ਡੋਨਾਲਡ ਟਰੰਪ ਵੱਲੋਂ ਗ੍ਰੀਨ ਕਾਰਡ ‘ਤੇ 1 ਦਸੰਬਰ ਤੱਕ ਰੋਕ

300
Share

ਕਿਹਾ: ਅਮਰੀਕੀਆਂ ਨੂੰ ਨੌਕਰੀ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਸੀ

ਵਾਸ਼ਿੰਗਟਨ, 1 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਸਾਲ ਦੇ ਅੰਤ ਤੱਕ ਗ੍ਰੀਨ ਕਾਰਡ ਜਾਰੀ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਕ ਕਾਰਜਕਾਰੀ ਆਦੇਸ਼ ਰਾਹੀਂ ਅਪ੍ਰੈਲ ਤੋਂ 90 ਦਿਨਾਂ ਲਈ ਗ੍ਰੀਨ ਕਾਰਡ ਜਾਰੀ ਕਰਨਾ ਰੱਦ ਕਰ ਦਿੱਤਾ ਹੈ। ਇਹ ਰੋਕ ਵਧਾ ਕੇ 31 ਦਸੰਬਰ 2020 ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁੱਝ ਸ਼ਰਤਾਂ ਦੇ ਨਾਲ ਅਮਰੀਕਾ ‘ਚ ਪੱਕੇ ਤੌਰ ‘ਤੇ ਰਹਿਣ ਤੇ ਕੰਮ ਕਰਨ ਲਈ ਗ੍ਰੀਨ ਕਾਰਡ ਦੀ ਲੋੜ ਪੈਂਦੀ ਹੈ।
ਟਰੰਪ ਨੇ ਸਾਲ ਦੇ ਅੰਤ ਤੱਕ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ‘ਤੇ ਰੋਕ ਲਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਕਰਦਿਆਂ ਕਿਹਾ ਕਿ ਅਮਰੀਕੀਆਂ ਨੂੰ ਨੌਕਰੀ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਸੀ। ਦੱਸ ਦਈਏ ਕਿ ਟਰੰਪ ਨੇ ਅਪ੍ਰੈਲ ‘ਚ ਇਕ ਆਦੇਸ਼ ਰਾਹੀਂ ਗ੍ਰੀਨ ਕਾਰਡ ਜਾਰੀ ਕਰਨ ‘ਤੇ 90 ਦਿਨਾਂ ਦੀ ਰੋਕ ਲਾ ਦਿੱਤੀ ਸੀ। ਇਸ ਸਬੰਧ ‘ਚ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਇਸ ਮੁਅੱਤਲੀ ਦੀ ਮਿਆਦ 31 ਦਸੰਬਰ 2020 ਤੱਕ ਵਧਾ ਦਿੱਤੀ ਗਈ।
ਟਰੰਪ ਤੋਂ ਜਦੋਂ ਗ੍ਰੀਨ ਕਾਰਡ ਮੁਅੱਤਲੀ ਦੇ ਆਦੇਸ਼ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਸੈਨ ਲੂਈਸ, ਐਰੀਜ਼ੋਨਾ ‘ਚ ਪੱਤਰਕਾਰਾਂ ਨੂੰ ਕਿਹਾ ਕਿ ਫ਼ਿਲਹਾਲ ਸਾਡਾ ਧਿਆਨ ਅਮਰੀਕੀਆਂ ਨੂੰ ਨੌਕਰੀ ਦੇਣ ‘ਤੇ ਹੈ। ਅਜੇ ਅਸੀਂ ਚਾਹੁੰਦੇ ਹਾਂ ਕਿ ਨੌਕਰੀਆਂ ਅਮਰੀਕੀਆਂ ਨੂੰ ਮਿਲਣ। ਤਿੰਨ ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚਚ ਦੁਬਾਰਾ ਕਿਸਮਤ ਅਜ਼ਮਾ ਰਹੇ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਵਿਚਾਲੇ ਆਰਥਿਕ ਸੰਕਟ ਕਾਰਨ ਨੌਕਰੀਆਂ ਗਵਾਉਣ ਵਾਲੇ ਲੱਖਾਂ ਅਮਰੀਕੀਆਂ ਦੀ ਮਦਦ ਕਰਨ ਲਈ ਇਹ ਕਦਮ ਲਾਜ਼ਮੀ ਸੀ। ਟਰੰਪ ਨੇ ਕਿਹਾ ਕਿ ਦੇਸ਼ ‘ਚ ਕੁੱਲ ਬੇਰੋਜ਼ਗਾਰੀ ਦਰ ਫਰਵਰੀ ਅਤੇ ਮਈ 2020 ‘ਚ ਲਗਭਗ ਚਾਰ ਗੁਣਾ ਹੋ ਗਈ। ਅਮਰੀਕਾ ਹਰ ਸਾਲ 1 ਲੱਖ 40 ਹਜ਼ਾਰ ਗਰੀਨ ਕਾਰਡ ਜਾਰੀ ਕਰਦਾ ਹੈ। ਅਜੇ ਅਮਰੀਕਾ ‘ਚ ਕਾਨੂੰਨੀ ਰੂਪ ਨਾਲ ਰਹਿ ਰਹੇ ਲਗਭਗ 10 ਲੱਖ ਵਿਦੇਸ਼ੀ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਵੀਜ਼ਾ ਪ੍ਰਕਿਰਿਆ ਅਟਕੀ ਹੋਈ ਹੈ। ਇਨ੍ਹਾਂ ਅਰਜ਼ੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਇਨ੍ਹਾਂ ਨੂੰ ਰੋਜ਼ਗਾਰ ਵਾਲਾ ਗ੍ਰੀਨ ਕਾਰਡ ਨਹੀਂ ਮਿਲਿਆ ਹੈ

