ਡੇਰਾ ਮੁਖੀ ਨੂੰ ਹਾਈ ਕੋਰਟ ਵੱਲੋਂ ਝਟਕਾ

ਚੰਡੀਗੜ੍ਹ, 10 ਅਗਸਤ (ਪੰਜਾਬ ਮੇਲ)-ਹਾਈ ਕੋਰਟ ਵਿਚ ਰਿਵੀਜ਼ਨ ਪਟੀਸ਼ਨ ਪੈਂਡਿੰਗ ਹੋਣ ਦੇ ਚਲਦਿਆਂ ਸੀਬੀਆਈ ਕੋਰਟ ਵਲੋਂ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਆਖਰੀ ਫ਼ੈਸਲਾ ਨਾ ਸੁਣਾਏ ਜਾਣ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਪੰਜਾਬ-ਹਰਿਆਣਾ ਹਾਈ ਕੋਰਟ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੱਡਾ ਝਟਕਾ ਦਿੱਤਾ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਇਕ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਵਿਚ ਸੀਬੀਆਈ ਕੋਰਟ ਪੰਚਕੂਲਾ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਜਿਸ ਵਿਚ ਸੀਬੀਆਈ ਕੋਰਟ ਨੇ ਡੇਰਾ ਮੁਖੀ ਵਲੋਂ ਯੌਨ ਸ਼ੋਸ਼ਣ ਦਾ ਸ਼ਿਕਾਰ ਲੜਕੀ ਤੇ ਸੀਬੀਆਈ ਜਾਂਚ ਅਧਿਕਾਰੀ ਦੀ ਸਟੇਟਮੈਂਟ ਦੀ ਕਾਪੀ ਮੰਗੀ ਗਈ ਸੀ। ਡੇਰਾ ਮੁਖੀ ਨੇ ਜਦ ਪਿਛਲੇ ਮਹੀਨੇ ਇਹ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ ਜਿਸ ‘ਤੇ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਸੀ ਕਿ ਹਾਈ ਕੋਰਟ ਵਿਚ ਡੇਰਾ ਮੁਖੀ ਦੁਆਰਾ ਦਾਇਰ ਰਿਵੀਜ਼ਨ ਪਟੀਸ਼ਨ ਦਾ ਪੰਚਕੂਲਾ ਸੀਬੀਆਈ ਕੋਰਟ ਵਿਚ ਚਲ ਰਹੇ ਕੇਸ ਦੀ ਸੁਣਵਾਈ ‘ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਸੀਬੀਆਈ ਕੋਰਟ ਫ਼ੈਸਲਾ ਲੈਣ ਦੇ ਲਈ ਆਜ਼ਾਦ ਹੈ। ਹਾਈ ਕੋਰਟ ਨੇ ਇਸ ਬਾਰੇ ਵਿਚ ਸੀਬੀਆਈ ਕੋਰਟ ਨੂੰ ਸੂਚਿਤ ਕਰਨ ਦਾ ਵੀ ਆਦੇਸ਼ ਜਾਰੀ ਕੀਤਾ ਸੀ।