ਤਰਨਤਾਰਨ ‘ਚ 63 ਹੋਰ ਮੌਤਾਂ ਨਾਲ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 86 ਹੋਈ

72
Share

-ਪਰਿਵਾਰ ਵੱਲੋਂ ਚੁੱਪ-ਚਪੀਤੇ ਕੀਤਾ ਜਾ ਰਿਹੈ ਸਸਕਾਰ
ਚੰਡੀਗੜ੍ਹ, 1 ਅਗਸਤ (ਪੰਜਾਬ ਮੇਲ)- ਤਰਨ ਤਾਰਨ ‘ਚ 63 ਹੋਰ ਮੌਤਾਂ ਨਾਲ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ 86 ਹੋ ਗਈ ਹੈ। ਸ਼ੁੱਕਰਵਾਰ ਰਾਤ ਤੱਕ ਤਰਨ ਤਾਰਨ ‘ਚ 19 ਮੌਤਾਂ ਹੋਈਆਂ ਸਨ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਤਰਨਤਾਰਨ ‘ਚ ਮਰਨ ਵਾਲਿਆਂ ਦੀ ਗਿਣਤੀ 63 ਤੱਕ ਪਹੁੰਚ ਗਈ ਹੈ। ਸਭ ਤੋਂ ਵੱਧ ਮੌਤਾਂ ਜ਼ਿਲ੍ਹੇ ਦੇ ਸਦਰ ਅਤੇ ਸ਼ਹਿਰੀ ਇਲਾਕਿਆਂ ‘ਚ ਹੋਈਆਂ। ਤਰਨਤਾਰਨ ਤੋਂ ਇਲਾਵਾ ਬੁੱਧਵਾਰ ਦੀ ਰਾਤ ਤੋਂ ਅੰਮ੍ਰਿਤਸਰ ‘ਚ 12 ਅਤੇ ਗੁਰਦਾਸਪੁਰ ਦੇ ਬਟਾਲਾ ਵਿਚ 11 ਮੌਤਾਂ ਦੀ ਖ਼ਬਰ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਕਈ ਪੀੜਤਾਂ ਦੇ ਪਰਿਵਾਰ ਆਪਣੇ ਬਿਆਨ ਦਰਜ ਕਰਾਉਣ ਲਈ ਅੱਗੇ ਨਹੀਂ ਆ ਰਹੇ ਸਨ ਪਰ ਉਨ੍ਹਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਆ ਗਿਆ ਹੈ। ਇਸ ਦੌਰਾਨ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਕੁਝ ਪਰਿਵਾਰਾਂ ਨੇ ਇਹ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸ਼ਰਾਬ ਪੀਣ ਤੋਂ ਬਾਅਦ ਦਮ ਤੋੜਿਆ। ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਹੈ। ਤਰਨਤਾਰਨ ਦੇ ਡੀ.ਸੀ. ਕੁਲਵੰਤ ਸਿੰਘ ਨੇ ਕਿਹਾ ਕਿ ਕੁਝ ਪਰਿਵਾਰਾਂ ਨੇ ਪੁਲਿਸ ਨੂੰ ਦੱਸੇ ਬਿਨਾਂ ਲਾਸ਼ਾਂ ਦਾ ਸਸਕਾਰ ਵੀ ਕਰ ਦਿੱਤਾ ਹੈ। ਹੁਣ ਤੱਕ ਪੁਲਿਸ ਨੇ ਇਸ ਮਾਮਲੇ ‘ਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।


Share