ਡੈਮੋਕ੍ਰੇਟ ਦੇ ਰਾਸ਼ਟਰਪਤੀ ਉਮੀਦਵਾਰ ਜੋਅ ਬਿਡੇਨ ਵੱਲੋਂ ਨਸਲੀ ਵਿਤਕਰਿਆਂ ਖ਼ਿਲਾਫ਼ ਜੰਗ ਦਾ ਅਹਿਦ

223
Share

ਵਿਲਮਿੰਗਟਨ, 30 ਜੁਲਾਈ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਿਡੇਨ ਨੇ ਕਿਹਾ ਕਿ ਉਨ੍ਹਾਂ ਦਾ ਆਰਥਿਕ ਏਜੰਡਾ ਲੰਬੇ ਸਮੇਂ ਤੋਂ ਚੱਲ ਰਹੇ ਨਸਲੀ ਵਿਤਕਰਿਆਂ ਨੂੰ ਨੱਥ ਪਾਵੇਗਾ। ਬਿਡੇਨ ਨੇ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਪਰਾਧ ਨੂੰ ਨੱਥ ਪਾਉਣ ਦੇ ਨਾਂ ‘ਤੇ ਮੁੱਖ ਸ਼ਹਿਰਾਂ ਵਿਚ ਫੈਡਰਲ ਅਧਿਕਾਰੀਆਂ ਨੂੰ ਭੇਜ ਕੇ ਦੇਸ਼ ਭਰ ਵਿਚ ਸਮਾਜਿਕ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੰਪ ਦੀ ਨਸਲੀ ਵਿਤਕਰੇ ਦੇ ਮਸਲੇ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਅਤੇ ਇਹ ਗੱਲ ਕੋਵਿਡ-19 ਦੌਰਾਨ ਸਾਬਤ ਹੋ ਗਈ ਹੈ ਕਿਉਂਕਿ ਸਿਆਹਫਾਮ ਲੋਕ ਮਹਾਮਾਰੀ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਚੋਣਾਵੀ ਵਰ੍ਹੇ ਦੌਰਾਨ ਵੀ ਸਿਆਹਫਾਮ ਲੋਕਾਂ ਵਿਰੁੱਧ ਪੁਲਿਸ ਹਿੰਸਾ ਹੋ ਰਹੀ ਹੈ। ਉਨ੍ਹਾਂ ਟਰੰਪ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ, ”ਉਹ ਆਰਥਿਕਤਾ ਦਾ ਪਾਸਾ ਨਹੀਂ ਪਲਟ ਸਕਦੇ। ਉਹ ਵੰਡੀਆਂ ਅਤੇ ਖੌਰੂ ਪਾਊਣ ਲਈ ਦ੍ਰਿੜ੍ਹ ਹਨ।” ਉਨ੍ਹਾਂ ਕਿਹਾ, ”ਇਹ ਮੁਲਕ ਲਈ ਸਹੀ ਨਹੀਂ ਹੈ, ਪਰ ਡੋਨਲਡ ਟਰੰਪ ਨੂੰ ਇਸ ਦੀ ਪ੍ਰਵਾਹ ਨਹੀਂ। ਉਨ੍ਹਾਂ ਦੀ ਪ੍ਰਚਾਰ ਮੁਹਿੰਮ ਡਗਮਗਾ ਗਈ ਹੈ ਅਤੇ ਉਹ ਕੋਈ ਜੀਵਨ ਰੇਖਾ ਲੱਭ ਰਹੇ ਹਨ।”


Share