PUNJABMAILUSA.COM

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

 Breaking News

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ

ਡੂੰਘੇ ਸੰਕਟ ‘ਚੋਂ ਲੰਘ ਰਹੀ ਹੈ ਅਕਾਲੀ ਲੀਡਰਸ਼ਿਪ
November 14
10:28 2018

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਪੰਜਾਬ ਦੀ ਅਕਾਲੀ ਲੀਡਰਸ਼ਿਪ ਇਸ ਵੇਲੇ ਡੂੰਘੇ ਰਾਜਸੀ ਅਤੇ ਧਾਰਮਿਕ ਸੰਕਟ ਵਿਚੋਂ ਲੰਘ ਰਹੀ ਹੈ। ਲਗਭਗ 100 ਸਾਲ ਪਹਿਲਾਂ ਬਣੇ ਅਕਾਲੀ ਦਲ ਨੂੰ ਇਸ ਤਰ੍ਹਾਂ ਦੇ ਗੰਭੀਰ ਅਤੇ ਡੂੰਘੇ ਸੰਕਟ ਦਾ ਪਹਿਲਾਂ ਕਦੇ ਵੀ ਸਾਹਮਣਾ ਨਹੀਂ ਕਰਨਾ ਪਿਆ। ਇਸ ਵੇਲੇ ਅਕਾਲੀ ਲੀਡਰਸ਼ਿਪ ਖਾਸਕਰ ਪਿਛਲੇ ਦੋ-ਢਾਈ ਦਹਾਕੇ ਤੋਂ ਪਾਰਟੀ ਉਪਰ ਕਾਬਜ਼ ਹੋਏ ਬਾਦਲ ਪਰਿਵਾਰ ਨੂੰ ਬੜੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 10 ਸਾਲ ਪੰਜਾਬ ਅੰਦਰ ਰਾਜ ਭਾਗ ਕਰਨ ਸਮੇਂ ਦੌਰਾਨ ਉਨ੍ਹਾਂ ਉਪਰ ਦੋਸ਼ ਲੱਗੇ ਹਨ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਨੇ ਕੁਝ ਨਹੀਂ ਕੀਤਾ। ਉਲਟਾ ਸਗੋਂ ਬੇਅਦਬੀ ਘਟਨਾਵਾਂ ਕਰਨ ਵਾਲੇ ਡੇਰਾ ਸਿਰਸਾ ਦੇ ਪੈਰੋਕਾਰਾਂ ਦੀ ਪੁਸ਼ਤਪਨਾਹੀ ਕੀਤੀ ਗਈ ਅਤੇ ਇਸ ਮਾਮਲੇ ਉਪਰ ਸੰਘਰਸ਼ਸ਼ੀਲ ਪੰਥਕ ਸੰਗਠਨਾਂ ਦੇ ਆਗੂਆਂ ਉਪਰ ਪੁਲਿਸ ਵੱਲੋਂ ਤਸ਼ੱਦਦ ਢਾਹਿਆ ਗਿਆ, ਕੋਟਕਪੂਰਾ ਵਿਖੇ ਰੋਸ ਪ੍ਰਗਟ ਕਰ ਰਹੀ ਸੰਗਤ ਉਪਰ ਪਾਣੀ ਦੀਆਂ ਬੌਛਾੜਾਂ, ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ਅਤੇ ਫਿਰ ਉਸੇ ਦਿਨ ਬਹਿਬਲ ਕਲਾਂ ਵਿਖੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਦੋ ਸਿੱਖ ਨੌਜਵਾਨ ਮਾਰੇ ਗਏ ਅਤੇ ਅੱਧੀ ਦਰਜਨ ਦੇ ਕਰੀਬ ਗੰਭੀਰ ਰੂਪ ਵਿਚ ਜ਼ਖਮੀ ਹੋਏ। ਬੇਅਦਬੀ ਘਟਨਾਵਾਂ ਅਤੇ ਸਿੱਖਾਂ ਵਿਰੁੱਧ ਜ਼ਿਆਦਤੀਆਂ ਦਾ ਬਾਦਲ ਸਰਕਾਰ ਨੇ ਕਦੇ ਵੀ ਕੋਈ ਨੋਟਿਸ ਨਹੀਂ ਲਿਆ। ਹੁਣ ਤਾਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਥਾਵਾਂ ਉਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੋਏ ਡੇਰਾ ਸਰਸਾ ਦੇ ਪੈਰੋਕਾਰਾਂ ਨੂੰ ਸਰਕਾਰੀ ਸਰਪ੍ਰਸਤੀ ਵੀ ਹਾਸਲ ਸੀ। ਇਥੋਂ ਤੱਕ ਕਿ ਬਰਗਾੜੀ ਕਾਂਡ ਕਰਨ ਦੇ ਮੁੱਖ ਦੋਸ਼ੀ ਬਿੱਟੂ ਨੂੰ ਪੁਲਿਸ ਵੱਲੋਂ ਦੋ ਲਾਇਸੰਸੀ ਹਥਿਆਰ ਅਤੇ ਗੰਨਮੈਨ ਦਿੱਤੇ ਹੋਏ ਸਨ। ਇਸੇ ਤਰ੍ਹਾਂ ਇਨ੍ਹਾਂ ਘਟਨਾਵਾਂ ਲਈ ਹੁਕਮ ਦੇਣ ਵਾਲੇ ਡੇਰਾ ਸਰਸਾ ਸਾਧ ਦੇ ਪੀ.ਏ. ਨੂੰ ਸਰਕਾਰ ਨੇ ਜਿਪਸੀ ਅਤੇ ਗੰਨਮੈਨ ਦਿੱਤੇ ਹੋਏ ਸਨ। ਭਗਤਾ ਭਾਈਕਾ ਵਿਖੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਦੁਕਾਨਾਂ ਵੀ ਉਨ੍ਹਾਂ ਡੇਰਾ ਸਰਸਾ ਦੇ ਪੈਰੋਕਾਰਾਂ ਨੂੰ ਦਿੱਤੀਆਂ ਹੋਈਆਂ ਸਨ, ਜਿਹੜੇ ਹੁਣ ਬੇਅਦਬੀ ਮਾਮਲੇ ਵਿਚ ਫੜੇ ਗਏ ਹਨ ਅਤੇ ਇਹ ਪੈਰੋਕਾਰ ਸ਼੍ਰੋਮਣੀ ਕਮੇਟੀ ਦੀਆਂ ਦੁਕਾਨਾਂ ਵਿਚ ਪੰਥ ਵਿਚ ਛੇਕੇ ਗਏ ਡੇਰਾ ਸਾਧ ਦੀਆਂ ਤਸਵੀਰਾਂ ਸ਼ਰੇਆਮ ਲਗਾਈ ਬੈਠੇ ਸਨ। ਇਨ੍ਹਾਂ ਸੰਗੀਨ ਦੋਸ਼ਾਂ ਵਿਚ ਹੁਣ ਪੁਲਿਸ ਦੀ ਬਿਠਾਈ ਵਿਸ਼ੇਸ਼ ਜਾਂਚ ਟੀਮ ਨੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਨੂੰ ਵੀ ਪੁੱਛਗਿਛ ਵਿਚ ਸ਼ਾਮਲ ਹੋਣ ਲਈ ਸੰਮੰਨ ਭੇਜੇ ਹਨ। ਇਨ੍ਹਾਂ ਉਪਰ ਦੋਸ਼ ਹੈ ਕਿ ਅਕਸ਼ੈ ਕੁਮਾਰ ਨੇ ਵਿਚੋਲਗੀ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵਿਚਕਾਰ ਮੀਟਿੰਗ ਕਰਵਾਈ ਸੀ। ਇਸ ਮੀਟਿੰਗ ਵਿਚ ਡੇਰਾ ਮੁਖੀ ਨੂੰ ਮੁਆਫੀ ਦਿੱਤੇ ਜਾਣ ਲਈ 100 ਕਰੋੜ ਰੁਪਏ ਦਾ ਸੌਦਾ ਹੋਣ ਦੀ ਚਰਚਾ ਹੈ। ਇਹ ਗੱਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਵੀ ਦਰਜ ਕੀਤੀਆਂ ਗਈਆਂ ਹਨ। ਧਾਰਮਿਕ ਖੇਤਰ ਵਿਚ ਇਸ ਤਰ੍ਹਾਂ ਦੀ ਅਵੱਗਿਆ ਅਤੇ ਬੇਹੁਰਮਤੀ ਅਕਾਲੀ ਲੀਡਰਸ਼ਿਪ ਵੱਲੋਂ ਕੀਤੇ ਜਾਣ ਦੀ ਪਹਿਲਾਂ ਕਦੇ ਕੋਈ ਮਿਸਾਲ ਨਹੀਂ ਮਿਲਦੀ। ਇਨ੍ਹਾਂ ਸਾਰੀਆਂ ਘਟਨਾਵਾਂ ਦੇ ਨਤੀਜੇ ਵਜੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਬੁਰੀ ਤਰ੍ਹਾਂ ਮਾਤ ਖਾ ਜਾਣ ਬਾਅਦ ਵੀ ਮੌਜੂਦਾ ਅਕਾਲੀ ਲੀਡਰਸ਼ਿਪ ਨੇ ਕੋਈ ਸਬਕ ਨਹੀਂ ਸਿੱਖਿਆ। ਇਹੀ ਕਾਰਨ ਹੈ ਕਿ ਪਿਛਲੇ ਦਿਨਾਂ ਵਿਚ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਵਰਗੇ ਟਕਸਾਲੀ ਅਤੇ ਪੁਰਾਣੇ ਆਗੂਆਂ ਨੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਵਿਰੁੱਧ ਬਾਗੀ ਸੁਰਾਂ ਅਲਾਪਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਅਕਾਲੀ ਲੀਡਰਸ਼ਿਪ ਨੇ ਵੀ ਕਿਸੇ ਵੀ ਤਰ੍ਹਾਂ ਦੀ ਸੁਲਾਹ-ਸਫਾਈ ਵਾਲਾ ਰਸਤਾ ਅਪਣਾਉਣ ਅਤੇ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਦੀ ਸਵੈ-ਪੜਚੋਲ ਜਾਂ ਇਸ ਉਪਰ ਵਿਚਾਰ-ਚਰਚਾ ਕਰਨ ਦੀ ਬਜਾਏ, ਮਾਝੇ ਦੇ ਸਿਰ ਚੁੱਕਣ ਵਾਲੇ ਆਗੂਆਂ ਨੂੰ ਪਾਰਟੀ ਤੋਂ ਬਾਹਰ ਕਰਨ ਦਾ ਰਸਤਾ ਵਿਖਾ ਦਿੱਤਾ ਹੈ।
ਜੇ ਪਿਛਲੇ ਇਤਿਹਾਸ ‘ਤੇ ਝਾਤ ਮਾਰੀਏ, ਤਾਂ 1992 ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਉਪਰ ਆਪਣਾ ਏਕਾਅਧਿਕਾਰ ਜਮਾਉਣ ਦੀ ਮੁਹਿੰਮ ਆਰੰਭ ਕੀਤੀ ਸੀ। ਉਸ ਸਮੇਂ ਬਣੇ ਦਲ ਦਾ ਨਾਂ ਹੀ ਅਕਾਲੀ ਦਲ (ਬਾਦਲ) ਰੱਖਿਆ ਗਿਆ ਸੀ। ਉਸ ਸਮੇਂ ਅਕਾਲੀ ਦਲ ਕਈ ਧੜਿਆਂ ਵਿਚ ਵੰਡਿਆ ਹੋਇਆ ਸੀ। ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਹਮਾਇਤੀਆਂ ਦੀ ਅਕਾਲੀ ਏਕਤਾ ਲਈ ਸ਼ਰਤ ਹੀ ਇਹ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਮੰਨ ਕੇ ਹੀ ਏਕਤਾ ਹੋ ਸਕਦੀ ਹੈ। ਅਕਾਲੀ ਦਲ ਉਪਰ ਏਕਾਅਧਿਕਾਰ ਜਮਾਉਣ ਲਈ ਕਰੀਬ 1 ਦਹਾਕਾ ਲੱਗਿਆ ਅਤੇ ਇਸ ਮੁਹਿੰਮ ਦਾ ਜੇਤੂ ਬਿਗੁਲ 1999 ਵਿਚ ਖਾਲਸਾ ਸਾਜਨਾ ਦੇ 300 ਸਾਲਾ ਸਮਾਗਮਾਂ ਤੋਂ ਕੁੱਝ ਸਮਾਂ ਪਹਿਲਾਂ ਸਿੱਖ ਪੰਥ ਦੇ ਕੱਦਾਵਰ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਪਾਰਟੀ ਵਿਚੋਂ ਖਾਰਜ ਕੀਤੇ ਜਾਣ ਨਾਲ ਵਜਾਇਆ ਸੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਸ਼ਾਨੇ ਉੱਪਰ ਆਏ। ਆਪਣੀ ਮਰਜ਼ੀ ਦਾ ਜਥੇਦਾਰ ਥਾਪਣ ਲਈ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ। ਉਸ ਤੋਂ ਬਾਅਦ ਫਿਰ ਲਗਾਤਾਰ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਕਾਲੀ ਦਲ ਦੇ ਮੁਖੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਮੁੱਠੀ ਵਿਚੋਂ ਹੀ ਹੁੰਦੀ ਰਹੀ। ਅਕਾਲੀ ਦਲ ਦੇ ਮੁਖੀ ਦੇ ਹੱਥਾਂ ਵਿਚ ਸਿੱਖਾਂ ਦੇ ਸਾਰੇ ਸਿਆਸੀ ਅਤੇ ਧਾਰਮਿਕ ਅਧਿਕਾਰਾਂ ਦੇ ਕੇਂਦਰੀਕਰਣ ਨੇ ਫਿਰ ਸਿੱਖਾਂ ਦੀਆਂ ਸਿਰਮੌਰ ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸਾਹਿਬਾਨ ਨਾਲ ਹੀ ਅਕਾਲੀ ਦਲ ਦੀ ਸਾਖ ਨੂੰ ਵੱਡਾ ਖੋਰਾ ਲਾਇਆ। ਡੇਰਾ ਸਿਰਸਾ ਦੇ ਮੁਖੀ ਨੂੰ 2015 ਵਿਚ ਪਹਿਲਾਂ ਸਿਆਸੀ ਦਬਾਅ ਪਾ ਕੇ ਜਥੇਦਾਰ ਤੋਂ ਮੁਆਫੀ ਦਿਵਾਈ ਗਈ। ਫਿਰ ਜਦ ਵੱਡੀ ਗਿਣਤੀ ਸਿੱਖ ਸੰਗਤ ਨੇ ਇਸ ਮੁਆਫੀ ਦੇ ਫੈਸਲੇ ਨੂੰ ਪ੍ਰਵਾਨ ਨਾ ਕੀਤਾ, ਤਾਂ ਫੈਸਲਾ ਮੁੜ ਬਦਲਣ ਲਈ ਮਜਬੂਰ ਕੀਤਾ। ਸਿਆਸੀ ਅਤੇ ਧਾਰਮਿਕ ਖੇਤਰ ਵਿਚ ਮਨਮਰਜ਼ੀ ਦੇ ਕੀਤੇ ਗਏ ਅਜਿਹੇ ਫੈਸਲਿਆਂ ਨੇ ਅਕਾਲੀ ਲੀਡਰਸ਼ਿਪ ਨੂੰ ਵੱਡੇ ਸੰਕਟ ਦੇ ਮੂੰਹ ਪਾ ਦਿੱਤਾ।
