ਡੋਨਲਡ ਟਰੰਪ ਵੱਲੋਂ ਹਾਰ ਨਾ ਕਬੂੁਲਣਾ ‘ਸ਼ਰਮਨਾਕ’ : ਬਾਇਡਨ

67
Share

ਵਾਸ਼ਿੰਗਟਨ, 12 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਗਏ ਜੋਅ ਬਾਇਡਨ ਨੇ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹਾਰ ਨਾ ਕਬੂੁਲਣਾ ‘ਸ਼ਰਮਨਾਕ’ ਹੈ। ਇਸ ਨਾਲ ‘ਰਾਸ਼ਟਰਪਤੀ ਦੀ ਵਿਰਾਸਤ ਵਿਚ ਕੋਈ ਚੰਗਾ ਵਾਧਾ ਨਹੀਂ ਹੋਵੇਗਾ।’ ਬਾਇਡਨ ਨੇ ਕਿਹਾ ਕਿ ਉਹ ਵਾਈਟ ਹਾਊਸ ਲਈ ਤਿਆਰੀ ਕਰ ਰਹੇ ਹਨ ਤੇ ਨਵੀਂ ਭੂਮਿਕਾ ਵਿਚ ਵਿਸ਼ਵ ਦੇ ਆਗੂਆਂ ਨਾਲ ਗੱਲਬਾਤ ਆਰੰਭ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਤਿੰਨ ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹਾਰ ਕਬੂਲਣ ਤੋਂ ਨਾਂਹ ਕਰ ਦਿੱਤੀ ਸੀ ਤੇ ਕਈ ਸੂਬਿਆਂ ਵਿਚ ਉਹ ਕਾਨੂੰਨੀ ਲੜਾਈ ਲੜ ਰਹੇ ਹਨ। ਹਾਲਾਂਕਿ ਚੋਣ ਪ੍ਰਕਿਰਿਆ ਵਿਚ ਹਾਲੇ ਤੱਕ ਕਿਸੇ ਧੋਖਾਧੜੀ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਬਾਇਡਨ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵੱਲੋਂ ਸੱਤਾ ਦਾ ਤਬਾਦਲਾ ਸ਼ੁਰੂ ਕਰਨ ਤੋਂ ਇਨਕਾਰ ਕਰਨ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਨ੍ਹਾਂ ਦਾ ਸਟਾਫ਼ ਇਸ ਲਈ ਕੰਮ ਕਰ ਰਿਹਾ ਹੈ। 20 ਜਨਵਰੀ ਨੂੰ ਉਹ ਸੱਤਾ ਸੰਭਾਲ ਲੈਣਗੇ। ਉਪ ਰਾਸ਼ਟਰਪਤੀ ਬਣਨ ਜਾ ਰਹੀ ਕਮਲਾ ਹੈਰਿਸ ਨੇ ਵੀ ਕਿਹਾ ਕਿ ਅਮਰੀਕੀਆਂ ਨੇ ਬਾਇਡਨ ਨੂੰ ਸਪੱਸ਼ਟ ਤੌਰ ’ਤੇ ਚੁਣਿਆ ਹੈ। ਫ਼ੈਸਲਾਕੁਨ ਰੂਪ ਵਿਚ ਉਨ੍ਹਾਂ ਨੂੰ ਟਰੰਪ ਨਾਲੋਂ ਵੱਧ ਅਤੇ ਅਮਰੀਕੀ ਚੋਣਾਂ ਦੇ ਇਤਿਹਾਸ ਵਿਚ ਵੀ ਸਭ ਤੋਂ ਵੱਧ ਵੋਟਾਂ ਪਈਆਂ ਹਨ। ਜੋਅ ਬਾਇਡਨ ਦੀਆਂ ਏਜੰਸੀ ਸਮੀਖਿਆ ਟੀਮਾਂ ਵਿਚ ਕਰੀਬ 20 ਭਾਰਤੀ-ਅਮਰੀਕੀ ਸ਼ਾਮਲ ਹਨ। ਇਨ੍ਹਾਂ ਵਿਚ ਤਿੰਨ ਜਣੇ ਟੀਮਾਂ ਦੀ ਅਗਵਾਈ ਕਰਨਗੇ। ਇਹ ਟੀਮਾਂ ਮੌਜੂਦਾ ਪ੍ਰਸ਼ਾਸਨ ਦੀਆਂ ਸੰਘੀ ਏਜੰਸੀਆਂ ਦੇ ਕੰਮਕਾਜ ਦੀ ਸਮੀਖਿਆ ਕਰਨਗੀਆਂ ਤੇ ਸੁਖਾਲੇ ਸੱਤਾ ਤਬਾਦਲੇ ਵਿਚ ਮਦਦ ਕਰਨਗੀਆਂ। ਸਟੈਨਫੋਰਡ ’ਵਰਸਿਟੀ ਦੇ ਅਰੁਣ ਮਜੂਮਦਾਰ ਊਰਜਾ ਵਿਭਾਗ ਵਾਲੀ ਟੀਮ, ਰਾਹੁਲ ਗੁਪਤਾ ਕੌਮੀ ਡਰੱਗ ਕੰਟਰੋਲ ਦਫ਼ਤਰ ਵਾਲੀ ਟੀਮ ਤੇ ਕਿਰਨ ਅਹੂਜਾ ਪਰਸੋਨਲ ਪ੍ਰਬੰਧਨ ਵਾਲੀ ਟੀਮ ਦੀ ਅਗਵਾਈ ਕਰਨਗੇ। ਪੈਵ ਸਿੰਘ ਤੇ ਦਿਲਪ੍ਰੀਤ ਸਿੱਧੂ ਨੂੰ ਸੁਰੱਖਿਆ ਕੌਂਸਲ, ਭਵਿਆ ਸਿੰਘ ਨੂੰ ਨਾਸਾ, ਅਨੀਸ਼ ਚੋਪੜਾ ਨੂੰ ਡਾਕ ਸੇਵਾ ਵਾਲੀ ਟੀਮ ਦਾ ਮੈਂਬਰ ਬਣਾਇਆ ਗਿਆ ਹੈ।


Share