਨ ਵਰਗੀ ਹਾਲਤ ਬਣ ਰਹੀ ਹੈ। ਬਸਪਾ ਆਗੂ ਸ਼ਰੇਆਮ ਕਹਿਣ ਲੱਗ ਪਏ ਹਨ ਕਿ ਜੇਕਰ ਟਕਸਾਲੀ ਅਨੰਦਪੁਰ ਸੀਟ ਛੱਡਣ ਲਈ ਨਾ ਮੰਨੇ, ਤਾਂ ਉਹ ਟਕਸਾਲੀਆਂ ਨੂੰ ਛੱਡ ਕੇ ਬਾਕੀ ਧਿਰਾਂ ਨਾਲ ਗੱਠਜੋੜ ਨੂੰ ਤਰਜੀਹ ਦੇਣਗੇ। ਇਸੇ ਤਰ੍ਹਾਂ ਬੈਂਸ ਭਰਾਵਾਂ ਵਲੋਂ ਪੰਜ ਸੀਟਾਂ ਲਈ ਦਾਅਵਾ ਜਤਾਉਣ ਦਾ ਕਦਮ ਖਹਿਰਾ ਤੇ ਡਾ: ਗਾਂਧੀ ਦੇ ਕੈਂਪਾਂ ਨੂੰ ਹਜ਼ਮ ਨਹੀਂ ਹੋ ਰਿਹਾ। ਪਤਾ ਲੱਗਾ ਹੈ ਕਿ ਇਸ ਸਾਰੇ ਮਾਹੌਲ ਵਿਚ ਸਰਗਰਮ ਰੋਲ ਅਦਾ ਕਰ ਰਹੇ ਖਹਿਰਾ ਧੜੇ ਦੇ ਵਿਧਾਇਕ ਤੇ ਆਗੂ ਘੁਟਣ ਮਹਿਸੂਸ ਕਰਨ ਲੱਗੇ ਹਨ। ਅਜਿਹੇ ਆਗੂਆਂ ਦਾ ਕਹਿਣਾ ਹੈ ਕਿ ਕਰੀਬ ਇਕ ਮਹੀਨੇ ਦਾ ਸਮਾਂ ਗੱਠਜੋੜ ਉਸਾਰਨ ਵਿਚ ਹੀ ਖ਼ਤਮ ਕਰ ਦੇਣ ਨਾਲ ਲੋਕਾਂ ਅੰਦਰ ਉਨ੍ਹਾਂ ਦੇ ਬਣੇ ਅਕਸ ਨੂੰ ਨੁਕਸਾਨ ਪੁੱਜਾ ਹੈ ਤੇ ਹੁਣ ਹੋਰ ਸਮਾਂ ਜ਼ਾਇਆ ਕਰਨਾ ਆਤਮਘਾਤੀ ਹੋਵੇਗਾ। ਅਜਿਹੇ ਆਗੂਆਂ ਵਿਚ ਇਹ ਵਿਚਾਰ ਵੀ ਉੱਭਰ ਰਿਹਾ ਹੈ ਕਿ ਬਦਲਵੀਂ ਰਾਜਨੀਤੀ ਦਾ ਸਪੱਸ਼ਟ ਨਕਸ਼ਾ ਉਭਾਰਨ ਲਈ ਜਿਹੜੇ ਧੜੇ ਸਹਿਮਤ ਹੁੰਦੇ ਹਨ, ਉਨ੍ਹਾਂ ਨੂੰ ਤੁਰੰਤ ਸਹਿਮਤੀ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਸੂਤਰਾਂ ਦਾ ਮੰਨਣਾ ਹੈ ਕਿ ਜੇਕਰ ਸਭ ਧੜਿਆਂ ਦੀ ਸਹਿਮਤੀ ਨਾ ਵੀ ਬਣੀ ਤਾਂ ਸਹਿਮਤੀ ਜ਼ਾਹਿਰ ਕਰਨ ਵਾਲੇ ਧੜਿਆਂ ਵਲੋਂ ਆਪਣੇ ਫਰੰਟ ਦਾ ਵੀ ਐਲਾਨ ਹੋ ਸਕਦਾ ਹੈ।