ਡੀ.ਜੀ.ਪੀ ਸੁਰੇਸ਼ ਅਰੋੜਾ ਵੱਲੋਂ ਦਸਵੀਂ ਜਮਾਤ ‘ਚੋਂ ਦੇਸ਼ ‘ਚ ਦੂਜੇ ਨੰਬਰ ‘ਤੇ ਰਹੀ ਜੈਸਮੀਨ ਕੌਰ ਦਾ ਸਨਮਾਨ ਤੇ ਤੋਹਫੇ ਵਜੋਂ ਲੈਪਟਾਪ ਪ੍ਰਦਾਨ

ਚੰਡੀਗੜ੍ਹ, 24 ਮਈ (ਪੰਜਾਬ ਮੇਲ)- ਪੰਜਾਬ ਪੁਲਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਅੱਜ ਆਈ.ਸੀ.ਐੱਸ.ਈ. ਦੀ ਦਸਵੀਂ ਜਮਾਤ ਦੇ ਨਤੀਜੇ ਵਿੱਚੋਂ ਪੂਰੇ ਦੇਸ਼ ਵਿੱਚ ਦੂਜੇ ਨੰਬਰ ‘ਤੇ ਆਈ ਵਿਦਿਆਰਥਣ ਜੈਸਮੀਨ ਕੌਰ ਚਾਹਲ ਦਾ ਅੱਜ ਇੱਥੇ ਪੰਜਾਬ ਪੁਲਿਸ ਹੈਡ ਕੁਆਰਟਰ ਵਿਖੇ ਸਨਮਾਨ ਕੀਤਾ। ਸੇਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਦੀ ਵਿਦਿਆਰਥਣ ਜੈਸਮੀਨ ਨੇ ਇਸ ਪ੍ਰੀਖਿਆ ਵਿੱਚ 99 ਫੀਸਦੀ ਅੰਕ ਪ੍ਰਾਪਤ ਕੀਤੇ ਹਨ।
ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਡੀ.ਜੀ.ਪੀ. ਨੇ ਵਿਦਿਆਰਥਣ ਜੈਸਮੀਨ ਕੌਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਪੰਜਾਬ ਦੀ ਇਸ ਹੋਣਹਾਰ ਵਿਦਿਆਰਥਣ ਦੀ ਇਹ ਵਿਲੱਖਣ ਪ੍ਰਾਪਤੀ ਪੰਜਾਬ ਖਾਸ ਕਰਕੇ ਪੰਜਾਬ ਪੁਲਿਸ ਦੇ ਪ੍ਰਬੰਧ ਹੇਠ ਚੱਲਦੇ ਸਕੂਲਾਂ ਦੇ ਬੱਚਿਆਂ ਲਈ ਪ੍ਰੇਰਣਾ ਸਰੋਤ ਸਾਬਤ ਹੋਵੇਗੀ। ਡੀ.ਜੀ.ਪੀ. ਨੇ ਇਸ ਮੌਕੇ ਆਪਣੀ ਪੜ੍ਹਾਈ ਅਤੇ ਨੌਕਰੀ ਦੌਰਾਨ ਤਜ਼ਰਬੇ ਸਾਂਝੇ ਕਰਦਿਆਂ ਜੈਸਮੀਨ ਅਤੇ ਉਸਦੇ ਮਾਪਿਆਂ ਨੂੰ ਕਿਹਾ ਕਿ ਉਹ ਇਸ ਹੋਣਹਾਰ ਵਿਦਿਆਰਥਣ ਨੂੰ ਭਵਿੱਖ ਵਿੱਚ ਵੀ ਬਿਹਤਰ ਮੌਕੇ ਮੁਹੱਈਆ ਕਰਵਾਉਣ ਤਾਂ ਜੋ ਉਹ ਉਚੇਰੀ ਪੜ੍ਹਾਈ ਦੌਰਾਨ ਹੋਰ ਵੱਡੀਆਂ ਮੱਲਾਂ ਮਾਰ ਸਕੇ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਸਕੇ।
ਡੀ.ਜੀ.ਪੀ. ਅਰੋੜਾ ਅਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਬੀ.ਕੇ. ਉੱਪਲ ਨੇ ਇਸ ਮੌਕੇ ਜੈਸਮੀਨ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇਕ ਲੈਪਟਾਪ ਵੀ ਤੋਹਫ਼ੇ ਵਜੋਂ ਭੇਟ ਕੀਤਾ। ਦੱਸਣਯੋਗ ਹੈ ਕਿ ਜੈਸਮੀਨ ਦੇ ਪਿਤਾ ਕਰਮਵੀਰ ਸਿੰਘ ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਕਪੂਰਥਲਾ ਅਤੇ ਮਾਤਾ ਗੁਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਹਾਊਸ ਜਲੰਧਰ ਵਿਖੇ ਅੰਗਰੇਜ਼ੀ ਦੇ ਲੈਕਚਰਾਰ ਹਨ।
ਇਸ ਮੌਕੇ ਜੈਸਮੀਨ ਨੇ ਦੱਸਿਆ ਕਿ ਉਹ ਬਾਰ੍ਹਵੀਂ ਜਮਾਤ ਨਾਨ-ਮੈਡੀਕਲ ਵਿਸ਼ਿਆਂ ਸਮੇਤ ਕੰਪਿਊਟਰ ਦੀ ਪੜ੍ਹਾਈ ਕਰੇਗੀ। ਬਾਰ੍ਹਵੀਂ ਤੋਂ ਬਾਅਦ ਉਸ ਦਾ ਇਰਾਦਾ ਆਈ.ਆਈ.ਟੀ. ਵਿੱਚ ਦਾਖ਼ਲਾ ਪ੍ਰਾਪਤ ਕਰਨ ਦਾ ਹੈ। ਉਸ ਨੇ ਦੱਸਿਆ ਕਿ ਲਗਾਤਾਰ ਸਖ਼ਤ ਮਿਹਨਤ ਕਰਦੇ ਰਹਿਣ ਕਾਰਨ ਹੀ ਉਸ ਨੂੰ ਇਹ ਪ੍ਰਾਪਤੀ ਹਾਸਲ ਹੋਈ ਹੈ।
ਇਸ ਮੌਕੇ ਹਾਜ਼ਰ ਡੀ.ਜੀ.ਪੀ. ਪ੍ਰਬੰਧ ਐਮ.ਕੇ. ਤਿਵਾੜੀ, ਏ.ਡੀ.ਜੀ.ਪੀ ਭਲਾਈ ਸੰਜੀਵ ਕੁਮਾਰ ਕਾਲੜਾ, ਏ.ਡੀ.ਜੀ.ਪੀ. ਲਿਟੀਗੇਸ਼ਨ ਗੁਰਪ੍ਰੀਤ ਕੌਰ ਦਿਓ ਅਤੇ ਐਸ.ਐਸ.ਪੀ. ਵਿਜੀਲੈਂਸ ਬਿਊਰੋ ਜਲੰਧਰ ਦਿਲਜਿੰਦਰ ਸਿੰਘ ਢਿੱਲੋਂ ਸਮੇਤ ਲੜਕੀ ਦੇ ਮਾਤਾ-ਪਿਤਾ ਵੀ ਮੌਕੇ ‘ਤੇ ਹਾਜ਼ਰ ਸਨ।