ਡੈਮੋਕ੍ਰੈਟਿਕ ਪਾਰਟੀ ਵੱਲੋਂ ਟਰੰਪ ਵਲੋਂ ਕੀਤੀਆਂ ਗਈਆਂ ਐੱਚ-1ਬੀ ਗੈਰ-ਪਰਵਾਸ ਵੀਜ਼ਾ ਪ੍ਰੋਗਰਾਮ ਵਿੱਚ ਐਲਾਨੀਆਂ ਤਬਦੀਲੀਆਂ’ ਦੀ ਨਿੰਦਾ

544
Share

ਵਾਸ਼ਿੰਗਟਨ, 9 ਅਕਤੂਬਰ (ਪੰਜਾਬ ਮੇਲ)- ਡੈਮੋਕ੍ਰੈਟਿਕ ਪਾਰਟੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਜਨਤਾ ਦੀ ਰਾਇ ਲਏ ਬਿਨਾਂ ਐੱਚ-1ਬੀ ਗੈਰ-ਪਰਵਾਸ ਵੀਜ਼ਾ ਪ੍ਰੋਗਰਾਮ ਵਿੱਚ ਐਲਾਨੀਆਂ ‘ਬਹੁਤ ਸਾਰੀਆਂ ਤਬਦੀਲੀਆਂ’ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਸਪੱਸ਼ਟ ਤੌਰ ’ਤੇ 3 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਸਿਆਸੀ ਮੁਫ਼ਾਦਾਂ ਲਈ ਕੀਤੀ ਕਾਰਵਾਈ ਹੈ। ਹੋਮਲੈਂਡ ਸੁਰੱਖਿਆ ਵਿਭਾਗ ਨੇ ਮੰਗਲਵਾਰ ਨੂੰ ਅੰਤਰਿਮ ਅੰਤਿਮ ਨਿਯਮ ਦਾ ਐਲਾਨ ਕੀਤਾ, ਜੋ ਕਿ ਟਰੰਪ ਪ੍ਰਸ਼ਾਸਨ ਅਨੁਸਾਰ, ਅਮਰੀਕੀ ਵਰਕਰਾਂ ਨੂੰ ਬਚਾਊਣ, ਭਰੋਸਾ ਜਿੱਤਣ ਅਤੇ ਇਹ ਗਾਰੰਟੀ ਦੇਣ ਲਈ ਕੀਤਾ ਹੈ ਕਿ ਐੱਚ1-ਬੀ ਪਟੀਸ਼ਨਾਂ ਕੇਵਲ ਯੋਗ ਲਾਭਪਾਤਰੀਆਂ ਅਤੇ ਪਟੀਸ਼ਨਰਾਂ ਦੀਆਂ ਹੀ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਇਸ ਕਦਮ ਨਾਲ ਭਾਰਤ ਦੇ ਹਜ਼ਾਰਾਂ ਆਈਟੀ ਪ੍ਰੋਫੈਸ਼ਨਲ ਪ੍ਰਭਾਵਿਤ ਹੋਣਗੇ। ਹਾਊਸ ਜੁਡੀਸ਼ਰੀ ਕਮੇਟੀ ਦੇ ਚੇਅਰਮੈਨ ਜੇਰਲਡ ਨਡਲੇਰ ਨੇ ਅੱਜ ਕਿਹਾ, ‘‘ਚੋਣਾਂ ਵਿੱਚ 30 ਦਿਨਾਂ ਤੋਂ ਵੀ ਘੱਟ ਰਹਿ ਗਏ ਹਨ, ਟਰੰਪ ਪ੍ਰਸ਼ਾਸਨ ਨੇ ਐਲਾਨ ਕਰ ਦਿੱਤਾ ਕਿ ਊਹ ਐੱਚ1-ਬੀ ਵੀਜ਼ਾ ਪ੍ਰੋਗਰਾਮ ਵਿੱਚ ਕੀਤੀਆਂ ਵੱਡੀਆਂ ਤਬਦੀਲੀਆਂ ਲਾਗੂ ਕਰਨਗੇ ਅਤੇ ਊਹ ਅਜਿਹਾ ਆਮ ਨੋਟਿਸ ਅਤੇ ਟਿੱਪਣੀ ਪ੍ਰਕਿਰਿਆ ਰਾਹੀਂ ਕਰਨਗੇ, ਜੋ ਕਿ ਪ੍ਰਸ਼ਾਸਕੀ ਪ੍ਰਕਿਰਿਆ ਲਈ ਲੋੜੀਂਦੀ ਹੈ।’’ ਡੈਮੋਕ੍ਰੇਟ ਨੇ ਕਿਹਾ ਕਿ ਦਰੁਸਤੀ ਨਾਲ ਪ੍ਰੋਗਰਾਮ ਲਾਜ਼ਮੀ ਤੌਰ ’ਤੇ ਵਧੇਰੇ ਫਾਇਦੇਮੰਦ ਹੁੰਦਾ ਹੈ ਪ੍ਰੰਤੂ ਅਮਰੀਕੀ ਕਾਨੂੰਨ ਅਨੁਸਾਰ ਅਜਿਹੀਆਂ ਸੋਧਾਂ ਲਾਗੂ ਕਰਨ ਤੋਂ ਪਹਿਲਾਂ ਜਨਤਾ ਨੂੰ ਲੋੜੀਂਦੇ ਨੋਟਿਸ ਦੇਣੇ ਅਤੇ ਟਿੱਪਣੀਆਂ ਕਰਨ ਦਾ ਮੌਕਾ ਦੇਣਾ ਜ਼ਰੂਰੀ ਹੈ। ਇਸ ਨੂੰ ਸਿੱਧੇ ਤੌਰ ’ਤੇ ਕੇਵਲ ਅੰਤਰਿਮ ਅੰਤਿਮ ਨਿਯਮ ਨਹੀਂ ਬਣਾਇਆ ਜਾ ਸਕਦਾ ਹੈ।


Share