ਡਾ. ਪਰਮਜੀਤ ਅਜਰਾਵਤ ਨੂੰ ਫਰਾਡ ਕੇਸ ‘ਚ 9 ਸਾਲ ਕੈਦ

ਵਾਸ਼ਿੰਗਟਨ ਡੀ.ਸੀ, 20 ਅਪ੍ਰੈਲ (ਸੁਖਮਿੰਦਰ ਸਿੰਘ ਚੀਮਾ/ਪੰਜਾਬ ਮੇਲ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਦੇ ਉਪ ਨਗਰ ਗਰੀਨ ਬੈਲਟ ਟਾਊਨ ਦੇ ਉੱਘੇ ਸਿੱਖ ਡਾਕਟਰ ਨੂੰ ਅਦਾਲਤ ਨੇ ਹੈਲਥ ਫਰਾਡ ਦੇ ਦੋਸ਼ ਹੇਠ 9 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮੈਰੀਲੈਂਡ ਦੀ ਫੈਡਰਲ ਕੋਰਟ ਨੇ ਡਾ. ਪਰਮਜੀਤ ਸਿੰਘ ਅਜਰਾਵਤ ਨੂੰ ਸਜ਼ਾ ਸੁਣਾਉਂਦਿਆਂ ਹੁਕਮ ਦਿੱਤਾ ਕਿ ਉਸ ਕੋਲੋਂ ਸਰਕਾਰੀ ਖਜ਼ਾਨੇ ਦੀ ਭਰਪਾਈ ਲਈ ਤਕਰੀਬਨ 3 ਮਿਲੀਅਨ ਡਾਲਰ ਹਰਜਾਨੇ ਵਜੋਂ ਵਸੂਲ ਕੀਤੇ ਜਾਣ।
ਅੰਮ੍ਰਿਤਸਰ ਦੇ ਜੰਮਪਲ ਡਾ. ਪਰਮਜੀਤ ਸਿੰਘ ਅਜਰਾਵਤ ਅਤੇ ਉਨ੍ਹਾਂ ਦੀ ਪਤਨੀ ਸੁਖਵੀਨ ਕੌਰ ਅਜਰਾਵਤ ਜੋੜਾਂ ਦੇ ਦਰਦਾਂ ਦੇ ਮਾਹਿਰ ਹਨ ਤੇ ‘ਵਾਸ਼ਿੰਗਟਨ ਪੇਨ ਮੈਨੇਜਮੈਂਟ’ ਕਲੀਨਿਕ ਚਲਾਉਂਦੇ ਹਨ। ਉਨ੍ਹਾਂ ਨੇ ਜਾਅਲੀ ਬਿੱਲ ਬਣਾ ਕੇ ਹੈਲਥ ਇੰਸ਼ੋਰੈਂਸ ਅਤੇ ਸਿਹਤ ਵਿਭਾਗ ਨੂੰ 2,329,109 ਡਾਲਰ ਦਾ ਚੂਨਾ ਲਗਾਇਆ ਸੀ। ਸਰਕਾਰੀ ਵਕੀਲ ਰੌਬ ਰੋਸਨਸਟੇਨ ਨੇ ਜਿਊਰੀ ਨੂੰ ਦੱਸਿਆ ਕਿ ਡਾਕਟਰ ਜੋੜਾ ਅਜਿਹੇ ਇਲਾਜ ਦੇ ਬਿੱਲ ਬਣਾ ਕੇ ਭੇਜਦਾ ਸੀ, ਜੋ ਉਨ੍ਹਾਂ ਦੀ ਕਲੀਨਿਕ ‘ਚ ਹੁੰਦਾ ਨਹੀਂ ਸੀ ਜਾਂ ਅਜਿਹੇ ਮਰੀਜ਼ਾਂ ਦੇ ਇਲਾਜ ਦੇ ਬਿੱਲ ਕੈਸ਼ ਕਰਵਾਏ ਜਾਂਦੇ, ਜੋ ਉਨ੍ਹਾਂ ਦੇ ਕਲੀਨਿਕ ਇਲਾਜ ਲਈ ਗਏ ਨਹੀਂ ਸਨ। ਇਹ ਸਿਲਸਿਲਾ 2008 ਤੋਂ 2014 ਤੱਕ ਚੱਲਦਾ ਰਿਹਾ। ਫਰਾਡ ਦਾ ਸ਼ੱਕ ਪੈਣ ‘ਤੇ ਅਮਰੀਕਾ ਦੀ ਐੱਫ.