ਡੈਮੋਕ੍ਰੈਟਿਕ ਪਾਰਟੀ ਵੱਲੋਂ ਪੈਰਿਸ ਜਲਵਾਯੂ ਸਮਝੌਤੇ ਨਾਲ ਮੁੜ ਤੋਂ ਜੁੜਨ ਦਾ ਵਾਅਦਾ!

464
Share

ਵਾਸ਼ਿੰਗਟਨ, 29 ਅਗਸਤ (ਪੰਜਾਬ ਮੇਲ)- ਡੈਮੋਕ੍ਰੈਟਿਕ ਪਾਰਟੀ ਨੇ ਪੈਰਿਸ ਜਲਵਾਯੂ ਸਮਝੌਤੇ ਨਾਲ ਮੁੜ ਤੋਂ ਜੁੜਨ ਤੇ ਈਰਾਨ ਪਰਮਾਣੂ ਸਮਝੌਤੇ ‘ਚ ਸ਼ਾਮਲ ਹੋਣ ਦਾ ਵਾਅਦਾ ਕੀਤਾ ਹੈ। ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਕਿਹਾ ਕਿ ਇਸ ਦੇ ਜ਼ਰੀਏ ਅਸੀਂ ਦੁਨੀਆ ‘ਚ ਆਪਣਾ ਸਥਾਨ ਬਹਾਲ ਕਰਨ ਤੇ ਏਸ਼ੀਆਈ ਤੇ ਯੂਰਪੀਅਨ ਸਹਿਯੋਗੀਆਂ ਦਾ ਭਰੋਸਾ ਤੇ ਸਮਰਥਨ ਹਾਸਲ ਕਰਨ ‘ਚ ਕਾਮਯਾਬ ਹੋ ਸਕਾਂਗੇ।
ਚੋਣਾਂ ਸਬੰਧੀ ਚੰਦਾ ਜੁਟਾਉਣ ਲਈ ਹੋਏ ਇਕ ਵਰਚੁਅਲ ਪ੍ਰੋਗਰਾਮ ‘ਚ ਹੈਰਿਸ ਇਸ ਸਵਾਲ ਦੇ ਜਵਾਬ ਦੇ ਰਹੀ ਸੀ ਕਿ ਬਿਡੇਨ ਪ੍ਰਸ਼ਾਸਨ ਏਸ਼ੀਆਈ ਤੇ ਯੂਰਪੀ ਸਹਿਯੋਗੀਆਂ ਦਾ ਭਰੋਸਾ ਤੇ ਸਮਰਥਨ ਕਿਵੇਂ ਬਹਾਲ ਕਰੇਗਾ। ਉਨ੍ਹਾਂ ਕਿਹਾ ਕਿ ਚੋਣਾਂ ‘ਚ ਜਿੱਤਣ ਤੋਂ ਬਾਅਦ ਬਿਡੇਨ ਪ੍ਰਸ਼ਾਸਨ ਟਰੰਪ ਵੱਲੋਂ ਪਹੁੰਚਾਏ ਗਏ ਨੁਕਸਾਨ ਦੀ ਮੁਰੰਮਤ ਕਰਨ ਦੇ ਨਾਲ ਹੀ ਦੁਨੀਆ ‘ਚ ਸਾਡੀ ਜਗ੍ਹਾ ਬਹਾਲ ਕਰੇਗਾ। ਹੈਰਿਸ ਨੇ ਇਹ ਯਾਦ ਦਿਵਾਇਆ ਕਿ 2017 ‘ਚ ਪੈਰਿਸ ਸਮਝੌਤਾ ਤੇ 2018 ‘ਚ ਈਰਾਨ ਪਰਮਾਣੂ ਸਮਝੌਤੇ ਤੋਂ ਹਟਣ ਸਮੇਂ ਟਰੰਪ ਨੇ ਕੀ ਕਿਹਾ ਸੀ। ਹੈਰਿਸ ਨੇ ਕਿਹਾ ਕਿ ਅਸੀਂ ਦੋਸਤਾਂ ਪ੍ਰਤੀ ਵਫ਼ਾਦਾਰ ਹਾਂ ਤੇ ਆਪਣਾ ਵਚਨ ਨਿਭਾਉਂਦੇ ਹਾਂ। ਟਰੰਪ ਇਹ ਗੱਲ ਨਹੀਂ ਸਮਝਦੇ। ਮੈਨੂੰ ਯਕੀਨ ਹੈ ਕਿ ਟਰੰਪ ਇਹ ਵੀ ਨਹੀਂ ਸਮਝਦੇ ਕਿ ਕਿਸੇ ਦੀਆਂ ਗੱਲਾਂ ‘ਚ ਅਖੰਡਤਾ ਤੇ ਨਿਰੰਤਰਤਾ ਦੀ ਕੀ ਅਹਿਮੀਅਤ ਹੁੰਦੀ ਹੈ।


Share