ਤਾਲਾਬੰਦੀ ਦੌਰਾਨ ਅੰਮ੍ਰਿਤਸਰ ਹਵਾਈ ਅੱਡਾ ਯਾਤਰੂਆਂ ਦੀ ਗਿਣਤੀ ‘ਚ ਤੀਜੇ ਸਥਾਨ ‘ਤੇ

545
Share

-ਬ੍ਰਿਟਿਸ਼ ਏਅਰਵੇਜ਼ ਵੀ ਲੰਡਨ ਹੀਥਰੋ ਤੋਂ ਪਹਿਲੀ ਵਾਰ ਪਹੁੰਚੀ ਅੰਮ੍ਰਿਤਸਰ
ਅੰਮ੍ਰਿਤਸਰ, 24 ਜੂਨ (ਪੰਜਾਬ ਮੇਲ)- ਭਾਰਤ ਦੁਆਰਾ ਤਾਲਾਬੰਦੀ ਦੌਰਾਨ ਅੰਤਰਰਾਸ਼ਟਰੀ ਵਪਾਰਕ ਉਡਾਣਾਂ ਨੂੰ ਮੁਅੱਤਲ ਕਰਨ ਨਾਲ ਪੰਜਾਬ ਅਤੇ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਲਈ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਦੀ ਅਸਲ ਅਹਿਮੀਅਤ ਇਕ ਵਾਰ ਫਿਰ ਜੱਗ ਜ਼ਾਹਰ ਹੋ ਗਈ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿਚ, ਅਮਰੀਕਾ ਵਾਸੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਭਿਆਨ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਅਪ੍ਰੈਲ ਮਹੀਨੇ ‘ਚ ਭਾਰਤ ਦੁਆਰਾ ਉਡਾਣਾਂ ਦੀ ਮੁਅੱਤਲੀ ਦੇ ਬਾਵਜੂਦ ਵੀ, ਅੰਮ੍ਰਿਤਸਰ ਯਾਤਰੀਆ ਦੀ ਕੁੱਲ ਗਿਣਤੀ ‘ਚ ਤੀਜੇ ਸਥਾਨ ‘ਤੇ ਰਿਹਾ।
ਏਅਰਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਅਪ੍ਰੈਲ 2020 ‘ਚ ਯਾਤਰੀਆਂ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੁੱਲ 5972 ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀਆਂ ਨੇ ਸਫਰ ਕੀਤਾ। ਇਹ ਗਿਣਤੀ ਦਿੱਲੀ ਅਤੇ ਮੁੰਬਈ ਨੂੰ ਛੱਡ ਕੇ ਭਾਰਤ ਦੇ ਸਾਰੇ ਹਵਾਈ ਅੱਡਿਆਂ ਤੋਂ ਵੱਧ ਹੈ। ਦਿੱਲੀ 20,624 ਨਾਲ ਪਹਿਲੇ ਅਤੇ ਮੁੰਬਈ 9051 ਯਾਤਰੀਆਂ ਨਾਲ ਦੂਜੇ ਨੰਬਰ ‘ਤੇ ਸੀ। ਅੰਮ੍ਰਿਤਸਰ ਤੋਂ ਕੁੱਲ 5011 ਅੰਤਰਰਾਸ਼ਟਰੀ ਯਾਤਰੀਆਂ ਨੇ ਉਡਾਣ ਭਰੀ, ਇਹ ਗਿਣਤੀ ਵੀ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਚੋਂ ਤੀਸਰੇ ਨੰਬਰ ਤੇ ਹੈ। ਭਾਰਤ ਦੇ ਹੋਰ ਸਾਰੇ ਵੱਡੇ ਹਵਾਈ ਅੱਡੇ ਜਿਵੇਂ ਬੰਗਲੌਰ, ਅਹਿਮਦਾਬਾਦ, ਕੋਲਕਾਤਾ ਵੀ ਅੰਮ੍ਰਿਤਸਰ ਤੋਂ ਯਾਤਰੀਆਂ ਦੀ ਗਿਣਤੀ ਦੇ ਨੇੜੇ ਨਹੀਂ ਹਨ।