ਅਸਲ ਵਿਚ ਅਕਾਲੀ ਦਲ ਸਿੱਖ ਇਤਿਹਾਸ, ਪ੍ਰੰਪਰਾਵਾਂ, ਮਰਿਆਦਾ ਅਤੇ ਧਾਰਮਿਕ ਅਕੀਦੇ ਉਪਰ ਚੱਲਣ ਲਈ ਹਮੇਸ਼ਾ ਪਾਬੰਦ ਰਿਹਾ ਹੈ। ਅਕਾਲੀ ਦਲ ਦੇ ਲੰਬੇ ਇਤਿਹਾਸ ਵਿਚ ਅਕਾਲੀ ਆਗੂ ਅਤੇ ਵਰਕਰ, ਪੰਜਾਬ ਅਤੇ ਸਿੱਖਾਂ ਦੇ ਮਸਲਿਆਂ ਉਪਰ ਲੰਬੀ ਜੱਦੋ-ਜਹਿਦ ਕਰਦੇ ਰਹੇ ਹਨ। ਹਜ਼ਾਰਾਂ ਨਹੀਂ, ਲੱਖਾਂ ਅਕਾਲੀ ਵਰਕਰਾਂ ਨੇ ਇਨ੍ਹਾਂ ਸੰਘਰਸ਼ਾਂ ਦੌਰਾਨ ਕੈਦਾਂ ਕੱਟੀਆਂ, ਬਹੁਤ ਸਾਰੇ ਲੋਕ ਸ਼ਹੀਦ ਹੋਏ ਅਤੇ ਅਨੇਕ ਤਰ੍ਹਾਂ ਦੇ ਆਰਥਿਕ ਸੰਕਟ ਝੱਲੇ। ਅਕਾਲੀ ਲੀਡਰਸ਼ਿਪ ਹਮੇਸ਼ਾ ਸਿੱਖੀ ਪ੍ਰਤੀ ਪ੍ਰਤੀਬੱਧਤਾ, ਸੰਘਰਸ਼ਸ਼ੀਲ ਅਤੇ ਤਿਆਗ ਦੀ ਮੂਰਤ ਮੰਨੀ ਜਾਂਦੀ ਰਹੀ ਹੈ। ਪਰ ਅੱਜ ਦੇ ਜ਼ਮਾਨੇ ਦੀ ਲੀਡਰਸ਼ਿਪ ਨੇ ਸੰਘਰਸ਼ ਅਤੇ ਤਿਆਗ ਨੂੰ ਲੱਗਦਾ ਹੈ ਕਿ ਲਗਭਗ ਤਿਲਾਂਜਲੀ ਹੀ ਦੇ ਦਿੱਤੀ ਹੈ। ਅਕਾਲੀ ਆਗੂਆਂ ਲਈ ਵੀ ਹੋਰਨਾਂ ਰਾਜਸੀ ਆਗੂਆਂ ਵਾਂਗ ਹੀ ਸਿਆਸਤ ਇਕ ਵਪਾਰ ਬਣ ਕੇ ਰਹਿ ਗਈ ਹੈ। ਬਾਦਲ ਪਰਿਵਾਰ ਉਪਰ ਪਿਛਲੇ ਸਮੇਂ ਦੌਰਾਨ ਰਾਜ ਭਾਗ ਦੌਰਾਨ ਅਥਾਹ ਪੂੰਜੀ ਇਕੱਠੀ ਕਰਨ ਦੇ ਦੋਸ਼ ਲੱਗ ਰਹੇ ਹਨ। ਇਸ ਸਮੇਂ ਦੌਰਾਨ ਪੰਜਾਬ ਅੰਦਰ ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਹੋਟਲ ਮਾਫੀਆ ਵਰਗੇ ਅਨੇਕ ਧੰਦਿਆਂ ਉਪਰ ਉਨ੍ਹਾਂ ਦੇ ਕਬਜ਼ੇ ਦੀ ਚਰਚਾ ਰਹੀ ਹੈ। ਇਸ ਵੇਲੇ ਪੰਜਾਬ ਅੰਦਰ ਬੱਸ ਟਰਾਂਸਪੋਰਟ ਦਾ ਵੱਡਾ ਹਿੱਸਾ ਸੁਖਬੀਰ ਬਾਦਲ ਦੀ ਮਾਲਕੀ ਹੇਠ ਹੈ। ਇਸ ਸਾਰੇ ਕੁੱਝ ਨੇ ਅਕਾਲੀ ਲੀਡਰਸ਼ਿਪ ਪ੍ਰਤੀ ਵੀ ਲੋਕਾਂ ਦੇ ਮਨਾਂ ਵਿਚਲਾ ਉਹ ਪ੍ਰਭਾਵ ਖਤਮ ਕਰ ਦਿੱਤਾ ਹੈ, ਜਿਹੜਾ ਕਦੇ ਸੰਤ ਹਰਚਰਨ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਸ. ਜਗਦੇਵ ਸਿੰਘ ਤਲਵੰਡੀ ਵਰਗੇ ਆਗੂਆਂ ਦਾ ਹੁੰਦਾ ਸੀ। ਅਕਾਲੀ ਆਗੂਆਂ ਦੀ ਜ਼ਿੰਦਗੀ ਬੜੀ ਸਾਦਗੀ ਅਤੇ ਲੋਕ ਸੇਵਾ ਵਾਲੀ ਹੁੰਦੀ ਸੀ। ਪਰ ਹੁਣ ਲੀਡਰਸ਼ਿਪ ਦਾ ਸਮੁੱਚਾ ਕਿਰਦਾਰ ਹੀ ਬਦਲ ਗਿਆ ਹੈ। ਸੇਵਾ ਭਾਵਨਾ ਦੀ ਥਾਂ ਮੁਨਾਫੇ ਅਤੇ ਵੱਡੀਆਂ ਜਾਇਦਾਦਾਂ ਬਣਾਉਣ ਨੇ ਲੈ ਲਈ ਹੈ। ਤਿਆਗ ਦੀ ਭਾਵਨਾ ਦੀ ਥਾਂ ਹੁਣ ਵੱਧ ਤੋਂ ਵੱਧ ਅਹੁਦਿਆਂ ਉਪਰ ਕਬਜ਼ਾ ਕਰਨ ਅਤੇ ਪਰਿਵਾਰਵਾਦ ਨੇ ਲੈ ਲਈ ਹੈ। ਇਸ ਸਮੇਂ ਅਕਾਲੀ ਦਲ ਦੇ ਸਮੁੱਚੇ ਢਾਂਚੇ ਉਪਰ ਬਾਦਲ ਪਰਿਵਾਰ ਦਾ ਹੀ ਕਬਜ਼ਾ ਹੈ। ਜਦ ਹੁਣ ਕੁਝ ਅਕਾਲੀ ਨੇਤਾਵਾਂ ਨੇ ਪਾਰਟੀ ਅੰਦਰ ਜਮਾਏ ਏਕਾਅਧਿਕਾਰ ਅਤੇ ਬੀਤੇ ਸਮੇਂ ਦੌਰਾਨ ਹੋਈਆਂ ਬਜਰ ਗਲਤੀਆਂ ਬਾਰੇ ਸਵਾਲ ਉਠਾਉਣੇ ਸ਼ੁਰੂ ਕੀਤੇ ਹਨ, ਤਾਂ ਪਾਰਟੀ ਉਪਰ ਏਕਾਅਧਿਕਾਰ ਜਮਾਈ ਬੈਠੀ ਲੀਡਰਸ਼ਿਪ ਦਾ ਲਾਲ-ਪੀਲੇ ਹੋਣਾ ਕੁਦਰਤੀ ਸੀ। ਇਹੀ ਕਾਰਨ ਹੈ ਕਿ ਇਸ ਨਵੀਂ ਉਭਰੀ ਅਕਾਲੀ ਲੀਡਰਸ਼ਿਪ ਨੇ ਪਾਰਟੀ ਅੰਦਰ ਉੱਠੇ ਰੋਸ ਅਤੇ ਅਸਹਿਮਤੀ ਵਾਲੇ ਵਿਚਾਰਾਂ ਨਾਲ ਗੱਲਬਾਤ ਕਰਨ ਅਤੇ ਸੁਲਾਹ-ਸਫਾਈ ਵਾਲਾ ਹੱਥ ਵਧਾਉਣ ਦੀ ਬਜਾਏ, ਰਗੜ ਸੁੱਟਣ ਦੀ ਪਹੁੰਚ ਅਪਣਾਈ ਹੈ। ਲੀਡਰਸ਼ਿਪ ਦੀ ਇਸ ਪਹੁੰਚ ਦਾ ਮਾਝਾ ਖੇਤਰ ਵਿਚ ਨਤੀਜਾ ਸਾਹਮਣੇ ਆ ਗਿਆ ਹੈ। ਬਹੁਤ ਸਾਰੇ ਆਗੂਆਂ ਦੇ ਪਾਰਟੀ ਵਿਚੋਂ ਬਾਹਰ ਚਲੇ ਜਾਣ ਕਾਰਨ ਮਾਝੇ ਵਿਚ ਅਕਾਲੀ ਦਲ ਨੂੰ ਵੱਡੀ ਦਿੱਕਤ ਖੜ੍ਹੀ ਹੋਵੇਗੀ। ਪਰ ਇਹ ਗੱਲ ਸਿਰਫ ਮਾਝਾ ਖੇਤਰ ਤੱਕ ਹੀ ਨਹੀਂ, ਹੁਣ ਮਾਲਵਾ ਖੇਤਰ ਦੇ ਬਹੁਤ ਸਾਰੇ ਆਗੂ ਵੀ ਲੀਡਰਸ਼ਿਪ ਵੱਲ ਉਂਗਲਾਂ ਉਠਾਉਣ ਲੱਗੇ ਹਨ। ਅਕਾਲੀ ਲੀਡਰਸ਼ਿਪ ਨੇ ਜੇਕਰ ਸਾਰੇ ਹਾਲਾਤ ਨੂੰ ਠੀਕ ਕਰਨ ਲਈ ਯੋਗ ਕਦਮ ਨਾ ਉਠਾਏ, ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ।