ਬੀ.ਆਈ. ਨੇ ਮਾਮਲੇ ਦੀ ਪੜਤਾਲ ਕੀਤੀ ਸੀ ਅਤੇ 60 ਸਾਲਾ ਡਾ. ਪਰਮਜੀਤ ਸਿੰਘ ਅਜਰਾਵਤ ਅਤੇ ਉਨ੍ਹਾਂ ਦੀ ਪਤਨੀ 58 ਸਾਲਾ ਸੁਖਵੀਨ ਕੌਰ ਅਜਰਾਵਤ ਨੂੰ ਫਰਾਡ, ਪੁਲਿਸ ਨੂੰ ਗੁੰਮਰਾਹ ਕਰਨ ਅਤੇ ਨਿਆਂਪਾਲਿਕਾ ਦੇ ਕੇਸ ‘ਚ ਅੜਿੱਕਾ ਪਾਉਣ ਦੇ ਦੋਸ਼ ਹੇਠ ਚਾਰਜਸ਼ੀਟ ਕਰ ਲਿਆ ਗਿਆ।
ਪਿਛਲੇ ਸਾਲ ਸਤੰਬਰ, 2015 ਵਿਚ ਫੈਡਰਲ ਕੋਰਟ ਦੀ ਜਿਊਰੀ ਨੇ 2 ਹਫਤਿਆਂ ਦੀ ਸੁਣਵਾਈ ਪਿੱਛੋਂ ਅਜਰਾਵਤ ਜੋੜੇ ਨੂੰ ਦੋਸ਼ੀ ਕਰਾਰ ਦਿੱਤਾ ਸੀ। ਦੋਵਾਂ ਨੂੰ 1 ਫਰਵਰੀ, 2016 ਵਾਲੇ ਦਿਨ ਸਜ਼ਾ ਸੁਣਾਈ ਜਾਣੀ ਸੀ ਪਰ ਡਾ. ਸੁਖਵੀਨ ਕੌਰ ਦੀ ਮੌਤ ਹੋ ਜਾਣ ਕਾਰਨ ਇਹ ਐਲਾਨ ਟਾਲ ਦਿੱਤਾ ਗਿਆ ਸੀ।
ਸਰਕਾਰੀ ਵਕੀਲ ਨੇ ਡਾ. ਪਰਮਜੀਤ ਸਿੰਘ ਲਈ 20 ਸਾਲ ਕੈਦ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਮਾਨਯੋਗ ਜੱਜ ਡੀਬੋਰਹਾ ਚੇਸਾਨਓਨੇ ਨੇ ਨਰਮੀ ਵਰਤਦਿਆਂ ਉਨ੍ਹਾਂ 9 ਸਾਲ ਲਈ ਜੇਲ੍ਹ ਭੇਜ ਦਿੱਤਾ। ਡਾ. ਪਰਮਜੀਤ ਸਿੰਘ ਦੀ ਗਿਣਤੀ ਅਮਰੀਕਾ ਦੇ ਨਾਮੀ ਸਿੱਖ ਨੇਤਾ ਵਿਚ ਵੀ ਹੁੰਦੀ ਹੈ। ਉਹ ਖਾਲਿਸਤਾਨ ਪੱਖੀ ਸੰਸਥਾ ‘ਐਂਟੀ ਡੈਫਮੇਸ਼ਨ ਸਿੱਖ ਕੌਂਸਲ ਫਾਰ ਫਰੀਡਮ ਆਫ ਖਾਲਿਸਤਾਨ’ ਦੇ ਪ੍ਰਧਾਨ ਹਨ। ਉਨ੍ਹਾਂ ਦਾ ਨਾਂ ਕਾਲੀ ਸੂਚੀ ਵਿਚ ਦਰਜ ਹੈ।
There are no comments at the moment, do you want to add one?
Write a comment