ਮਾਰਚ ਦੇ ਅਖੀਰ ਵਿਚ ਭਾਰਤ ਸਰਕਾਰ ਵੱਲੋਂ ਉਡਾਣਾਂ ਦੀ ਮੁਕੰਮਲ ਮੁਅੱਤਲੀ ਕਾਰਨ ਹਜ਼ਾਰਾਂ ਵਿਦੇਸ਼ੀ ਪੰਜਾਬ ਸਮੇਤ ਦੇਸ਼ ਭਰ ਵਿਚ ਫਸ ਗਏ ਜਿਸ ਵਿਚ ਯੂ.ਕੇ. ਅਤੇ ਕੈਨੇਡਾ ਦੇ ਵਸਨੀਕਾਂ ਦੀ ਸਭ ਤੋਂ ਵੱਧ ਗਿਣਤੀ ਪੰਜਾਬ ਵਿਚ ਸੀ। ਆਪਣੀ ਸਰਕਾਰ ਨਾਲ ਇਨ੍ਹਾਂ ਨੇ ਅੰਮ੍ਰਿਤਸਰ ਤੋਂ ਯੂ.ਕੇ. ਅਤੇ ਕੈਨੇਡਾ ਲਈ ਸਿੱਧੇ ਵਾਪਸ ਪਰਤਣ ਦੀਆਂ ਉਡਾਣਾਂ ਦੀ ਮੰਗ ਉਠਾਈ।
ਉਡਾਣਾਂ ਰੱਦ ਹੋਣ ਕਾਰਣ, ਯੂ.ਕੇ. ਅਤੇ ਕੈਨੇਡਾ ਦੇ ਸਭ ਤੋਂ ਵੱਧ ਯਾਤਰੀ ਪੰਜਾਬ ਵਿਚ ਫਸੇ ਹੋਣ ਨਾਲ ਇਹ ਵੀ ਸਿੱਧ ਹੋ ਗਿਆ ਕਿ ਵੱਡੀ ਗਿਣਤੀ ਪੰਜਾਬੀ ਜੋ ਕਿ ਇਨ੍ਹਾਂ ਦੋਨਾਂ ਮੁਲਕਾਂ ਤੋਂ ਦਿੱਲੀ ਆਉਂਦੇ ਹਨ, ਉਹ ਪੰਜਾਬ ਤੋਂ ਹਨ। ਇਹ ਵੀ ਸਾਬਤ ਹੁੰਦਾ ਹੈ ਕਿ ਜੇਕਰ ਅੰਮ੍ਰਿਤਸਰ ਤੋਂ ਵਧੇਰੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ, ਤਾਂ ਦੇਸ਼ ਅਤੇ ਵਿਦੇਸ਼ ਤੋਂ ਪੰਜਾਬੀ, ਦਿੱਲੀ ਦੀ ਬਜਾਏ ਸਿੱਧੇ ਅੰਮ੍ਰਿਤਸਰ ਤੋਂ ਯਾਤਰਾ ਕਰਨਾ ਚਾਹੁੰਦੇ ਹਨ। ਅੰਮ੍ਰਿਤਸਰ ਏਅਰਪੋਰਟ ਦੀ ਦੂਰੀ ਪੰਜਾਬ ਦੇ ਕਿਸੇ ਵੀ ਸ਼ਹਿਰ ਤੋਂ ਸਿਰਫ ਤਿੰਨ ਘੰਟੇ ਦੀ ਹੈ। ਹੁਣ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ-ਵੇ ਬਨਣ ਨਾਲ ਇਹ ਦੂਰੀ ਬਹੁਤ ਸਾਰੇ ਹੋਰਨਾਂ ਸ਼ਹਿਰਾਂ ਤੋਂ ਅੱਧੀ ਰਹਿ ਜਾਣੀ ਹੈ।
ਯੂ.ਕੇ. ਦੀ ਸਰਕਾਰ ਦੁਆਰਾ ਬ੍ਰਿਟਿਸ਼ ਏਅਰਵੇਜ਼ ਤੇ ਕਤਰ ਏਅਰਵੇਜ਼ ਦੀਆਂ ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਵਿਸ਼ੇਸ਼ ਚਾਰਟਰਡ ਉਡਾਣਾਂ ਸ਼ੁਰੂ ਕੀਤੀਆਂ ਗਈਆਂ। ਕੈਨੇਡਾ ਦੇ ਵਿਦੇਸ਼ ਦਫ਼ਤਰ ਨੇ ਵੀ ਕਤਰ ਏਅਰਵੇਜ਼ ਦੀਆਂ ਦੋਹਾ ਰਾਹੀਂ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਲਈ ਉਡਾਣਾਂ ਦਾ ਪ੍ਰਬੰਧ ਕੀਤਾ। ਇਹ ਵਿਸ਼ੇਸ਼ ਉਡਾਣਾਂ ਅਪ੍ਰੈਲ ਵਿਚ ਸ਼ੁਰੂ ਹੋਈਆਂ ਅਤੇ ਮਈ 2020 ਦੇ ਅੱਧ ਤੱਕ ਚੱਲਦੀਆਂ ਰਹੀਆਂ। ਇਕ ਅਨੁਮਾਨ ਅਨੁਸਾਰ ਯੂ.ਕੇ. ਅਤੇ ਕੈਨੇਡਾ ਦੁਆਰਾ ਦੁਨੀਆਂ ਭਰ ਵਿਚੋਂ ਸਭ ਤੋਂ ਵੱਧ ਵਿਸ਼ੇਸ਼ ਉਡਾਣਾਂ ਦਾ ਸੰਚਾਲਣ ਅੰਮ੍ਰਿਤਸਰ ਤੋਂ ਕੀਤਾ ਗਿਆ।
ਅੰਮ੍ਰਿਤਸਰ ਹਵਾਈ ਅੱਡੇ ਤੋਂ ਵੱਡੀ ਗਿਣਤੀ ‘ਚ ਇਨ੍ਹਾਂ ਉਡਾਣਾਂ ਦੇ ਪ੍ਰਬੰਧ ਤੋਂ ਖੁਸ਼ ਹੋ ਕੇ ਫਲਾਈ ਅੰਮ੍ਰਿਤਸਰ ਅਭਿਆਨ ਦੇ ਭਾਰਤ ਵਿਚ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਨੇ ਨਾ ਸਿਰਫ ਇਹ ਸਾਬਤ ਕੀਤਾ ਹੈ ਕਿ ਇੱਥੋਂ ਲੰਡਨ ਹੀਥਰੋ, ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਵੱਡੀ ਸਮਰੱਥਾ ਹੈ, ਬਲਕਿ ਇੱਥੋਂ ਅਤਿ ਸੰਕਟ ਦੀ ਸਥਿਤੀ ਦੇ ਦੌਰਾਨ ਵੀ ਆਵਾਜਾਈ ਨੂੰ ਸੰਭਾਲਣ ਲਈ ਸਾਰਾ ਬੁਨਿਆਦੀ ਢਾਂਚਾ ਮੌਜੂਦ ਹੈ।
ਇੰਨੇ ਵੱਡੇ ਪੱਧਰ ‘ਤੇ ਵਿਸ਼ੇਸ਼ ਉਡਾਣਾਂ, ਏਅਰਪੋਰਟ ਤੇ ਉਪਲੱਬਧ ਸਾਰੀਆਂ ਆਧੁਨਿਕ ਸੁਵਿਧਾਵਾਂ ਅਤੇ ਨਵੀਂ ਬਣਾਈ ਗਈ ਪਹਿਲੀ ਮੰਜ਼ਲ ਨਾਲ ਹੀ ਸੰਭਵ ਹੋ ਸਕਿਆ ਹੈ। ਇਸਦਾ ਸਿਹਰਾ ਏਅਰਪੋਰਟ ਦੇ ਡਾਇਰੈਕਟਰ ਮਨੋਜ ਚਨਸੋਰੀਆ, ਹਵਾਈ ਅੱਡੇ ਦੇ ਸਟਾਫ ਮੈਂਬਰਾਂ, ਏਅਰਲਾਈਨ ਅਤੇ ਦੇਸ਼ਾਂ ਦੇ ਉੱਚ ਕਮਿਸ਼ਨ ਦੇ ਮੈਂਬਰਾਂ ਨੂੰ ਜਾਂਦਾ ਹੈ। ਸਾਨੂੰ ਉਮੀਦ ਹੈ ਕਿ ਮਹਾਂਮਾਰੀ ਦਾ ਸੰਕਟ ਖਤਮ ਹੋਣ ਤੋਂ ਬਾਅਦ ਭਾਰਤ ਸਮੇਤ ਯੂ.ਕੇ., ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਹਵਾਈ ਕੰਪਨੀਆਂ ਲੰਡਨ ਹੀਥਰੋ, ਟੋਰਾਂਟੋ ਜਾਂ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਬਾਰੇ ਵਿਚਾਰ ਕਰਨਗੀਆਂ।


Share