About Author

Punjab Mail USA

Punjab Mail USA

Related Articles

ads

Latest Category Posts

    ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

ਟਰੰਪ ਵੱਲੋਂ ਰਾਸ਼ਟਰਪਤੀ ਦੀ ਚੋਣ ਮੁਹਿੰਮ ਦੌਰਾਨ ਰੂਸੀ ਗੰਢ-ਤੁੱਪ ਤੋਂ ਇਕ ਵਾਰ ਮੁੜ ਨਾਂਹ

Read Full Article
    ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

ਅਮਰੀਕਾ ‘ਚ ਕਤਲ ਦੇ ਦੋਸ਼ੀ ਨੇ ਇਲੈਕਟ੍ਰਿਕ ਚੇਅਰ ਨਾਲ ਮਰਨ ਦੀ ਕੀਤੀ ਮੰਗ

Read Full Article
    ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

ਸੀਨੀਅਰ ਬੁਸ਼ ਨੂੰ ਪਤਨੀ ਬਾਰਬਰਾ ਦੀ ਕਬਰ ਨੇੜੇ ਦਫਨਾਇਆ ਗਿਆ

Read Full Article
    ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

ਪਰਵਾਸੀਆਂ ਨੂੰ ਪਨਾਹ ਨਾ ਦੇਣ ਵਾਲੇ ਟਰੰਪ ਦੇ ਆਦੇਸ਼ ‘ਤੇ ਅਮਰੀਕੀ ਅਦਾਲਤ ਨੇ ਲਗਾਈ ਰੋਕ

Read Full Article
    ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

ਉੱਤਰੀ ਅਮਰੀਕਾ ਵਿਚ ਪੁਸਤਕ ਪ੍ਰਦਰਸ਼ਨੀਆਂ ਨੂੰ ਭਰਵਾਂ ਹੁੰਗਾਰਾ

Read Full Article
    ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੀਐਨਐਨ ਦਫ਼ਤਰ ਖਾਲੀ ਕਰਵਾਇਆ

Read Full Article
    ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

ਕਰਤਾਰਪੁਰ ਲਾਂਘਾ: ਸਿੱਧੂ ਦਾ ਸਿਆਸੀ ਕੱਦ ਹੋਇਆ ਉੱਚਾ

Read Full Article
    ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ, ਸੈਕਰਾਮੈਂਟੋ ਵੱਲੋਂ ਹਾਕੀ ਟੂਰਨਾਮੈਂਟ ਦਾ ਆਯੋਜਨ

Read Full Article
    ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

ਐਸ਼ ਕਾਲੜਾ ਸਮੇਤ ਕੈਲੀਫੋਰਨੀਆ ਦੇ 6 ਅਸੈਂਬਲੀ ਮੈਂਬਰ ਭਾਰਤ ਦੌਰੇ ‘ਤੇ

Read Full Article
    ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

ਕਲੂਸਾ ਲੀਡਰਸ਼ਿਪ ਕੈਂਪ ਦੌਰਾਨ ਅਮਰੀਕਾ ਭਰ ਤੋਂ ਆਗੂ ਹੋਏ ਸ਼ਾਮਲ

Read Full Article
    ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

ਮੇਅਰ ਸਟੀਵ ਲੀ ਵੱਲੋਂ ਸਮਾਜਿਕ ਸੰਸਥਾਵਾਂ ਲਈ ਕੀਤਾ ਗਿਆ ਫੰਡ ਰੇਜ਼ਿੰਗ

Read Full Article
    ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

ਗਾਲਟ ਸਿਟੀ ਦੇ ਨਵੇਂ ਚੁਣੇ ਗਏ ਕੌਂਸਲ ਮੈਂਬਰ ਪਰਗਟ ਸੰਧੂ ਨੇ ਸਹੁੰ ਚੁੱਕੀ

Read Full Article
    ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

ਕਮਲਾ ਹੈਰਿਸ ਕਰੇਗੀ ਰਾਸ਼ਟਰਪਤੀ ਚੋਣ ਲੜਨ ਬਾਰੇ ਫ਼ੈਸਲਾ

Read Full Article
    ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

ਮੋਦੀ ਨੂੰ ਘੱਟ ਗਿਣਤੀਆਂ ‘ਤੇ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਅਪੀਲ

Read Full Article
    ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

ਅਮਰੀਕੀ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ੇ ਸਬੰਧੀ ਕਾਰਵਾਈ ਵਿਚ ਬਦਲਾਅ ਦਾ ਮਤਾ ਪੇਸ਼

Read Full Article