ਤਾਜ ਮਹਿਲ ਪ੍ਰਦੂਸ਼ਣ ਦੀ ਮਾਰ ਹੇਠ

ਆਗਰਾ, 5 ਜੂਨ (ਪੰਜਾਬ ਮੇਲ)- ਵਾਤਾਵਰਨ ਮਾਹਿਰਾਂ ਦਾ ਕਹਿਣਾ ਹੈ ਕਿ ਤਾਜ ਮਹਿਲ ਅਜੇ ਵੀ ਪ੍ਰਦੂਸ਼ਣ ਤੋਂ ਮੁਕਤ ਨਹੀ ਹੈ। ਸੁਪਰੀਮ ਕੋਰਟ ਨੇ 23 ਸਾਲ ਪਹਿਲਾਂ ਤਾਜ ਮਹਿਲ ਅਤੇ ਹੋਰਨਾਂ ਇਤਿਹਾਸਕ ਇਮਾਰਤਾਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਹੁਕਮ ਦਿੱਤੇ ਸਨ ਜਿਨ੍ਹਾਂ ਤਹਿਤ ਸਾਰੀਆਂ ਪ੍ਰਦੂਸ਼ਣ ਫੈਲਾਉਣ ਵਾਲੀਆਂ ਉਦਯੋਗਿਕ ਇਕਾਈਆਂ ਨੂੰ ਸ਼ਹਿਰ ਵਿੱਚੋਂ ਤਬਦੀਲ ਕਰਨਾ ਸੀ ਪਰ ਆਗਰਾ ਸਥਿਤ ਤਾਜ ਮਹਿਲ ਅਤੇ ਹੋਰ ਇਤਿਹਾਸਕ ਇਮਾਰਤਾਂ ਅੱਜ ਵੀ ਪ੍ਰਦੂਸ਼ਣ ਦੀ ਮਾਰ ਹੇਠ ਹਨ।
ਇੱਥੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਵਾਤਾਵਰਨ ਦੀ ਸਥਿਤੀ ਅਤਿ ਮਾੜੀ ਹੈ। ਆਗਰਾ ਵਿੱਚ ਵਾਹਨਾਂ ਦੀ ਗਿਣਤੀ ਬੇਹੱਦ ਵੱਧ ਗਈ ਹੈ ਅਤੇ ਪਿੰਡਾਂ ਤੋਂ ਸ਼ਹਿਰ ਵੱਲ ਬਹੁਤ ਲੋਕ ਆ ਰਹੇ ਹਨ। ਧਰਨਾਕਾਰੀਆਂ ਨੇ ਅਧਿਕਾਰੀਆਂ ਦਾ ਧਿਆਨ ਯਮੁਨਾ ਨਦੀ ਦੀ ਮਾੜੀ ਹਾਲਤ ਵੱਲ ਵੀ ਦਿਵਾਇਆ।
ਵਾਤਾਵਰਨ ਪ੍ਰੇਮੀ ਡਾਕਟਰ ਦੇਵਾਸ਼ੀਸ਼ ਭੱਟਾਚਾਰੀਆ ਨੇ ਕਿਹਾ ਕਿ ਜਿੱਥੇ ਕਦੇ ਸੰੰਘਣੇ ਜੰਗਲ ਸਨ ਅਤੇ ਟੋਭੇ ਸਨ , ਉੱਥੇ ਹੁਣ ਕਲੋਨੀਆਂ ਉਸਰ ਗਈਆਂ ਹਨ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਸ਼ਹਿਰ ਵਿੱਚੋਂ, ਧੋਬੀ ਘਾਟ ਹਟਾਉਣ, ਡੇਅਰੀਆਂ ਅਤੇ ਪੇਠਾ ਇਕਾਈਆਂ ਨੂੰ ਸ਼ਹਿਰ ਵਿੱਚੋਂ ਕੱਢਣ ਵਿੱਚ ਨਾਕਾਮ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਤਾਜ ਮਹਿਲ ਦੇ ਨਜ਼ਦੀਕ ਸਮਸ਼ਾਨ ਘਾਟ ਨੂੰ ਵੀ ਬਦਲਿਆ ਜਾਵੇ