ਅਮਰੀਕੀ ਕਾਰੋਬਾਰ ਨੂੰ ਹੋਵੇਗਾ ਨੁਕਸਾਨ : ਸੰਸਦ ਮੈਂਬਰ

ਅਮਰੀਕੀ ਸੰਸਦ ਮੈਂਬਰਾਂ ਨੇ ਐੱਚ-1ਬੀ ਵੀਜ਼ਾ ਸਮੇਤ ਦੂਜੇ ਰੋਜ਼ਗਾਰ ਆਧਾਰਿਤ ਵੀਜ਼ਾ ਪ੍ਰੋਗਰਾਮਾਂ ‘ਤੇ ਰੋਕ ਲਾਉਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਏਸ਼ੀਆ ਦੇ ਕੁਸ਼ਲ ਕਾਮੇ ਪ੍ਰਭਾਵਿਤ ਹੋਣਗੇ, ਸਗੋਂ ਇਮੀਗ੍ਰੈਂਟ ਕਾਮਿਆਂ ਦੇ ਭਰੋਸੇ ਚੱਲਣ ਵਾਲੇ ਅਮਰੀਕੀ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਝੱਲਣਾ ਹੋਵੇਗਾ। ਸੰਸਦ ਦੀ ਏਸ਼ੀਅਨ-ਪੈਸੇਫਿਕ ਅਮਰੀਕਨ ਕੌਕਸ ਦੀ ਪ੍ਰਧਾਨ ਜੂਡੀ ਚੂ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਚੁੱਕਿਆ ਗਿਆ ਪੱਖਪਾਤੀ ਕਦਮ ਰਾਸ਼ਟਰੀ ਹਿੱਤਾਂ ਦੇ ਖ਼ਿਲਾਫ਼ ਹੈ। ਜੇਕਰ ਅਸੀਂ ਅਰਥ-ਵਿਵਸਥਾ ਨੂੰ ਫਿਰ ਤੋਂ ਖੜ੍ਹਾ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਖੁਦ ਨੂੰ ਇਮੀਗ੍ਰੈਂਟਾਂ ਤੋਂ ਦੂਰ ਨਹੀਂ ਕਰ ਸਕਦੇ ਹਾਂ। ਰਾਸ਼ਟਰਪਤੀ ਵੱਲੋਂ ਚੁੱਕਿਆ ਗਿਆ ਇਹ ਕਦਮ ਚੋਣਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਉੱਧਰ, ਹਾਊਸ ਜੂਡੀਸ਼ਰੀ ਕਮੇਟੀ ਦੇ ਪ੍ਰਧਾਨ ਜੈਰੀ ਨਾਡਲਰ ਨੇ ਕਿਹਾ ਕਿ ਵੀਜ਼ਾ ਮੁਅੱਤਲੀ ਆਦੇਸ਼ ਨਾ ਸਿਰਫ਼ ਰਾਸ਼ਟਰਪਤੀ ਦੀ ਕਾਰਜਕਾਰੀ ਸ਼ਕਤੀ ਦੀ ਦੁਰਵਰਤੋਂ ਹੈ, ਸਗੋਂ ਇਹ ਸਿਆਸਤ ਤੋਂ ਵੀ ਪ੍ਰੇਰਿਤ ਹੈ।


Share